(ਸਮਾਜ ਵੀਕਲੀ)
ਲੋਕਤੰਤਰੀ ਪ੍ਰਣਾਲੀ ਨੂੰ ਵਿਸ਼ਵ ਦੀ ਹਰਮਨ ਪਿਆਰੀ ਰਾਜਨੀਤਕ ਪ੍ਰਣਾਲੀ ਮੰਨਿਆ ਗਿਆ ਹੈ। ਇਹ ਪ੍ਰਣਾਲੀ ਵਿਸ਼ਵ ਦੇ ਬਹੁਤੇ ਦੇਸ਼ਾਂ ਨੇ ਅਪਣਾਈ ਹੋਈ ਹੈ । ਜਿਵੇਂ ਅਸੀਂ ਜਾਣਦੇ ਹਾਂ ਕੇ ਇੰਗਲੈਂਡ ਨੂੰ ਇਸ ਪ੍ਰਣਾਲੀ ਦਾ ਜਨਮ ਦਾਤਾ ਕਿਹਾ ਜਾਂਦਾ ਹੈ । ਕਿਹਾ ਵੀ ਕਿਉਂ ਨਾ ਜਾਵੇ ਇਹ ਪ੍ਰਣਾਲੀ ਇੰਗਲੈਂਡ ਵਿੱਚ ਬਹੁਤ ਸਫ਼ਲ ਚੱਲ ਰਹੀ ਹੈ ਪਰ ਸਾਡੇ ਦੇਸ਼ ਭਾਰਤ ਵਿੱਚ ਇਹ ਪ੍ਰਣਾਲੀ ਸਾਨੂੰ ਸਫ਼ਲ ਹੋਣ ਦੀਆਂ ਝੂਠੀਆਂ ਕੋਸ਼ਿਸ਼ਾਂ ਕਰਦੀ ਜਾਪ ਰਹੀ ਹੈ।
ਇਸ ਪ੍ਰਣਾਲੀ ਅਧੀਨ ਸਰਕਾਰ ਦੇ ਮੁੱਖ ਰੂਪ ਵਿੱਚ ਤਿੰਨ ਅੰਗ ਕਾਰਜਪਾਲਿਕਾ,ਵਿਧਾਨਪਾਲਿਕਾ, ਨਿਆਂਪਾਲਿਕਾ ਹੈ ਜੋ ਲੋਕਤੰਤਰੀ ਰਾਜ ਦੇ ਤਿੰਨ ਥੰਮ ਹਨ । ਜਿਨ੍ਹਾਂ ਉੱਪਰ ਲੋਕਤੰਤਰੀ ਰਾਜ ਦੀ ਨੀਂਹ ਟਿਕੀ ਹੋਈ ਹੈ । ਇਨ੍ਹਾਂ ਤਿੰਨਾਂ ਥੰਮਾਂ ਨੂੰ ਅਨੁਸ਼ਾਸ਼ਨ ਵਿੱਚ ਰੱਖਣ ਲਈ ਅਤੇ ਲੋਕਤੰਤਰਿਕ ਹੋਂਦ ਬਰਕਰਾਰ ਰੱਖਣ ਲਈ ਚੌਥੇ ਥੰਮ ਦੇ ਰੂਪ ਵਿੱਚ ਸਾਡਾ ਮੀਡੀਆ ਜੋ ਸਰਕਾਰ ਦੇ ਕੀਤੇ ਹੋਏ ਕੰਮ ਚਾਹੇ ਉਹ ਚੰਗੇ ਨੇ ਜਾਂ ਮਾੜੇ ਉਹਨਾਂ ਦੀ ਹਰ ਪੱਖੋਂ ਨਿਗਰਾਨੀ ਦੇ ਤੌਰ ਤੇ ਆਪਣਾ ਰੋਲ ਨਿਭਾ ਜਨਤਾ ਦੇ ਸਨਮੁੱਖ ਕਰਦਾ ਹੈ। ਜੋ ਸਰਕਾਰ ਦੀਆਂ ਤਾਨਾਸ਼ਾਹੀਆਂ ਉੱਪਰ ਆਪਣੀ ਬਾਜ ਅੱਖ ਰੱਖਦਾ ਹੈ ਅਤੇ ਲੋਕ ਵਿਰੋਧੀ ਕੰਮਾਂ ਦੀ ਤਾੜਨਾ ਅਤੇ ਲੋਕ ਪੱਖੀ ਕੰਮਾਂ ਦੀ ਪ੍ਰਸੰਸਾ ਵੀ ਕਰਦਾ ਹੈ। ਮੀਡੀਆ ਮੁੱਖ ਤੌਰ ਤੇ ਦੋ ਕਿਸਮਾਂ ਦਾ ਹੁੰਦਾ ਹੈ ਜਿਵੇਂ ਬਿਜਲਈ ਮੀਡੀਆ ਤੇ ਛਪਾਈ ਮੀਡੀਆਂ । ਬਿਜਲਈ ਮੀਡੀਆ ਅਸਲ ਵਿੱਚ ਅਸੀਂ ਵੇਖਣ ਤੇ ਸੁਣਨ ਵਾਲੇ ਸੰਚਾਰ ਸਾਧਨਾਂ ਜਿਵੇਂ ਨਿਊਜ਼ ਚੈਨਲਾਂ ਨੂੰ ਸ਼ਾਮਿਲ ਕਰਦੇ ਹਾਂ ਅਤੇ ਛਪਾਈ ਮੀਡੀਆ ਵਿੱਚ ਅਸੀਂ ਅਖ਼ਬਾਰ, ਰਸਾਲੇ, ਮੈਗਜ਼ੀਨ ਆਦਿ ਮੁੱਢਲੇ ਅੰਗ ਹਨ।
ਪਰ ਅੱਜ ਦੇ ਤਕਨੀਕੀ ਯੁੱਗ ਵਿੱਚ ਮੀਡੀਆ ਵਿੱਚ ਇੱਕ ਨਵਾਂ ਰੂਪ ਸੋਸ਼ਲ ਮੀਡੀਆ ਦਾ ਵੀ ਜੁੜ ਗਿਆ ਹੈ,ਜਿਸ ਵਿੱਚ ਯੂ ਟਿਊਬ, ਫੇਸਬੁੱਕ, ਟਵਿਟਰ ਆਦਿ ਪ੍ਰਮੁੱਖ ਸੰਚਾਰ ਸਾਧਨ ਹਨ । ਜੋ ਅਜੋਕੇ ਸਮੇਂ ਸੰਚਾਰ ਦਾ ਸਭ ਤੋਂ ਤੇਜ ਸੰਚਾਰ ਸਾਧਨਾਂ ਦੇ ਰੂਪਾਂ ਵਜੋਂ ਉਭਾਰਿਆ ਹੈ, ਜਿਨ੍ਹਾਂ ਰਾਹੀਂ ਹਰ ਵਿਅਕਤੀ ਆਪਣੀ ਗੱਲ ਨੂੰ ਵਿਸ਼ਵੀ ਰੂਪ ਵਿੱਚ ਕਹਿ ਸਕਦਾ ਹੈ। ਜੇਕਰ ਅਖਬਾਰਾਂ ਦੀ ਗੱਲ ਕਰੀਏ ਤਾਂ ਪਹਿਲਾ ਹੱਥ ਲਿਖਤੀ ਅਖਬਾਰ 1566 ਵਿੱਚ ਵੀਨਸ ਸ਼ਹਿਰ ਵਿੱਚ ਹੋਂਦ ਵਿੱਚ ਆਇਆ।ਜੋ ਯੂਰਪ ਅਤੇ ਇਟਲੀ ਦੇ ਯੁੱਧਾਂ ਅਤੇ ਰਾਜਨੀਤੀ ਬਾਰੇ ਲਿਖਿਆ ਜਾਂਦਾ ਸੀ। 