ਵਟਸਐਪ ਵੱਲੋਂ ਨਵੀਂ ਨਿੱਜਤਾ ਨੀਤੀ ’ਤੇ ਤਿੰਨ ਮਹੀਨਿਆਂ ਤੱਕ ਰੋਕ

ਹਿਊਸਟਨ (ਸਮਾਜ ਵੀਕਲੀ) : ਵਟਸਐਪ ਨੇ ਆਪਣੀ ਨਵੀਂ ਨਿੱਜਤਾ ਨੀਤੀ ’ਚ ਬਦਲਾਅ ਨੂੰ ਅਗਲੇ ਤਿੰਨ ਮਹੀਨਿਆਂ ਤੱਕ ਲਈ ਟਾਲ ਦਿੱਤਾ ਹੈ। ਇਸ ਨੀਤੀ ਨੂੰ ਲੈ ਕੇ ਵਟਸਐਪ ਨੂੰ ਭਾਰਤ ਸਮੇਤ ਆਲਮੀ ਪੱਧਰ ’ਤੇ ਲੱਖਾਂ ਲੋਕਾਂ ਦੀ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਸੀ ਅਤੇ ਕਈ ਯੂਜ਼ਰਸ ਨੇ ਤਾਂ ਵਟਸਐਪ ਛੱਡ ਕੇ ਸਿਗਨਲ ਅਤੇ ਟੈਲੀਗ੍ਰਾਮ ਜਿਹੇ ਪਲੇਟਫਾਰਮਸ ਚੁਣ ਲਏ ਸਨ।

ਫੇਸਬੁੱਕ ਦੀ ਮਾਲਕੀ ਵਾਲੀ ਕੰਪਨੀ ਨੇ ਕਿਹਾ ਕਿ ਉਨ੍ਹਾਂ ਨੀਤੀ ’ਚ ਬਦਲਾਅ 8 ਫਰਵਰੀ ਤੋਂ ਕਰਨਾ ਸੀ ਪਰ ਹੁਣ ਵਟਸਐਪ ਨੇ ਇਹ ਫ਼ੈਸਲਾ 15 ਮਈ ਤੱਕ ਟਾਲ ਦਿੱਤਾ ਹੈ। ਕੰਪਨੀ ਨੇ ਕਿਹਾ ਹੈ ਕਿ 8 ਫਰਵਰੀ ਨੂੰ ਕਿਸੇ ਦਾ ਖਾਤਾ ਮੁਅੱਤਲ ਜਾਂ ਹਟਾਇਆ ਨਹੀਂ ਜਾਵੇਗਾ ਅਤੇ ਇਹ ਪਹਿਲਾਂ ਵਾਂਗ ਕੰਮ ਕਰਦਾ ਰਹੇਗਾ। ਵਟਸਐਪ ਨੇ ਸਪੱਸ਼ਟ ਕੀਤਾ ਹੈ ਕਿ ਨਵੀਂ ਨੀਤੀ ਨਾਲ ਕਿਸੇ ਦੇ ਡੇਟਾ ਨੂੰ ਫੇਸਬੁੱਕ ਨਾਲ ਸਾਂਝਾ ਨਹੀਂ ਕੀਤਾ ਜਾਵੇਗਾ।

ਕੰਪਨੀ ਨੇ ਬਲੌਗ ’ਚ ਕਿਹਾ ਹੈ ਕਿ ਵਟਸਐਪ ਦੀ ਨੀਤੀ ’ਚ ਬਦਲਾਅ ਬਾਰੇ ਪਿਛਲੇ ਕੁਝ ਸਮੇਂ ਤੋਂ ਗੁੰਮਰਾਹਕੁਨ ਪ੍ਰਚਾਰ ਕੀਤਾ ਜਾ ਰਿਹਾ ਹੈ ਜੋ ਚਿੰਤਾ ਦਾ ਵਿਸ਼ਾ ਹੈ ਅਤੇ ਉਹ ਚਾਹੁੰਦੇ ਹਨ ਕਿ ਸਾਰੇ ਲੋਕ ਵਟਸਐਪ ਦੇ ਸਿਧਾਂਤਾਂ ਅਤੇ ਤੱਥਾਂ ਨੂੰ ਸਮਝਣ।

‘ਵਟਸਐਪ ਇਕ ਸਾਧਾਰਨ ਵਿਚਾਰ ਨਾਲ ਬਣਿਆ ਸੀ ਕਿ ਲੋਕ ਜੋ ਕੁਝ ਵੀ ਆਪਣੇ ਦੋਸਤਾਂ ਅਤੇ ਪਰਿਵਾਰਾਂ ਨਾਲ ਸਾਂਝਾ ਕਰਦੇ ਹਨ, ਉਹ ਉਨ੍ਹਾਂ ਵਿਚਕਾਰ ਹੀ ਰਹੇਗਾ। ਇਸ ਤੋਂ ਇਹ ਭਾਵ ਹੈ ਕਿ ਅਸੀਂ ਨਿੱਜੀ ਗੱਲਬਾਤ ਨੂੰ ਹਮੇਸ਼ਾ ਸੁਰੱਖਿਅਤ ਰੱਖਾਂਗੇ ਅਤੇ ਕਿਸੇ ਨੂੰ ਇਸ ਦੀ ਜਾਣਕਾਰੀ ਨਹੀਂ ਦਿੱਤੀ ਜਾਵੇਗੀ।’ ਉਨ੍ਹਾਂ ਕਿਹਾ ਕਿ ਨਾ ਤਾਂ ਵਟਸਐਪ ਅਤੇ ਨਾ ਹੀ ਫੇਸਬੁੱਕ ਇਨ੍ਹਾਂ ਪ੍ਰਾਈਵੇਟ ਸੁਨੇਹਿਆਂ ਨੂੰ ਦੇਖ ਸਕਦਾ ਹੈ।

Previous articleਮੋਦੀ ਸਰਕਾਰ ਨੇ ਕਿਸੇ ਨਾਲ ਕੋਈ ਸਲਾਹ ਮਸ਼ਵਰਾ ਨਹੀਂ ਕੀਤਾ: ਚਿਦੰਬਰਮ
Next articleਭਾਰਤ ਦਾ ਪਰਵਾਸੀ ਭਾਈਚਾਰਾ ਦੁਨੀਆ ਵਿੱਚ ਸਭ ਤੋਂ ਵੱਡਾ