ਨਵੀਂ ਦਿੱਲੀ (ਸਮਾਜਵੀਕਲੀ) : ਚੀਨ ਨਾਲ ਜਾਰੀ ਸਰਹੱਦੀ ਵਿਵਾਦ ਦਰਮਿਅਾਨ ਭਾਰਤੀ ਜਲਸੈਨਾ ਨੇ ਪੂਰਬੀ ਲੱਦਾਖ ਵਿੱਚ ਅਸਲ ਕੰਟਰੋਲ ਰੇਖਾ ਦੇ ਨਾਲ ਐਂਟੀ ਸਬਮਰੀਨ ਪੋਸੇਡੋਨ-8ਆਈ ਤਾਇਨਾਤ ਕੀਤੀ ਹੈ। ਸੂਤਰਾਂ ਨੇ ਕਿਹਾ ਕਿ ਭਾਰਤੀ ਹਵਾਈ ਫ਼ੌਜ ਵੱਲੋਂ ਜਲਦੀ ਹੀ ਉੱਤਰੀ ਸੈਕਟਰ ਵਿਚ ਆਪਣੇ ਅਹਿਮ ਅੱਡਿਆਂ ’ਤੇ ਮਿੱਗ-29ਕੇ ਜੰਗੀ ਜਹਾਜ਼ ਤਾਇਨਾਤ ਕੀਤੇ ਜਾਣਗੇ।
ਸੂਤਰਾਂ ਨੇ ਕਿਹਾ ਕਿ ਹਵਾਈ ਜੰਗੀ ਜਹਾਜ਼ਾਂ ਦੀ ਨਫ਼ਰੀ ਤਿੰਨੇ ਸੈਨਾਵਾਂ ਵੱਲੋਂ ਕੌਮੀ ਸੁਰੱਖਿਆ ਚੁਣੌਤੀਆਂ ਨਾਲ ਮਿਲ ਕੇ ਸਿੱਝਣ ਲਈ ਵਿੱਢੇ ਯਤਨਾਂ ਵਜੋਂ ਵਧਾਈ ਗਈ ਹੈ। ਸਮੁੰਦਰੀ ਜੰਗੀ ਜਹਾਜ਼ਾਂ ਦੀ ਤਾਇਨਾਤੀ ਨਾਲ ਭਾਰਤੀ ਹਵਾਈ ਫੌਜ ਦੇ ਦੁਸ਼ਮਣ ਦੇ ਖੇਤਰ ’ਚ ਧੁਰ ਅੰਦਰ ਤਕ ਹਮਲਾ ਕਰਨ ਦੇ ਯਤਨਾਂ ਨੂੰ ਬਲ ਮਿਲੇਗਾ। ਮੌਜੂਦਾ ਸਮੇਂ ਜਲਸੈਨਾ ਕੋਲ 40 ਮਿੱਗ-29ਕੇ ਜਹਾਜ਼ਾਂ ਦੀ ਫਲੀਟ ਮੌਜੂਦ ਹੈ ਤੇ ਇਨ੍ਹਾਂ ਵਿੱਚੋਂ ਘੱਟੋ-ਘੱਟ 18 ਜਹਾਜ਼ ਸਮੁੰਦਰੀ ਬੇੜੇ ਆਈਐੱਨਐੱਸ ਵਿਕਰਮਾਦਿੱਤਿਆ ’ਤੇ ਤਾਇਨਾਤ ਹਨ।