1609 ਵਿੱਚ ਜਰਮਨੀ ਵਿੱਚ ਪਹਿਲਾ ਅਖ਼ਬਾਰ ਛਾਪਿਆ ਗਿਆ।ਜੋ ਇੰਗਲੈਂਡ ਤੋਂ ਹੁੰਦਾ ਹੋਇਆ ਅਮਰੀਕਾ ਅਤੇ ਬਾਕੀ ਰਾਜਾਂ ਵਿੱਚ ਪਹੁੰਚਿਆ।ਭਾਰਤ ਵਿੱਚ ਪਹਿਲਾ ਅਖਬਾਰ 1780 ਵਿੱਚ ਛਪਿਆ ਜਿਸਦਾ ਨਾਮ ‘Hickey’s Bengal Gazzette’ ਸੀ।
ਅਤੇ ਭਾਰਤ ਵਿੱਚ ਪਹਿਲਾ ਰੇਡੀਓ ਪ੍ਰਸਾਰਣ 1927 ਨੂੰ ਕੀਤਾ ਗਿਆ।ਭਾਰਤੀ ਰੇਡੀਓ ਪ੍ਰਸਾਰਣ ਵਿਸ਼ਵ ਦੇ ਪੁਰਾਤਨ ਪ੍ਰਸਾਰਣ ਕੇਂਦਰਾਂ ਵਿੱਚੋ ਇੱਕ ਹੈ।ਭਾਰਤ ਅਖ਼ਬਾਰ ਪੱਖੋਂ ਵਿਸ਼ਵ ਦੀ ਦੂਜੀ ਸਭ ਤੋਂ ਵੱਡੀ ਮੰਡੀ ਹੈ,ਜਿੱਥੇ ਹਰ ਦਿਨ ਅਖਬਾਰਾਂ ਦੀਆਂ ਕਰੀਬ 100 ਮਿਲੀਅਨ ਕਾਪੀਆਂ ਵਿਕ ਜਾਂਦੀਆਂ ਹਨ ਅਤੇ 31 ਮਾਰਚ,2018 ਤੱਕ ਇੱਕ ਲੱਖ ਦੇ ਕਰੀਬ ਅਖਬਾਰ ਰਜਿਸਟਰਡ ਹੋ ਚੁੱਕੇ ਸਨ। ਭਾਰਤੀ ਰੇਡੀਓ 1937 ਦੇ ਵਿਸਥਾਰ ਤੋਂ ਬਾਅਦ ‘ਆਲ ਇੰਡੀਆ ਰੇਡੀਓ’ ਵੱਜੋਂ ਜਾਣਿਆ ਜਾਣ ਲੱਗਿਆ,1957 ਵਿੱਚ ‘ਅਕਾਸ਼ਬਾਣੀ’ ਵੱਜੋਂ। ਰੇਡੀਓ ਦੇ ਪੁਰਾਤਨ ਕੇਂਦਰ ‘ਦੂਰਦਰਸ਼ਨ’ ਵੱਲੋਂ ਰੇਡੀਓ ਦੀ ਤਰਜ਼ ਉੱਤੇ ਹੀ ਟੀਵੀ ਲਈ ‘ਰਾਸ਼ਟਰੀ ਚੈਨਲਾਂ’ ਦੀ ਸ਼ੁਰੂਆਤ ਕੀਤੀ ਗਈ।
