ਦਿੱਲੀ ਹਾਈ ਕੋਰਟ ਨੇ ਸੀਬੀਆਈ ਦੇ ਡਾਇਰੈਕਟਰ ਆਲੋਕ ਕੁਮਾਰ ਵਰਮਾ ਅਤੇ ਜੁਆਇੰਟ ਡਾਇਰੈਕਟਰ ਏ ਕੇ ਸ਼ਰਮਾ ਨੂੰ ਏਜੰਸੀ ਦੇ ਵਿਸ਼ੇਸ਼ ਡਾਇਰੈਕਟਰ ਰਾਕੇਸ਼ ਅਸਥਾਨਾ ਵਿਰੁੱਧ ਕੇਸ ਦੀ ਫਾਈਲ ਕੇਂਦਰੀ ਵਿਜੀਲੈਂਸ ਕਮਿਸ਼ਨ ਦੇ ਦਫਤਰ ਵਿਚ ਦੇਖਣ ਦੀ ਅਗਿਆ ਦੇ ਦਿੱਤੀ ਹੈ। ਇਸ ਦੇ ਨਾਲ ਹੀ ਜਸਟਿਸ ਨਜ਼ਮੀ ਵਜ਼ੀਰੀ ਨੇ ਅਸਥਾਨਾ ਵਿਰੁੱਧ ਭ੍ਰਿਸ਼ਟਾਚਾਰ ਦੇ ਕੇਸ ਵਿਚ ਕਾਰਵਾਈ ਉੱਤੇ ਲੱਗੀ ਰੋਕ ’ਚ 7 ਦਬੰਸਰ ਤੱਕ ਵਾਧਾ ਕਰ ਦਿੱਤਾ ਹੈ। ਅਦਾਲਤ ਨੇ ਵਰਮਾ ਨੂੰ ਕੇਂਦਰੀ ਵਿਜੀਲੈਂਸ ਕਮਿਸ਼ਨ ਕੋਲ ਪਈ ਫਾਈਲ ਵੀਰਵਾਰ ਨੂੰ 4:30 ਵਜੇ ਸ਼ਾਮ ਨੂੰ ਦੇਖਣ ਦੀ ਇਜ਼ਾਜਤ ਦੇ ਦਿੱਤੀ ਹੈ। ਇਸ ਮੌਕੇ ਸੀਬੀਆਈ ਪੁਲੀਸ ਦੇ ਸੁਪਰਡੈਂਟ ਸਤੀਸ਼ ਡਾਗਰ ਮੌਜੂਦ ਰਹਿਣਗੇ। ਸੁਪਰੀਮ ਕੋਰਟ ਵੱਲੋਂ ਕੇਂਦਰੀ ਵਿਜੀਲੈਂਸ ਕਮਿਸ਼ਨ ਨੂੰ ਵਰਮਾ ਵਿਰੁੱਧ ਜਾਂਚ ਦੇ ਆਦੇਸ਼ ਦੇਣ ਦੌਰਾਨ ਕੇਸ ਦੀ ਫਾਈਲ ਵਿਜੀਲੈਂਸ ਕਮਿਸ਼ਨ ਨੂੰ ਭੇਜ ਦਿੱਤੀ ਸੀ। ਹਾਈ ਕੋਰਟ ਨੇ ਫਾਈਲ ਦੇਖਣ ਦੀ ਆਗਿਆ ਵਰਮਾ ਅਤੇ ਸ਼ਰਮਾ ਦੇ ਵਕੀਲਾਂ ਦੀ ਅਪੀਲ ਉੱਤੇ ਦਿੱਤੀ ਹੈ। ਵਕੀਲਾਂ ਅਨੁਸਾਰ ਅਸਥਾਨਾ ਦਾ ਦੋਸ਼ ਹੈ ਕਿ ਉਸ ਦੇ ਵਿਰੁੱਧ ਕੇਸ ਮੰਦਭਾਵਨਾ ਤਹਿਤ ਦਰਜ ਕੀਤਾ ਗਿਆ ਹੈ, ਇਸ ਲਈ ਉਹ ਇੱਕ ਵਾਰ ਕੇਸ ਫਾਈਲ ਨੂੰ ਦੇਖਣਾ ਚਾਹੁੰਦੇ ਹਨ। ਇਸ ਦੌਰਾਨ ਹੀ ਏ ਕੇ ਸ਼ਰਮਾ ਦੇ ਵਕੀਲ ਨੇ ਅਦਾਲਤ ਤੋਂ ਆਗਿਆ ਮੰਗੀ ਕਿ ਉਸ ਨੂੰ ਕੁੱਝ ਅਹਿਮ ਦਸਤਾਵੇਜ ਸੀਲਬੰਦ ਲਿਫ਼ਾਫੇ ਵਿਚ ਅਦਾਲਤ ਅੱਗੇ ਪੇਸ਼ਕਰਨ ਦੀ ਆਗਿਆ ਦਿੱਤੀ ਜਾਵੇ ਤਾਂ ਜੋ ਸੰਸਥਾ ਦੀ ਪਵਿੱਤਰਤਾ ਨੂੰ ਬਰਕਰਾਰ ਰੱਖਿਆ ਜਾ ਸਕੇ। ਅਦਾਲਤ ਨੇ ਹੁਕਮ ਦਿੱਤਾ ਕਿ ਸ਼ਰਮਾ ਵੱਲੋਂ ਦਾਖ਼ਲ ਕਰਵਾਏ ਦਸਤਾਵੇਜਾਂ ਨੂੰ ਅਗਲੇ ਹੁਕਮਾਂ ਤੱਕ ਸੀਲਬੰਦ ਲਿਫ਼ਾਫੇ ਵਿਚ ਹੀ ਰੱਖਿਆ ਜਾਵੇ।