ਵਡਿਆ ਸ਼ਰਾਬੀਆ ਓਏ !

ਗੁਰਮਾਨ ਸੈਣੀ

(ਸਮਾਜ ਵੀਕਲੀ)

ਮੈਂ ਤੇ ਗਿਰੀ ਸੈਕਟਰ 32 ਦੇ ਹਸਪਤਾਲ ਵਿੱਚ ਕਿਸੇ ਰਿਸ਼ਤੇਦਾਰ ਦੀ ਸਿਹਤਯਾਬੀ ਲਈ ਹਾਜ਼ਰ ਹੋਏ। ਇਕੱਠਿਆਂ ਜਦੋਂ ਵੀ ਕਿਤੇ ਜਾਣਾ ਹੁੰਦਾ ਤਾਂ ਅਕਸਰ ‌ਆਥਣ ਦਾ ਵੇਲਾ ਹੀ ਤਹਿ ਹੁੰਦਾ।ਉਹ ਦਫ਼ਤਰੋਂ ਵਿਹਲਾ ਹੁੰਦਾ ਤਾਂ ਮਿਲਣ ਦੀ ਵਿਉਂਤਬੰਦੀ ਬਣਦੀ । ਉਦੋਂ ਉਹ ਚੰਡੀਗੜ੍ਹ ਦੇ ਸਨਅਤੀ ਏਰੀਆ, ਰਾਮ ਦਰਬਾਰ ਫੇਜ਼ 2 ਵਾਲੇ ਦਫ਼ਤਰ ਵਿਖੇ ਤਾਇਨਾਤ ਸੀ। ਉਸਦੇ ਦਫ਼ਤਰ ਸਕੂਟਰ ਖੜ੍ਹਾ ਕਰਕੇ ਹਸਪਤਾਲ ਨੂੰ ਚਾਲੇ ਪਾਏ।ਸਿਆਲ ਦੇ ਦਿਨ। ਹਸਪਤਾਲ ਤੋਂ ਵਿਹਲੇ ਹੁੰਦਿਆਂ ਹੁੰਦਿਆਂ ਹੀ ਹਨੇਰਾ ਘਿਰ ਆਇਆ। ਹਸਪਤਾਲ ਤੋਂ ਨਿਕਲ ਕੇ ਸਕੂਟਰ ਸੈਕਟਰ 32 ਵਿਚਲੇ ਨਿਰਮਾਣ ਸਿਨੇਮਾ ਕੋਲ ਲਿਆ ਖਿਲਾਰਿਆ। ਅੱਗੇ ਵਾਂਗ ਸਰਕਾਰੀ ਦੁਕਾਨ ਦੀ ਫੀਸ ਅਦਾ ਕੀਤੀ।

