ਨਵੀਂ ਦਿੱਲੀ (ਸਮਾਜਵੀਕਲੀ) : ਭਾਰਤ ਚੀਨ ਸਰਹੱਦ ’ਤੇ ਮੰਗਲਵਾਰ ਨੂੰ ਤਣਾਅ ਉਦੋਂ ਵੱਧ ਗਿਆ ਜਦੋਂ ਦੋਵਾਂ ਮੁਲਕਾਂ ਦੀਆਂ ਫੌਜਾਂ ਦੇ ਹਥਿਆਰਾਂ ਨਾਲ ਲੈਸ ਜਵਾਨ ਇਕ-ਦੂਜੇ ਸਾਹਮਣੇ ਡੱਟ ਗਏ। ਮੰਨਿਆ ਜਾ ਰਿਹਾ ਹੈ ਕਿ 5-6 ਮਈ ਦੀ ਰਾਤ ਨੂੰ ਦੋਵਾਂ ਧਿਰਾਂ ਵਿੱਚ ਹੋਈ ਝੜਪ ਦੀ ਅੱਗ ਹਾਲੇ ਵੀ ਸੁਲਘ ਰਹੀ ਹੈ।
ਚੀਨੀ ਫੌਜ ਪੇਂਗੋਂਗ ਝੀਲ ਦੇ ਉੱਤਰ ਕੰਢੇ ’ਤੇ ਹੈ। ਦੋਵਾਂ ਧਿਰਾਂ ਦੇ ਕਰੀਬ 80-100 ਜਵਾਨ ਇਕ ਦੂਜੇ ਦੇ ਸਾਹਮਣੇ ਆ ਗਏ। ਇਸ ਦੌਰਾਨ ਚੀਨ ਦੇ ਹੈਲੀਕਾਪਟਰਾਂ ਨੇ ਸਰਹੱਦ ’ਤੇ ਕਈ ਉਡਾਣਾਂ ਭਰੀਆਂ ਤੇ ਉਹ ਭਾਰਤੀ ਸਰਹੱਦ ਦੇ ਐਨ ਨੇੜੇ ਆ ਗਏ ਸਨ। ਚੀਨ ਦੀ ਇਸ ਹਰਕਤ ਦਾ ਜਵਾਬ ਦੇਣ ਲਈ ਭਾਰਤੀ ਲੜਾਕੂ ਜਹਾਜ਼ ਸੁਖੋਈ ਨੇ ਸਰਹੱਦ ’ਤੇ ਉਡਾਣ ਭਰੀ। ਦੋਵਾਂ ਮੁਲਕਾਂ ਦੀਆਂ ਫੌਜਾਂ ਵਿੱਚ ਉੱਤਰੀ ਸਿੱਕਮ ਵਿੱਚ ਝੜਪ ਹੋਈ ਸੀ ਤੇ ਨਾਲ ਹੀ ਲੱਦਾਖ ਵਿੱਚ ਵੀ ਦੋਵੇਂ ਮੁਲਕ ਦੇ ਜਵਾਨ ਭਿੜ ਗਏ ਸਨ।