ਮੁੰਬਈ (ਸਮਾਜਵੀਕਲੀ) : ਕੋਵਿਡ-19 ਸੰਕਟ ਤੇ ਵਿਗੜ ਰਹੀ ਸਿਹਤ ਦੇ ਮੱਦੇਨਜ਼ਰ ਕਵੀ ਤੇ ਕਾਰਕੁਨ ਵਰਵਰਾ ਰਾਓ ਨੇ ਐਲਗਾਰ ਪ੍ਰੀਸ਼ਦ-ਮਾਓਵਾਦੀ ਸਬੰਧਾਂ ਬਾਰੇ ਕੇਸ ’ਚ ਆਰਜ਼ੀ ਜ਼ਮਾਨਤ ਲਈ ਬੰਬੇ ਹਾਈ ਕੋਰਟ ਦਾ ਰੁਖ਼ ਕੀਤਾ ਹੈ। 80 ਸਾਲਾ ਕਾਰਕੁਨ ਨੇ ਅਦਾਲਤ ਤੋਂ ਮੰਗ ਕੀਤੀ ਹੈ ਕਿ ਜੇਲ੍ਹ ਅਥਾਰਿਟੀ ਨੂੰ ਉਨ੍ਹਾਂ ਦਾ ਮੈਡੀਕਲ ਰਿਕਾਰਡ ਲਿਆਉਣ ਦੇ ਹੁਕਮ ਵੀ ਦਿੱਤੇ ਜਾਣ।
ਰਾਓ ਨੇ ਇਹ ਪਟੀਸ਼ਨ 26 ਜੂਨ ਦੇ ਐਨਆਈਏ ਅਦਾਲਤ ਦੇ ਫ਼ੈਸਲੇ ਖ਼ਿਲਾਫ਼ ਦਾਇਰ ਕੀਤੀ ਹੈ। ਐਨਆਈਏ ਅਦਾਲਤ ਨੇ ਉਨ੍ਹਾਂ ਦੀ ਜ਼ਮਾਨਤ ਅਰਜ਼ੀ ਖ਼ਾਰਜ ਕਰ ਦਿੱਤੀ ਸੀ। ਵਰਵਰਾ ਰਾਓ ਦੋ ਸਾਲਾਂ ਤੋਂ ਜੇਲ੍ਹ ਵਿਚ ਹਨ ਤੇ ਆਪਣੀ ਸਿਹਤ ਤੇ ਕੋਵਿਡ ਦੇ ਫੈਲਣ ਦੇ ਮੱਦੇਨਜ਼ਰ ਉਨ੍ਹਾਂ ਜ਼ਮਾਨਤ ਮੰਗੀ ਸੀ।
ਦੂਜੀ ਪਟੀਸ਼ਨ ਵਿਚ ਰਾਓ ਦੇ ਵਕੀਲ ਨੇ ਕਿਹਾ ਹੈ ਕਿ ਅਦਾਲਤ ਜੇਲ੍ਹ ਪ੍ਰਸ਼ਾਸਨ ਨੂੰ ਤੁਰੰਤ ਕਾਰਕੁਨ ਦਾ ਮੈਡੀਕਲ ਚੈਕਅਪ ਕਰਵਾ ਕੇ ਰਿਪੋਰਟ ਦਾਖ਼ਲ ਕਰਨ ਦਾ ਹੁਕਮ ਦੇਵੇ। ਉਨ੍ਹਾਂ ਦੋਸ਼ ਲਾਇਆ ਕਿ ਜੇ.ਜੇ. ਹਸਪਤਾਲ ਨੇ ਰਾਓ ਦੇ ਟੈਸਟ ਕਰਵਾਉਣ ਲਈ ਜੇਲ੍ਹ ਸੁਪਰਡੈਂਟ ਨੂੰ ਕਿਹਾ ਸੀ ਪਰ ਸੁਪਰਡੈਂਟ ਨੇ ਨਹੀਂ ਕਰਵਾਏ। ਪਟੀਸ਼ਨਾਂ ’ਤੇ ਇਸੇ ਹਫ਼ਤੇ ਸੁਣਵਾਈ ਹੋ ਸਕਦੀ ਹੈ।