ਆਮ ਵਾਂਗ ਹੀ ਸਾਹਮਣੇ ਬੈਠੇ ਆਂਡਿਆਂ ਵਾਲੇ ਨੂੰ ਆਂਡਿਆਂ ਲਈ ਆਖ ਕੇ ਗਿਲਾਸ ਤੇ ਪਾਣੀ ਮੰਗਿਆ। ਅਹਾਤੇ ਅਤੇ ਪੁਲਿਸ ਦੀ ਸਖ਼ਤਾਈ ਦੀ ਦੁਹਾਈ ਦਿੰਦਿਆਂ ਉਸਨੇ ਗਿਲਾਸ ਦੇਣੋਂ ਸਾਫ ਮਨਾ ਕਰ ਦਿਤਾ ਤਾਂ ਗਿਰੀ ਦਾ ਮੂੰਹ ਉਤਰ ਗਿਆ। ਦਰ ਅਸਲ ਲੋਕਾਂ ਦੇ ਇੱਧਰ ਉੱਧਰ ਪੀ ਲੈਣ ਕਰਕੇ ਅਹਾਤੇ ਵਾਲੇ ਦਾ ਕੰਮ ਬਿਲਕੁਲ ਹੀ ਬੈਠ ਗਿਆ ਸੀ। ਉਸਨੇ ਪੁਲਿਸ ਨੂੰ ਕਹਿ ਕੇ ਸਖ਼ਤੀ ਕਰਵਾ ਦਿੱਤੀ। ਇੰਨੇ ਨੂੰ ਆਂਡਿਆਂ ਵਾਲੇ ਨੇ ਦੋ ਆਂਡੇ ਛਿੱਲ ਕੇ ਪਲੇਟ ਵਿੱਚ ਧਰ ਦਿੱਤੇ ਤਾਂ ਗਿਰੀ ਭੜਕ ਪਿਆ। ” ਨਾ , ਗਿਲਾਸ ਤੇ ਪਾਣੀ ਬਿਨਾਂ ਆਂਡੇ ਮੈਂ….. ਦੇਣੇ।” ਕੰਮ ਬਣਦਿਆਂ ਨਾ ਦੇਖ ਕਿਸੇ ਹੋਰ ਪਾਸੇ ਨੂੰ ਮਾਰਕੀਟ ਦਾ ਗੇੜਾ ਮਾਰਿਆ ਪਰ ਹਰ ਪਾਸੇ ਹੀ ਘੋੜੇ ਵਾਲਾ ਘੁੰਮਿਆ ਲਗਦਾ ਸੀ।

ਦਰ ਅਸਲ ਅਹਾਤੇ ਵਿੱਚ ਬਹਿ ਕੇ ਅਸਾਂ ਪੀਣਾ ਨਹੀਂ ਸੀ ਚਾਹੁੰਦੇ। ਮਹਾਤੜ ਇਕ ਤਾਂ ਸਸਤੇ ਵਿੱਚ ‌ਸਾਰਨ ਦੇ ਆਦੀ ਦੂਜਾ ਉੱਥੇ ਪੈਂਦਾ ਸ਼ੋਰ ਤੇ ਧੂੰਏਂ ਤੋਂ ਸਾਨੂੰ ਅੰਤਾਂ ਦੀ ਕੋਫਤ ਹੁੰਦੀ। ਸਾਡੇ ਦੋਸਤਾਂ ਦੇ ਪੂਰੇ ਘੇਰੇ ਵਿੱਚ ਇੱਕ ਵੀ ਮਿੱਤਰ ਪਿਆਰਾ ਬੀੜੀ ਸਿਗਰਟ ਨਹੀਂ ਪੀਂਦਾ। ਤੀਜਾ ਅਹਾਤੇ ਵਿੱਚ ਬਹਿ ਤੇ ਪੀਤੀ ਹੀ ਜਾ ਸਕਦੀ ਹੈ ਕੋਈ ਗੱਲ ਬਾਤ ਸਹਿਜ ਢੰਗ ਨਾਲ ਨਹੀਂ ‌ਹੋ ਸਕਦੀ। ਅਸੀਂ ਤੇ ਉੰਝ ਵੀ ਧੀਮਾ ਬੋਲਦੇ ਤੇ ਬਹੁਤੀ ਇਸ਼ਾਰਿਆਂ ਵਿੱਚ ਹੀ ਗਲਾਂ ਕਰਨ ਵਾਲਿਆਂ ਵਿੱਚ ਗਿਣੇ ਜਾਂਦੇ ਸਾਂ।

