ਸਮਾਜ ਵੀਕਲੀ
ਮੁੱਕਰ ਗਿਆ ਕੋਈ ਵਾਅਦੇ ਕਰਕੇ
ਗੁਟਕਾ ਸਾਹਿਬ ਹੱਥ ਵਿਚ ਫੜਕੇ
ਨਸ਼ਾ ਪੰਜਾਬ ਚੋਂ ਬੰਦ ਸੀ ਕਰਨਾ
ਸਮਾਰਟ ਫੋਨ ਹਰ ਹੱਥ ਸੀ ਧਰਨਾ
ਘਰ ਘਰ ਵਿੱਚ ਰੁਜ਼ਗਾਰ ਸੀ ਦੇਣਾ
ਕਰਜ਼ਾ ਸਭ ਉਤਾਰ ਸੀ ਦੇਣਾ
ਕਿਸੇ ਸੀ ਮੈਟਰੋ ਰੇਲ ਚਲਾਉਣੀ
ਬੱਸ ਵੀ ਚਲਣੀ ਸੀ ਵਿੱਚ ਪਾਣੀ
ਕਿਸੇ ਸੀ ਕਾਲਾ ਧਨ ਲਿਆਉਣਾ
ਪੰਦਰਾਂ ਲੱਖ ਸੀ ਖਾਤੇ ਪਾਉਣਾ
ਐਪਰ ਕਿਸੇ ਨੇ ਕੁਝ ਨਾ ਕਰਿਆ
ਘਰ ਬਸ ਅਪਣਾ ਅਪਣਾ ਭਰਿਆ
ਅੰਨੇ ਵਾਹ ਨੇ ਟੈਕਸ ਲਾਏ
ਬੋਝ ਸਾਰੇ ਜਨਤਾ ਤੇ ਪਾਏ
ਮੌਜਾਂ ਕਰਦੇ ਨੇ ਦਿਨ ਸੱਤੇ
ਤਨਖਾਹਾਂ ਨਾਲ ਮਿਲਦੇ ਭੱਤੇ
ਅਪਣੀ ਕਰ ਗਏ ਦੂਰ ਕੰਗਾਲੀ
ਸਾਡੀ ਵਾਰ ਖਜ਼ਾਨਾ ਖ਼ਾਲੀ
ਲੋਕੋ ਹੁਣ ਤਾਂ ਅਕਲ ਦਿਖਾਉ
ਐਵੇ ਨਾਂ ਗੱਲਾਂ ਵਿੱਚ ਆਉ
ਥੋੜ੍ਹਾ ਹੋਸ਼ ਖਿਆਲ ਕਰੋ ਜੀ
ਆਉ ਉੱਠ ਸਵਾਲ ਕਰੋ ਜੀ
ਕਿਉਂ ਨਾ ਸਕੂਲਾਂ ਵਿਚ ਮਾਸਟਰ
ਹਸਪਤਾਲਾਂ ਵਿੱਚ ਨਾ ਡਾਕਟਰ
ਕਿਉਂ ਥੋਡੇ ਪੁੱਤ ਕੁਰਸੀ ਬਹਿੰਦੇ
ਕਿਉਂ ਸਾਡੇ ਪੁੱਤ ਫਾਹੇ ਲੈਂਦੇ
ਫੜਕੇ ਗੁੱਟ ਤੋਂ ਕੋਲ ਬਿਠਾ ਕੇ
ਅੱਖਾਂ ਦੇ ਵਿੱਚ ਅੱਖਾਂ ਪਾ ਕੇ
ਕੀਤਾ ਜਦੋਂ ਸਵਾਲ ਹੋਵੇਗਾ
ਫਿਰ ਪੰਜਾਬ ਖੁਸ਼ਹਾਲ ਹੋਵੇਗਾ
ਫਿਰ ਪੰਜਾਬ ਖੁਸ਼ਹਾਲ ਹੋਵੇਗਾ
ਸੋਨੂੰ ਮੰਗਲ਼ੀ
ਪਿੰਡ ਮੰਗਲ਼ੀ ਟਾਂਡਾ
ਲੁਧਿਆਣਾ
ਫੋਨ : 8194958011
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly