ਨਵੀਂ ਦਿੱਲੀ (ਸਮਾਜਵੀਕਲੀ) : ਕੇਂਦਰੀ ਸਿਹਤ ਮੰਤਰੀ ਹਰਸ਼ ਵਰਧਨ ਨੇ ਅੱਜ ਕੋਵਿਡ-19 ਨਾਲ ਨਜਿੱਠਣ ਲਈ ਪੰਜਾਬ ਵਲੋਂ ਕੀਤੀਆਂ ਤਿਆਰੀਆਂ ਦਾ ਜਾਇਜ਼ਾ ਲੈਂਦਿਆਂ ਸੂਬੇ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਪਿਛਲੇ 24 ਘੰਟਿਆਂ ਦੌਰਾਨ ਛੱਤੀਸਗੜ੍ਹ, ਲੱਦਾਖ, ਮਨੀਪੁਰ ਅਤੇ ਮੇਘਾਲਿਆ ਸਣੇ ਨੌਂ ਸੂਬਿਆਂ ਅਤੇ ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ਵਿੱਚ ਕੋਵਿਡ-19 ਦਾ ਕੋਈ ਵੀ ਨਵਾਂ ਕੇਸ ਸਾਹਮਣੇ ਨਹੀਂ ਆਇਆ ਜਦਕਿ ਦਮਨ ਅਤੇ ਦੀਯੂ, ਸਿੱਕਿਮ, ਨਾਗਾਲੈਂਡ ਅਤੇ ਲਕਸ਼ਦਵੀਪ ਵਿੱਚ ਅੱਜ ਤਕ ਕੋਈ ਵੀ ਕੇਸ ਰਿਪੋਰਟ ਨਹੀਂ ਹੋਇਆ ਹੈ।
ਉਨ੍ਹਾਂ ਪੰਜਾਬ ਸਰਕਾਰ ਨੂੰ ਮੂਹਰਲੀ ਕਤਾਰ ਦੇ ਵਰਕਰਾਂ ਨੂੰ ਸਮੇਂ ਸਿਰ ਤਨਖਾਹਾਂ ਦੇਣ ਅਤੇ ਵਧੀਆ ਕੰਮ ਕਰਨ ਵਾਲਿਆਂ ਨੂੰ ਵਿਸ਼ੇਸ਼ ਇਨਾਮ ਆਦਿ ਦੇਣ ਲਈ ਆਖਿਆ। ਨੈਸ਼ਨਲ ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਦੇ ਨਿਰਦੇਸ਼ਕ ਡਾ. ਐੱਸ.ਕੇ. ਸਿੰੰਘ ਨੇ ਪੰਜਾਬ ਵਿੱਚ ਕੋਵਿਡ-19 ਦੀ ਸਥਿਤੀ ਬਾਰੇ ਪੇਸ਼ਕਾਰੀ ਦਿੰਦਿਆਂ ਦੱਸਿਆ ਕਿ ਸੂਬੇ ਵਿੱਚੋਂ ਲਏ ਨਮੂਨਿਆਂ ਵਿੱਚੋਂ ਪਾਜ਼ੇਟਿਵ ਆਉਣ ਵਾਲਿਆਂ ਦੀ ਦਰ 4.3 ਫੀਸਦ ਹੈ। ਉਨ੍ਹਾਂ ਦੱਸਿਆ ਕਿ ਮਹਾਰਾਸ਼ਟਰ ਦੇ ਨਾਂਦੇੜ ਤੋਂ ਪਰਤੇ ਕੁੱਲ 4,216 ਸ਼ਰਧਾਲੂਆਂ ਵਿੱਚੋਂ 1,225 ਪਾਜ਼ੇਟਿਵ ਪਾਏ ਗਏ, ਜੋ ਕਿ ਸੂਬੇ ਦੇ ਪਾਜ਼ੇਟਿਵ ਕੇਸਾਂ ਦਾ ਵੱਡਾ ਹਿੱਸਾ ਹੈ।
ਉਨ੍ਹਾਂ ਦੇਸ਼-ਵਿਦੇਸ਼ ਤੋਂ ਪੰਜਾਬ ਪਰਤਣ ਵਾਲੇ ਪਰਵਾਸੀ ਕਾਮਿਆਂ ਤੇ ਪਰਵਾਸੀ ਭਾਰਤੀਆਂ ਦੇ ਰੂਪ ਵਿੱਚ ਦਰਪੇਸ਼ ਚੁਣੌਤੀ ਦਾ ਵੀ ਜ਼ਿਕਰ ਕੀਤਾ। ਬਿਆਨ ਅਨੁਸਾਰ ਕੇਂਦਰੀ ਮੰਤਰੀ ਨੇ ਮੀਟਿੰਗ ਦੌਰਾਨ ਪੰਜਾਬ ਸਰਕਾਰ ਵਲੋਂ ਸੂਬੇ ਵਿੱਚ ਲੌਕਡਾਊਨ ਦੀ ਸਖ਼ਤੀ ਨਾਲ ਪਾਲਣਾ ਕਰਾਉਣ, ਸੰਪਰਕਾਂ ਦੀ ਬਾਰੀਕੀ ਨਾਲ ਘੋਖ ਕਰਨ, ਕੰਟੇਨਮੈਂਟ ਖੇਤਰਾਂ ਵਿੱਚ ਸਾਰੀ ਅਬਾਦੀ ਦੀ ਜਾਂਚ ਕਰਨ ਅਤੇ ਘਰਾਂ ਵਿੱਚ ਜ਼ਰੂਰੀ ਸਾਮਾਨ, ਦਵਾਈਆਂ ਆਦਿ ਪਹੁੰਚਾਉਣ ਦੇ ਪੱਖ ਤੋਂ ਸ਼ਲਾਘਾ ਕੀਤੀ।