ਆਸਟਰੇਲੀਆ ਦੇ 110 ਸ਼ਹਿਰਾਂ, ਪਿੰਡਾਂ, ਕਸਬਿਆਂ ਅਤੇ ਮੁਲਕ ਭਰ ਵਿੱਚ ਸੰਸਦ ਮੈਂਬਰਾਂ ਦੇ ਦਫ਼ਤਰਾਂ ਮੂਹਰੇ ਅੱਜ ਲੱਖਾਂ ਲੋਕਾਂ ਨੇ ਵਾਤਾਵਰਨ ਤਬਦੀਲੀ ਵਿਰੁੱਧ ਰੈਲੀਆਂ ਕੱਢੀਆਂ। ਇਸ ਵਿੱਚ ਸਿਆਸਤਦਾਨਾਂ ਦੇ ਕੰਨ ਖੋਲ੍ਹਦੇ ਇਕੱਠਾਂ ਨੇ ਮੁੱਖ ਸ਼ਹਿਰਾਂ ਵਿੱਚ ਜਾਮ ਲਗਾ ਦਿੱਤਾ। ਇਕੱਲੇ ਮੈਲਬਰਨ ਵਿੱਚ ਸਭ ਤੋਂ ਵੱਧ ਕਰੀਬ ਇੱਕ ਲੱਖ ਲੋਕ ਰੈਲੀ ਵਿੱਚ ਸ਼ਾਮਲ ਹੋਏ ਜਿਨ੍ਹਾਂ ਵਿੱਚ ਵੱਡੀ ਗਿਣਤੀ ਸਕੂਲੀ ਵਿਦਿਆਰਥੀਆਂ ਦੀ ਸੀ। ਧਰਤੀ ’ਤੇ ਆਪਣੇ ਭਵਿੱਖ ਨੂੰ ਲੈ ਕੇ ਚਿੰਤਤ ਪ੍ਰਦਰਸ਼ਨਕਾਰੀ ਬੱਚਿਆਂ ਦੀਆਂ ਸਾਂਝੀਆਂ ਤਿੰਨ ਮੰਗਾਂ ਵਿੱਚ ਨਵੇਂ ਕੋਲੇ ਸਮੇਤ ਤੇਲ, ਗੈਸ ਦੀ ਨਿਕਾਸੀ ’ਤੇ ਤੁਰੰਤ ਪਾਬੰਦੀ (ਜਿਸ ਵਿੱਚ ਭਾਰਤੀ ਵਪਾਰੀ ਗੌਤਮ ਅਡਾਨੀ ਦੇ ਆਸਟਰੇਲੀਆ ਵਿੱਚ ਲੱਗ ਰਹੇ 16 ਅਰਬ ਡਾਲਰ ਦੇ ਕੋਲਾ ਖਾਣ ਪ੍ਰਾਜੈਕਟ ਨੂੰ ਬੰਦ ਕਰਨਾ), 2030 ਤੱਕ ਸੌ ਫ਼ੀਸਦ ਨਵਿਆਉਣਯੋਗ ਊਰਜਾ ਸਰੋਤਾਂ ਨੂੰ ਪੂਰਨ ਵਰਤੋਂ ਵਿੱਚ ਲਿਆਉਣਾ ਅਤੇ ਇਨ੍ਹਾਂ ਸਰੋਤਾਂ ਵਿੱਚ ਨੌਕਰੀਆਂ ਯਕੀਨੀ ਬਣਾਉਣਾ ਸ਼ਾਮਿਲ ਸਨ। ਰੈਲੀ ਵਿੱਚ ਸ਼ਾਮਲ 16 ਸਾਲ ਦੇ 12ਵੀਂ ਵਿੱਚ ਪੜ੍ਹਦੇ ਜਸਟਿਨ ਦਾ ਕਹਿਣਾ ਸੀ ਕਿ ਸਰਕਾਰਾਂ ਦਾ ਵਾਤਾਵਰਨ ਤਬਦੀਲੀ ਪ੍ਰਤੀ ਨਾਂਹ-ਪੱਖੀ ਵਤੀਰਾ ਹੈ ਜਦਕਿ ਸਾਡਾ ਸਭ ਦਾ ਭਵਿੱਖ ਦਾਅ ’ਤੇ ਲੱਗਿਆ ਹੈ। ਸਕੂਲੀ ਬੱਚਿਆਂ ਦੇ ਵਾਤਾਵਰਨ ਪੱਖੀ ਇਨ੍ਹਾਂ ਇਕੱਠਾਂ ਤੋਂ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਨਾਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ। ਪ੍ਰਦਰਸ਼ਨ ਵਿੱਚ ਸ਼ਾਮਲ ਹੋਏ 97 ਸਾਲਾ ਬਜ਼ੁਰਗ ਨੇ ਕਿਹਾ ਕਿ ਬੱਚਿਆਂ ਨੂੰ ਧਰਤੀ ’ਤੇ ਆਪਣਾ ਭਵਿੱਖ ਸੁਰੱਖਿਅਤ ਕਰਨ ਲਈ ਆਵਾਜ਼ ਬੁਲੰਦ ਕਰਨ ਦਾ ਪੂਰਾ ਹੱਕ ਹੈ। ਜ਼ਿਕਰਯੋਗ ਹੈ ਕਿ ਆਸਟਰੇਲੀਆ ਦੀ ਮੌਜੂਦਾ ਸਰਕਾਰ ’ਤੇ ਪੈਰਿਸ ਸਮਝੌਤੇ ਤੋਂ ਪਿੱਛੇ ਹਟਣ ਦੀਆਂ ਕੋਸ਼ਿਸ਼ਾਂ ਤੇ ਪ੍ਰਦੂਸ਼ਣ ਨਿਕਾਸੀ ਵਿੱਚ ਮਿੱਥੇ ਟੀਚਿਆਂ ’ਤੇ ਕਾਇਮ ਨਾ ਰਹਿਣ ਮਗਰੋਂ ਮੁਲਕ ਦੇ ਵੱਡੇ ਤਬਕੇ ਵਿੱਚ ਰੋਹ ਦੇਖਣ ਨੂੰ ਮਿਲ ਰਿਹਾ ਹੈ।
World ਵਾਤਾਵਰਨ ਤਬਦੀਲੀ ਖ਼ਿਲਾਫ਼ ਆਸਟਰੇਲੀਆ ਵਿੱਚ ਮੁਜ਼ਾਹਰੇ