ਮਾਰਕੀਟ ਵਿੱਚ ਘੁੰਮਦਿਆਂ ਨੂੰ ਇੱਕ ਨਲਕਾ ਨਜ਼ਰੀਂ ਪਿਆ। ਨਾਲ ਹੀ ਇੱਕ ਬਿਨਾਂ ਟਾਇਰਾਂ ਵਾਲੀ ਪੁਰਾਣੀ ਅੰਬੈਸਡਰ ਕਾਰ।ਕਾਰ ਬਿਸਤਰਿਆਂ ਤੇ ਨਿੱਕ-ਸੁੱਕ ਨਾਲ ਭਰੀ ਪਈ ਸੀ। ਵੇਖਿਆ ਤਾਂ ਕਾਰ ਦੇ ਨਾਲ ਇੱਕ ਮਜ਼ਦੂਰ ਰੋਟੀ ਬਣਾਉਣ ਲਈ ਆਟਾ ਗੁੰਨਣ ਵਿੱਚ ਲੀਨ ਸੀ। ਉਸਦੇ ਨਾਲ ਗੱਲੀਂ ਬਾਤੀਂ ਲੱਗ ਗਏ। ਆਪਣੇ ਵੱਲੋਂ ਜਿਵੇਂ ਕਿਸੇ ਲੰਮੀ ਕਹਾਣੀ ਦੀ ਭੂਮਿਕਾ ਬੰਨਣੀ ਹੋਵੇ। ਪਤਾ ਲੱਗਿਆ ਕਿ ਉਸਦੇ ਚਾਰ ਸਾਥੀ ਹੋਰ ਸਨ ਜਿਹੜੇ ਹਾਲੇ ਕੰਮ ਤੋਂ ਨਹੀਂ ਸਨ ਪਰਤੇ। ਅੱਜ ਉਸਦੀ ਰੋਟੀ ਬਣਾਉਣ ਦੀ ਬਾਰੀ ਸੀ ਤੇ ਇਹ ਬਾਰੀਆਂ ਨਿੱਤ ਬਦਲਦੀਆਂ ਰਹਿੰਦੀਆਂ ਸਨ। ਉਹ ਵਿਚਾਰੇ ਖਾ ਪੀ ਕੇ ਇੱਥੇ ਦੁਕਾਨਾਂ ਤੇ ਸੋਅ ਰੂਮਾਂ ਦੇ ਵਰਾਂਡਿਆਂ ਵਿੱਚ ਹੀ ਦਿਨ ਕਟੀ ਕਰ ਰਹੇ ਸਨ।

ਖੁੱਲ ਮਿਲਦਿਆਂ ਹੀ ਗਿਰੀ ਨੇ ਆਪਣਾ ਦੁੱਖੜਾ ਉਸਦੇ ਸਾਹਮਣੇ ਲਿਆ ਧਰਿਆ। ਉਸਨੇ ਦੱਸਿਆ ਕਿ ਘੋੜੇ ਵਾਲਾ ਸਿਰਫ ਦੁਕਾਨਾਂ ਤੇ ਹੀ ਨਹੀਂ ਇਧਰੋਂ ਵੀ ਲੰਘਦਾ ਰਹਿੰਦਾ ਹੈ। ਆਸ ਦੀ ਜਿਹੜੀ ਮਾੜੀ ਮੋਟੀ ਕਿਰਨ ਚਮਕੀ ਵੀ ਸੀ , ਉਹ ਵੀ ਚਮਕਣੋ ਪਹਿਲਾਂ ਹੀ ਦਮ ਤੋਡ਼ ਗਈ।
ਆਖਰ ਉਸਦਾ ਮਹਿਕਮਾ, ਉਸਦਾ ਰੁਤਬਾ ਤੇ ਪਾਏ ਹੋਏ ਵਧੀਆ ਕੱਪੜੇ ਇਸ ਲੀਕ ਤੋਂ ਅੱਗੇ ਉਸਨੂੰ ਟੱਪਣ ਨਹੀਂ ਸਨ ਦਿੰਦੇ। ਉਸਨੂੰ ਬਾਜ਼ੀ ਹਾਰਿਆਂ ਦੇਖ ਕੇ ਇਸ ਗਰੀਬ ਨੇ ਦਹਿਲਾ ਸੁਟਿਆ। ਆਪਣੀ ਸਾਦਗੀ ਤੇ ਦੇਸੀ ਬੋਲਬਾਣੀ ਨਾਲ ਗੱਲ ਨੂੰ ਅੱਗੇ ਤੋਰਿਆ। ਹੱਸੇ ਠੱਠੇ ਨਾਲ ਗਿਲਾਸ ਦੀ ਗੱਲ ਰੱਦ ਕਰਦਿਆਂ ਮੈਂ ਬ੍ਰਹਮ ਅਸਤ੍ਰ ਸੁੱਟਿਆ।