ਜਿਸ ਵਿੱਚ ਖ਼ਬਰਾਂ ਦੇ ਨਾਲ ਮਨੋਰੰਜਨ ਸਬੰਧੀ ਪ੍ਰੋਗਰਾਮ ਵੀ ਚਲਾਏ ਗਏ।ਸਮਾਰਟ ਮੋਬਾਇਲ ਯੁੱਗ ਦੇ ਸ਼ੁਰੂ ਹੋਣ ਤੋਂ ਪਹਿਲਾਂ ਇਹ ਚੈਨਲ ਅਤੇ ਰੇਡੀਓ ਅਖ਼ਬਾਰ ਸਾਡੀ ਜ਼ਿੰਦਗੀ ਦਾ ਅਹਿਮ ਹਿੱਸਾ ਬਣ ਗਏ ਸਨ। ਸਵੇਰੇ ਦੀ ਸ਼ੁਰੂਆਤ ਤੋਂ ਲੈਕੇ ਸ਼ਾਮ ਦੀਆਂ ‘ਸੱਤ ਵਾਲੀਆਂ ਖ਼ਬਰਾਂ’ ਉੱਪਰ ‘ਰਵੀ ਕੁਮਾਰ’ ਨੂੰ ਸੁਣਨਾ ਸਾਡੀ ਰੋਜ਼ਾਨਾ ਦੀ ਆਦਤ ਬਣ ਗਿਆ ਸੀ,ਪਰ ਪਿਛਲੇ ਕੁੱਝ ਸਾਲਾਂ ਦੌਰਾਨ ਤਕਨੀਕੀ ਪ੍ਰਭਾਵ ਦੇ ਵਧਣ ਕਾਰਨ ਇਹ ਸਭ ਚੀਜ਼ਾਂ ਸਾਨੂੰ ਮੋਬਾਇਲ ਵਿੱਚ ਹੀ ਮਿਲ ਜਾਂਦੀਆਂ ਹਨ ਅਤੇ ਸਾਡਾ ਧਿਆਨ ਰੇਡੀਓ,ਅਖ਼ਬਾਰਾਂ ਤੋਂ ਹਟਕੇ ‘ਵੈੱਬ ਚੈਨਲਾਂ’ ਵੱਲ ਕੇਂਦਰਿਤ ਹੋ ਗਿਆ ਹੈ। ਜਿਸ ਨੇ ਸਾਡੇ ਸਮਾਜ ਨੂੰ ਇਕ ਨਵੇਂ ਰੂਪ ‘ਚ ਭੜਕਾਉਣ ਵਾਲਾ ਪੱਖਪਾਤੀ ਗਿਆਨ ਪ੍ਰਦਾਨ ਕੀਤਾ ਪਰ ਪਿਛਲੇ ਕੁੱਝ ਦਹਾਕਿਆਂ ਪਹਿਲਾਂ ਮੀਡੀਆ ਪੂਰਨ ਰੂਪ ਵਿੱਚ ਸਰਕਾਰੀ ਦਬਾਅ ਤੋਂ ਮੁਕਤ ਅਤੇ ਸੁਤੰਤਰ ਸਨ ਜੋ ਸਾਡੇ ਤੱਕ ਨਿਰੋਲ ਅਤੇ ਅਸਲ ਖ਼ਬਰ ਰੂਪੀ ਗਿਆਨ ਪਹੁੰਚਦਾ ਕਰਦੇ ਸਨ ।
ਪਰ ਅੱਜ ਦੇ ਸਮੇ ਵਿੱਚ ਸਰਕਾਰ ਦੁਆਰਾ ਇਨ੍ਹਾਂ ਉੱਪਰ ਸਿੱਧੇ ਜਾਂ ਅਸਿੱਧੇ ਤਰੀਕੇ ਨਾਲ ਦਬਾਅ ਬਣਾਇਆ ਗਿਆ ਹੈ,ਅਖ਼ਬਾਰਾਂ, ਰੇਡੀਓ ਅਤੇ ਟੀਵੀ ਚੈਨਲਾਂ ਦੇ ਮੁੱਖੀ ਸਰਕਾਰ ਦੁਆਰਾ ਨਿਯੁਕਤ ਕੀਤੇ ਜਾਂਦੇ ਹਨ, ਜੋ ਸਰਕਾਰ ਦੇ ਹੀ ਸੋਹਲੇ ਗਾਉਂਦੇ ਹਨ ਅਤੇ ਸਰਕਾਰ ਦੀਆਂ ਤਾਨਾਸ਼ਾਹੀਆਂ ਨੂੰ ਵੀ ਲੋਕ ਹਿਤੈਸ਼ੀ ਹੀ ਲਿਖਦੇ ਹਨ। ਵੱਖ ਵੱਖ ਰਾਜਨੀਤਿਕ ਪਾਰਟੀਆਂ, ਵੱਡੇ ਵੱਡੇ ਕਾਰੋਬਾਰੀਆਂ ਅਤੇ ਧਨਾਢ ਘਰਾਣਿਆਂ ਨੇ ਵੱਖ ਵੱਖ ਚੈਨਲਾਂ ਤੇ ਅਖ਼ਬਾਰਾਂ ਵਿੱਚ ਆਪਣੀ ਹਿੱਸੇਦਾਰੀ ਕਾਇਮ ਕੀਤੀ ਹੋਈ ਜ਼ੋ ਦਿਨੋਂ ਦਿਨ ਮੀਡੀਆ ਦੇ ਪ੍ਰਭਾਵ ਨੂੰ ਇਕਪੱਖੀ ਭਾਵ ਪੈਸਾ ਬੈਂਕ ਤਮਾਸ਼ਾ ਵੇਖ ਵਾਲੀ ਨੀਤੀ ਤੇ ਚੱਲ ਰਹੇ ਹਨ, ਜਿਸ ਨਾਲ ਮੀਡੀਆ ਦਾ ਅਕਸ ਹੀ ਬਦਲ ਗਿਆ ਹੈ। ਸਰਕਾਰ ਦੀ ਪਹੁੰਚ ਸਿਰਫ਼ ਸਰਕਾਰੀ ਚੈਨਲਾਂ ਜਾਂ ਅਖਬਾਰਾਂ ਤੱਕ ਹੀ ਨਹੀਂ, ਸਗੋਂ ਸ਼ੋਸਲ ਮੀਡੀਆ ਤੱਕ ਵੀ ਹੈ,ਜਿੱਥੇ ਸਰਕਾਰ ਆਪਣੇ ‘IT ਸੈੱਲ’ ਚਲਾਉਂਦੀ ਹੈ,ਜੋ ਸਰਕਾਰ ਨੂੰ ਸਵਾਲ ਕਰਨ ਵਾਲਿਆਂ ਦਾ ਵਿਰੋਧ ਕਰਦੇ ਹਨ।
ਜੇਕਰ ਮੌਜੂਦਾ ਸਮੇਂ ਦੀ ਗੱਲ ਕਰੀਏ ਤਾਂ ਭਾਰਤੀ ਬਿਜਲਈ ਮੀਡੀਆ, ਅਖਬਾਰ, ਰੇਡੀਓ ਸਿਰਫ਼ ਸਰਕਾਰ ਅਤੇ ਉਨ੍ਹਾਂ ਦੇ ਨੁਮਾਇੰਦਿਆਂ ਦੇ ਸੋਹਲੇ ਗਾਉਣ ਵਿੱਚ ਲੱਗਿਆ ਹੋਇਆ ਏ,ਅਤੇ ਉਨ੍ਹਾਂ ਦੇ ਦੇਸ਼ ਵਿਰੋਧੀ ਕੰਮਾਂ, ਬਿਆਨਾਂ ਨੂੰ ਦੇਸ਼ ਹਿੱਤ ਬਣਾਕੇ ਪੇਸ਼ ਕਰ ਰਿਹਾ ਹੈ। ਜਦਕਿ ਆਮ ਲੋਕ ਜੋ ਆਪਣੇ ਹੱਕਾਂ ਲਈ ਸ਼ਾਂਤਮਈ ਸੰਘਰਸ਼ ਕਰ ਰਹੇ ਹਨ,ਜਾਂ ਸਰਕਾਰ ਦਾ ਮਨੁੱਖੀ ਅਧਿਕਾਰਾਂ ਦੇ ਉਲੰਘਣ ਲਈ ਵਿਰੋਧ ਕਰ ਰਹੇ ਹੋਣ, ਉਨ੍ਹਾਂ ਨੂੰ ਨਕਸਲਵਾਦੀ,ਉਗਰਵਾਦੀ,ਆਈ ਐਸ ਆਈ, ਖਾਲਿਸਤਾਨੀ ਬਣਾਕੇ ਪੇਸ਼ ਕਰ ਰਿਹਾ ਹੈ।ਅਤੇ ਇਹ ਮੀਡੀਆ ਹੀ ਹੈ ਜੋ ਹਰ ਰੋਜ਼ ਧਰਮਾਂ ਤੇ ਵਿਚਾਰਾਂ ਉੱਪਰ ਬਹਿਸਾਂ ਕਰਵਾਉਂਦਾ ਹੈ।ਇਹ ਮੀਡੀਆ ਲੋਕ ਹਿਤੈਸ਼ੀ ਨਾ ਹੋ ਕੇ ਸਰਕਾਰ ਹਿਤੈਸ਼ੀ ਬਣਕੇ ਰਹਿ ਗਿਆ ਹੈ।
ਇਹੋ ਜਿਹੇ ਮੀਡੀਆ ਦੇ ਰੂਪ ਲਈ ਕੁੱਝ ਹੱਦ ਤੱਕ ਸਾਡੇ ਆਮ ਨਾਗਰਿਕ ਵੀ ਜ਼ਿੰਮੇਵਾਰ ਹਨ ਜੋ ਖ਼ਬਰ ਦੀ ਤਹਿ ਤੱਕ ਨਾ ਜਾਕੇ ਜੋ ਵਿਖਾਇਆ ਜਾ ਪਰੋਸਿਆ ਗਿਆ ਇਕ ਤਰਫਾ ਖ਼ਬਰ ਨੂੰ ਹੀ ਸੱਚ ਮੰਨਣ ਦੀ ਗ਼ਲਤੀ ਕਰਦੇ ਹਨ ਪਰ ਅੱਜ ਵੀ ਕੁੱਝ ਅਜਿਹੇ ਨਿਧੜਕ ਅਤੇ ਇਮਾਨਦਾਰ ਪੱਤਰਕਾਰ ਹਨ ਜੋ ਲਗਾਤਾਰ ਆਪਣਾ ਰੋਲ ਬਾਖੂਬੀ ਨਿਭਾ ਰਹੇ ਹਨ,ਜੋ ਆਮ ਲੋਕਾਂ ਦੀ ਆਵਾਜ਼ ਬੁਲੰਦ ਕਰ ਰਹੇ ਹਨ ਅਤੇ ਅਸਲ ਮੁੱਦਿਆਂ ਉੱਪਰ ਬਹਿਸ ਦਾ ਨਿਉਤਾ ਦਿੰਦੇ ਹਨ,’ਰਵੀਸ਼ ਕੁਮਾਰ’ ਇਨ੍ਹਾਂ ਵਿੱਚੋਂ ਸਿਖਰਲਾ ਨਾਮ ਹੈ।ਜੋ ਲਗਾਤਾਰ ਆਪਣੀ ਜਾਨ ਦੀ ਪਰਵਾਹ ਨਾ ਕਰਦਿਆਂ ਸਰਕਾਰ ਦਰਬਾਰ ਦੇ ਕੀਤੇ ਲੋਕ ਵਿਰੋਧੀ ਕੰਮਾਂ ਦਾ ਵਿਰੋਧ ਕਰਦੇ ਹਨ,ਅਤੇ ਅਸਲ ਖਬਰ ਲੋਕਾਂ ਤੱਕ ਪਹੁੰਚਾਉਂਦੇ ਕਰਦੇ ਹਨ।
