ਵਾਇਰਸ ਨੂੰ ਵੀ ਜਿਊਣ ਦਾ ਹੱਕ: ਰਾਵਤ

  • ਉੱਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ
  • ਵਿਰੋਧੀ ਧਿਰ ਵੱਲੋਂ ਟਿੱਪਣੀਆਂ ‘ਮੂਰਖਾਨਾ’ ਤੇ ‘ਅਸੰਵੇਦਨਸ਼ੀਲ’ ਕਰਾਰ

ਨਵੀਂ ਦਿੱਲੀ (ਸਮਾਜ ਵੀਕਲੀ): ਕਰੋਨਾ ਸੰਕਟ ਦਰਮਿਆਨ ਜਦੋਂ ਕੁੱਲ ਆਲਮ ਕਰੋਨਾ ਮਹਾਮਾਰੀ ਤੋਂ ਨਿਜਾਤ ਪਾਉਣ ਦਾ ਹੱਲ ਤਲਾਸ਼ ਰਿਹਾ ਹੈ ਤਾਂ ਉੱਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਤ੍ਰਿਵੇਂਦਰ ਸਿੰਘ ਰਾਵਤ ਨੇ ਕਿਹਾ ਕਿ (ਕਰੋਨਾ) ਵਾਇਰਸ ‘ਜੀਵਤ ਪ੍ਰਾਣੀ ਹੈ ਤੇ ਉਹ ਵੀ ਜਿਉਣ ਦਾ ਹੱਕ ਰੱਖਦਾ ਹੈ।’ ਸੋੋਸ਼ਲ ਮੀਡੀਆ ’ਤੇ ਵਾਇਰਲ ਹੋਏ ਆਪਣੇ ਇਸ ਨਿਵੇਕਲੇ ਵੀਡੀਓ ਬਿਆਨ ਵਿੱਚ ਰਾਵਤ ਨੇ ਕਿਹਾ ਕਿ ਮਹਾਮਾਰੀ ਮਨੁੱਖਾਂ ਵਾਂਗ ਸਜੀਵ ਪ੍ਰਾਣੀ ਹੈ, ਲਿਹਾਜ਼ਾ ਇਸ ਨੂੰ ਜਿਊਣ ਦਾ ਪੂਰਾ ਹੱਕ ਹੈ।

ਵਿਰੋਧੀ ਧਿਰਾਂ ਨੇ ਕਿਹਾ ਕਿ ਰਾਵਤ ਦੀਆਂ ਇਹ ਟਿੱਪਣੀਆਂ ਨਾ ਸਿਰਫ਼ ‘ਅਸੰਵੇਦਨਸ਼ੀਲ’ ਬਲਕਿ ‘ਮੂਰਖਾਨਾ’ ਵੀ ਹਨ। ਰਾਵਤ ਨੇ ਕਿਹਾ, ‘ਜੇਕਰ ਅਸੀਂ ਫਲਸਫ਼ੇ ਦੇ ਦ੍ਰਿਸ਼ਟੀਕੋਣ ਤੋਂ ਗੱਲ ਕਰੀਏ ਤਾਂ ਕਰੋਨਾਵਾਇਰਸ ਵੀ ਸਾਡੇ ਵਾਂਗ ਜੀਵਤ ਪ੍ਰਾਣੀ ਹੈ। ਅਸੀਂ (ਮਨੁੱਖ) ਖ਼ੁਦ ਨੂੰ ਸਭ ਤੋਂ ਅਕਲਮੰਦ ਮੰਨਦੇ ਹਾਂ, ਪਰ ਇਹ ਪ੍ਰਾਣੀ ਵੀ ਜਿਊਣਾ ਚਾਹੁੰਦਾ ਹੈ। ਤੇ ਉਹ ਵੀ ਜਿਊਣ ਦਾ ਹੱਕਦਾਰ ਹੈ।’’ ਸੋਸ਼ਲ ਮੀਡੀਆ ਵਿੱਚ ਵੱਡੇ ਪੱਧਰ ’ਤੇ ਘੁੰਮ ਰਹੀ ਇਸ ਵੀਡੀਓ ’ਚ ਰਾਵਤ ਨੇ ਕਿਹਾ, ‘‘ਅਸੀਂ ਇਸ ਵਾਇਰਸ ਨੂੰ ਖ਼ਤਮ ਕਰਨ ਦੇ ਰਾਹ ਪਏ ਹੋਏ ਹਾਂ। ਇਹੀ ਵਜ੍ਹਾ ਹੈ ਕਿ ਉਹ ਲਗਾਤਾਰ ਆਪਣਾ ਰੂਪ ਵਟਾ ਕੇ ਖੁ਼ਦ ਨੂੰ ਜਿਊਂਦਾ ਰੱਖਣ ਦੀ ਵਾਹ ਲਾ ਰਿਹਾ ਹੈ।

ਲਿਹਾਜ਼ਾ ਸਾਨੂੰ ਹੁਣ ਇਸ ਤੋਂ ਦੂਰੀ ਬਣਾਉਣੀ ਹੋਵੇਗੀ। ਇਹ ਵੀ ਚਲਦਾ ਫਿਰਦਾ ਹੈ ਤੇ ਅਸੀਂ ਵੀ ਤੁਰ ਫਿਰ ਰਹੇ ਹਾਂ। ਪਰ ਸਾਨੂੰ ਆਪਣੀ ਰਫ਼ਤਾਰ ਵਧਾਉਣੀ ਹੋਵੇਗੀ ਤਾਂ ਕਿ ਇਸ ਨੂੰ ਪਿੱਛੇ ਛੱਡ ਸਕੀਏ।’ ਇਸ ਦੌਰਾਨ ਕਾਂਗਰਸ ਪਾਰਟੀ ਨੇ ਸੋਸ਼ਲ ਮੀਡੀਆ ’ਤੇ ਰਾਵਤ ਦੀ ਜੰਮ ਕੇ ਭੰਡੀ ਕੀਤੀ ਹੈ। ‘ਆਪ’ ਉੱਤਰਾਖੰਡ ਦੇ ਤਰਜਮਾਨ ਅਮਰਜੀਤ ਸਿੰਘ ਰਾਣਾ ਨੇ ਕਿਹਾ ਕਿ ਰਾਵਤ ਦੀ ਉਪਰੋਕਤ ਟਿੱਪਣੀ ਤੋਂ ਉਸ ਦੀ ਸਿਆਣਪ ਝਲਕਦੀ ਹੈ, ਜਿਸ ਨੇ ਉੱਤਰਾਖੰਡ ਨੂੰ ਮਖੌਲ ਦਾ ਪਾਤਰ ਬਣਾ ਛੱਡਿਆ ਹੈ।

ਉਂਜ ਇਹ ਪਹਿਲਾ ਵਾਕਿਆ ਨਹੀਂ ਜਦੋਂ ਸਾਬਕਾ ਮੁੱਖ ਮੰਤਰੀ ਦਾ ਆਪਣੀਆਂ ਬੇਸਿਰ ਪੈਰ ਦੀਆਂ ਟਿੱਪਣੀਆਂ ਕਰਕੇ ਮਖੌਲ ਉੱਡਿਆ ਹੋਵੇ। ਇਸ ਤੋਂ ਪਹਿਲਾਂ ਤ੍ਰਿਵੇਂਦਰ ਸਿੰਘ ਰਾਵਤ ਨੇ ਸਾਲ 2019 ਵਿੱਚ ਇਹ ਕਹਿ ਕੇ ਲੋਕਾਂ ਨੂੰ ਹੈਰਾਨ ਕਰ ਦਿੱਤਾ ਸੀ ਕਿ ਗਾਂ ਇਕੋ ਇਕ ਅਜਿਹਾ ਜਾਨਵਰ ਹੈ, ਜੋ ਸਾਹ ਲੈਣ ਮੌਕੇ ਆਕਸੀਜਨ ਅੰਦਰ ਲਿਜਾਂਦੀ ਤੇ ਬਾਹਰ ਕੱਢਦੀ ਹੈ। ਮਾਰਚ ਮਹੀਨੇ ਭਾਜਪਾ ਹਾਈ ਕਮਾਨ ਨੇ ਤ੍ਰਿਵੇਂਦਰ ਰਾਵਤ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾ ਕੇ ਤੀਰਥ ਸਿੰਘ ਰਾਵਤ ਨੂੰ ਉਨ੍ਹਾਂ ਦੀ ਥਾਂ ਬਿਠਾ ਦਿੱਤਾ ਸੀ।

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਿਸਾਨ ਮੋਰਚਿਆਂ ’ਤੇ ਮਨਾਈ ਗਈ ਈਦ
Next articleਆਸਟਰੇਲੀਆ ਨੇ ਭਾਰਤੀ ਉਡਾਣਾਂ ਤੋਂ ਪਾਬੰਦੀ ਹਟਾਈ