” ਨਾ, ਗਿਲਾਸ ਵਿੱਚ ਪੀਣ ਲਈ ਸਾਨੂੰ ਕਿਹੜਾ ਡਾਕਟਰ ਨੇ ਦੱਸਿਆ ਹੈ।” ਜੱਦ ਗੱਲ ਕੁਝ ਵੀ ਚੱਲੂ ਤੇ ਆਣ ਖੜੀ ਤਾਂ ਭਾਈ ਨੇ ਸਾਨੂੰ ਤੁੱਸਕ ਫੜਾ ਕੇ ਨਲਕੇ ਤੇ ਤੋਰ ਦਿੱਤਾ। ਉਸਦਾ ਆੱਟਾ ਗੁੰਨਿਆ ਜਾ ਚੁੱਕਿਆ ਸੀ।ਸਾਡਾ ਨਲਕਾ ਵੀ ਗਿੜਨ ਲੱਗਿਆ। ਮਰਦਾ ਕੀ ਨੀ ਕਰਦਾ। ਪਰ ਗਿਰੀ ਖੁਸ਼ ਸੀ। ਖੁਸ਼ੀ ਖੁਸ਼ੀ ਵਿੱਚ ਹੀ ਉਹ ਦੌੜ ਕੇ ਆਂਡੇ ਫੜ ਲਿਆਇਆ। ਤੁੱਸਕ ਵਿੱਚ ਹੀ ਉਸ ਸ਼ਾਮ ਚਰਨਾਮਤ ਵਰਤਦਾ ਰਿਹਾ। ਆਖ਼ਰੀ ਪਰਾਗਣਾ, ਜਿਵੇਂ ਪਿੰਡਾਂ ਵਾਲੇ ਕਰਦੇ ਹੁੰਦੇ ਹਨ ਕਿ ਵਰਤਿਆ ਭਾਂਡਾ ਖਾਲੀ ਨਹੀਂ ਮੋੜੀਦਾ, ਅਸਾਂ ਉਸ ਲਈ ਤਿਆਰ ਕੀਤਾ।

ਤੁੱਸਕ ਦੇਖ ਤੇ ਆਪਣੀ ਬਣਦੀ ਸਰਦੀ ਇਮਦਾਦ ਦੇ ਫ਼ਖ਼ਰ ਨਾਲ ਉਹ ਇੱਕੋ ਸਾਹੇ ਡੀਕ ਗਿਆ।ਤੇ ਚੱਲਣ ਦੀ ਦੂਆ ਸਲਾਮ ਵੇਲੇ ਇੱਕੋ ਹੀ ਗੱਲ ਆਖੀ ” ਦੇਖੋ , ਗਿਲਾਸ ਦੀ ਗੱਲ ਤਾਂ ਮੈਂ ਕਹਿ ਨਹੀਂ ਸਕਦਾ ਪਰ ਤੁੱਸਕ ਤੋਂ ਉੱਕਾ ਨਹੀਂ ਮੁੱਕਰਦਾ।” ਆਂਦੇ ਜਾਂਦੇ ਰਿਹਾ ਕਰੋ।

ਗੁਰਮਾਨ ਸੈਣੀ
ਰਾਬਤਾ : 9256346906

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਬੀ ਪੀ ਈ ਓ (ਸ-1) ਦਾ ਅਹੁਦਾ ਮਨਜਿੰਦਰ ਸਿੰਘ ਨੇ ਸੰਭਾਲਿਆ
Next articleਭਰਮ…..