ਅੱਜ ਕੁੱਝ ਸਮਾਂ ਅਜਿਹਾ ਆ ਗਿਆ ਹੈ ਕਿ ਲੋਕ ਹਿਤੈਸ਼ੀ ਦੀ ਗੱਲ ਕਰਨ ਲਈ ਨਵੇਂ ਨਵੇਂ ਨਿਊਜ਼ ਚੈਨਲਾਂ ਤੇ ਅਖਬਾਰਾਂ ਦਾ ਅਰੰਭ ਕਰਨਾ ਪਵੇਗਾ ਜਿਸ ਦੀ ਉਦਾਹਰਣ ਸਾਡੇ ਸਾਹਮਣੇ ਨਵੇਂ ਕਿਸਾਨ ਮਜ਼ਦੂਰਾਂ ਦੀਆਂ ਜਥੇਬੰਦੀਆਂ ਦੁਆਰਾ ਕੀਤੇ ਖੇਤੀਬਾੜੀ ਬਿੱਲਾਂ ਦੇ ਵਿਰੋਧ ਵਿੱਚ ਸੁਰਮੀਤ ਮਾਵੀ,ਜੱਸੀ ਸੰਘਾ ਨੇ ‘ਟਰਾਲੀ ਟਾਈਮਜ਼’ ਨਾਮ ਦਾ 4 ਪੰਨਿਆਂ ਦਾ ਅਖ਼ਬਾਰ ਸ਼ੁਰੂ ਕਰਕੇ ਕਿਸਾਨਾਂ ਤੇ ਮਜ਼ਦੂਰਾਂ ਦੀ ਆਵਾਜ ਨੂੰ ਸਰਕਾਰਾਂ ਤੱਕ ਪਹੁੰਚਾਉਣ ਦਾ ਯਤਨ ਕੀਤਾ ਹੈ,ਜੋ ਮੀਡੀਆ,ਅਖਬਾਰਾਂ ਦੇ ਲੋਕ ਵਿਰੋਧੀ ਰਵਈਏ ਦਾ ਨਤੀਜਾ ਹੈ।ਅਤੇ ਇਸੇ ਦੌਰਾਨ ਕਈ ਲੋਕਲ ਚੈੱਨਲ ਅਤੇ ਵੈਬ ਚੈੱਨਲ ਵੀ ਹੋਂਦ ਵਿੱਚ ਆਏ,ਜੋ ਰਾਸ਼ਟਰੀ ਮੀਡੀਆਂ ਦੇ ਗੂੰਗੇ,ਬੋਲ਼ੇ ਅਤੇ ਅੰਨ੍ਹੇ ਹੋਣ ਦਾ ਨਤੀਜਾ ਹਨ।ਤਾਂ ਕਿ ਆਮ ਲੋਕਾਂ ਦੀ ਸਹੀ ਜਾਣਕਾਰੀ,ਖ਼ਬਰ ਪੂਰੇ ਵਿਸ਼ਵ ਵਿੱਚ ਪਹੁੰਚਾਈ ਜਾਵੇ।
ਅੱਜ ਪੂਰਾ ਰਾਸ਼ਟਰੀ ਮੀਡੀਆ ਆਪਣੇ ਉੱਪਰ ‘ਗੋਦੀ ਮੀਡੀਆ ਜਾਂ ਵਿਕਾਊ ਹੋਣ’ ਦਾ ਲੇਬਲ ਲਗਵਾ ਚੁੱਕਿਆ ਹੈ,ਅਤੇ ਆਮ ਲੋਕਾਂ ਦੀ ਮੀਡੀਆ ਉੱਪਰੋਂ ਭਰੋਸੇਯੋਗਤਾ ਨੂੰ ਗਵਾ ਚੁੱਕਿਆ ਹੈ,ਜਿਸਦਾ ਕਾਰਨ ਹੈ ਸਰਕਾਰ ਦੁਆਰਾ ਮੀਡੀਆ ਉੱਪਰ ਦਬਾਅ ਬਣਾਕੇ ਗ਼ਲਤ ਅਤੇ ਸਰਕਾਰ ਹਿੱਤ ਖ਼ਬਰਾਂ ਹੀ ਲੋਕਾਂ ਤੱਕ ਪਹੁੰਚਾਉਣਾ।