ਜੰਮੂ ਕਸ਼ਮੀਰ ਵਿੱਚ ਨਗਰ ਕੌਂਸਲਾਂ ਲਈ ਵੋਟਾਂ ਦੇ ਤੀਜੇ ਗੇੜ ਦੌਰਾਨ ਅੱਜ ਵਾਦੀ ਵਿੱਚ ਸਿਰਫ 3.49 ਫੀਸਦੀ ਮਤਦਾਨ ਹੋਇਆ ਤੇ ਜੰਮੂ ਖਿੱਤੇ ਵਿੱਚ ਸਾਂਬਾ ਜ਼ਿਲ੍ਹੇ ਵਿੱਚ ਸਭ ਤੋਂ ਵੱਧ 82 ਫੀਸਦੀ ਵੋਟਰਾਂ ਨੇ ਆਪਣੇ ਜਮਹੂਰੀ ਹੱਕ ਦੀ ਵਰਤੋਂ ਕੀਤੀ। ਅੱਜ ਜੰਮੂ ਖੇਤਰ ਦੇ ਦਸ ਜ਼ਿਲ੍ਹਿਆਂ ਵਿੱਚ ਵੋਟਾਂ ਪੈਣ ਦਾ ਕੰਮ ਸ਼ਾਂਤਮਈ ਢੰਗ ਨਾਲ ਪੂਰਾ ਹੋ ਗਿਆ ਹੈ। ਵਾਦੀ ’ਚ ਸਰਹੱਦੀ ਕਸਬੇ ਉੜੀ ਨੇ ਸਾਰੇ ਰੁਝਾਨਾਂ ਨੂੰ ਉਲਟਾਅ ਦਿੱਤਾ ਤੇ ਇੱਥੇ 75.34 ਫੀਸਦੀ ਵੋਟਰਾਂ ਨੇ ਮਤਦਾਨ ਕੀਤਾ। ਚੌਥੇ ਗੇੜ ਦੀਆਂ ਵੋਟਾਂ ਵਾਦੀ ਦੇ ਛੇ ਜ਼ਿਲ੍ਹਿਆਂ ਵਿੱਚ 16 ਅਕਤੂਬਰ ਨੂੰ ਪੈਣਗੀਆਂ। ਸ੍ਰੀਨਗਰ ਮਿਊਂਸਿਪਲ ਕਾਰਪੋਰੇਸ਼ਨ(ਐੱਸਐੱਮਸੀ) ਦੇ 20 ਵਾਰਡਾਂ ਲਈ ਅੱਜ ਵੋਟਾਂ ਪਈਆਂ ਪਰ ਇਹ ਪ੍ਰਤੀਸ਼ਤਤਾ ਸਿਰਫ 1.84 ਰਹੀ ਅਤੇ ਇੱਥੇ 1.53 ਲੱਖ ਵੋਟਰ ਸਨ। ਇਹ ਜਾਣਕਾਰੀ ਚੋਣ ਅਧਿਕਾਰੀਆਂ ਨੇ ਦਿੱਤੀ ਹੈ। ਸਰਕਾਰੀ ਤੌਰ ਉੱਤੇ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਪੁਰਾਣੇ ਸ਼ਹਿਰ ਵਿਚ ਸਥਿਤ ਸਫਾਕਾਦਲ ਅਤੇ ਸਿਵਲ ਲਾਈਨਜ਼ ਦੇ ਚਾਨਾਪੋਰਾ ਵਾਰਡਾਂ ਵਿੱਚ ਦਸ- ਦਸ ਤੋਂ ਵੀ ਘੱਟ ਵੋਟਾ ਪਈਆਂ ਹਨ। ਸਵੇਰੇ ਛੇ ਵਜੇ ਤੋਂ ਲੈ ਕੇ ਸ਼ਾਮ ਚਾਰ ਵਜੇ ਤੱਕ ਪਈਆਂ 11 ਵਾਰਡਾਂ ਵਿੱਚ ਸਿਰਫ 100 ਤੋਂ ਵੀ ਘੱਟ ਵੋਟਾਂ ਪਈਆਂ ਹਨ। ਉੜੀ ਵਿੱਚ ਕੁਲ 3422 ਵੋਟਰ ਹਨ ਤੇ ਇੱਥੇ 75.34 ਫੀਸਦੀ ਮਤਦਾਨ ਹੋਇਆ। ਆਨੰਤਨਾਗ ਵਿੱਚ ਸਿਰਫ 2.81 ਫੀਸਦੀ ਵੋਟਾਂ ਪਈਆਂ।
INDIA ਵਾਦੀ ’ਚ 8.3 ਅਤੇ ਸਾਂਬਾ ’ਚ 82 ਫੀਸਦੀ ਮਤਦਾਨ