ਜੋ ਸਾਡੇ ਲੋਕਤੰਤਰੀ ਰਾਜ ਨੂੰ ਤਾਨਾਸ਼ਾਹੀ ਰੂਪ ਪ੍ਰਦਾਨ ਕਰਦੀ ਜਾਪਦੀ ਹੈ।ਇੱਕ ਰਾਸ਼ਟਰ ਦੇ ਮੀਡੀਆ ਦਾ ਸਰਕਾਰ ਦੇ ਦਬਾਅ ਤੋਂ ਮੁਕਤ ਹੋਣਾ ਬਹੁਤ ਜਰੂਰੀ ਹੈ।ਤਾਂ ਕਿ ਲੋਕਤੰਤਰ ਦੀ ਹੋਂਦ ਨੂੰ ਕਾਇਮ ਰੱਖਿਆ ਜਾ ਸਕੇ।
ਪਰ ਅੰਤ ਵਿੱਚ ਇਸ ਮੀਡੀਆ ਦੇ ਬਦਲਦੇ ਰੂਪ ਸਾਡੇ ਦੇਸ਼ ਦਾ ਨੌਜਵਾਨ, ਬੁੱਧੀਜੀਵੀਆਂ, ਸਵਾਰਥੀ ਵਰਗ ਵੀ ਕੀਤੇ ਨਾ ਕੀਤੇ ਜ਼ਰੂਰ ਜ਼ਿਮੇਵਾਰ ਹਨ ਜੋ ਮੀਡੀਆ ਦੀ ਦਿੱਤੀ ਜਾਣਕਾਰੀ ਦੀ ਪੜਚੋਲ ਕਰਨ ਦੀ ਥਾਂ ਹਰ ਸਮੇਂ ਮੋਬਾਇਲ ਤੇ ਫਾਲਤੂ ਐਪਾਂ ਤੇ ਆਪਣਾ ਸਮਾਂ ਵਿਅਰਥ ਗਵਾਉਣਾ ਵਧੀਆ ਸਮਝਦੀ । ਲੋੜ ਹੈ ਸਾਨੂੰ ਮੀਡੀਆ ਦੀ ਦਿੱਤੀ ਜਾਣਕਾਰੀ ਚਾਹੇ ਉਹ ਨਿੱਜੀ ਜਾਂ ਸਰਕਾਰੀ ਨਿਊਜ਼ ਚੈਨਲਾਂ ਦੀ ਨਿਊਜ਼ ਜਾਂ ਅਖ਼ਬਾਰਾਂ ਦੀਆਂ ਖ਼ਬਰਾਂ ਹੋਣ ਉਹਨਾਂ ਦਾ ਹਰਪੱਖ ਤੋਂ ਅਧਿਐਨ ਕਰਨ ਪਿੱਛੋਂ ਹੀ ਸੱਚ ਮੰਨੀਏ, ਚਗੇ ਨੂੰ ਚੰਗਾ ਤੇ ਮਾੜੇ ਨੂੰ ਮਾੜਾ ਕਹਿਣਾ ਸਿੱਖੀਏ ਫਿਰ ਹੀ ਸਾਡਾ ਮੀਡੀਆ ਲੋਕਤੰਤਰ ਦਾ ਚੌਥਾ ਥੰਮ ਸਾਬਤ ਹੋ ਸਕਦਾ ਹੈ।
ਅਸਿਸਟੈਂਟ. ਪ੍ਰੋ. ਗੁਰਮੀਤ ਸਿੰਘ
ਸਰਕਾਰੀ ਕਾਲਜ ਮਾਲੇਰਕੋਟਲਾ
94175-45100