ਦਹਾਕਿਆਂ ਪੁਰਾਣੇ ਪਲਟੂਨ ਬਿ੍ਰਜ ਦੀ ਥਾਂ ਲਵੇਗਾ ਨਵਾਂ ਪੁਲ
· ਲਗਭਗ 20 ਪਿੰਡਾਂ ਦੇ ਹਜ਼ਾਰਾਂ ਵਸਨੀਕਾਂ ਨੂੰ ਮਿਲੇਗਾ ਪੱਕਾ ਲਾਂਘਾ
· 1119 ਲੱਖ ਰੁਪਏ ਦੀ ਲਾਗਤ ਨਾਲ ਬਣਿਆ 180 ਮੀਟਰ ਪੁੱਲ
ਸੁਲਤਾਨਪੁਰ ਲੋਧੀ (ਸਮਾਜ ਵੀਕਲੀ) (ਹਰਜੀਤ ਸਿੰਘ ਵਿਰਕ) ਬਾਊਪੁਰ ਜਦੀਦ ਤੋਂ ਲੱਖ ਵਰਿ੍ਆਂ ਰਾਹੀਂ ਅਨੇਕਾਂ ਟਾਪੂਨੁਮਾਲ ਪਿੰਡਾਂ ਨੂੰ ਪੱਕੇ ਪੁਲ ਰਾਹੀਂ ਜੋੜਨ ਵਾਸਤੇ ਜਦ 23 ਦਸੰਬਰ ਨੂੰ ਨਵੇਂ ਪੁਲ ਦਾ ਉਦਘਾਟਨ ਕੀਤਾ ਜਾਵੇੇਗਾ ਤਾਂ ਇਹ ਲਗਭਗ 20 ਪਿੰਡਾਂ ਦੇ ਹਜ਼ਾਰਾਂ ਵਸਨੀਕਾਂ ਵਲੋਂ ਦਹਾਕਿਆਂ ਤੋਂ ਦੇਖੇ ਜਾ ਰਹੇ ਦਿਨ ਦੀਵੀਂ ਸੁਪਨਾ ਪੂਰਾ ਹੋਣ ਦੀ ਘੜੀ ਹੋਵੇਗੀ।
ਸੁਲਤਾਨਪੁਰ ਲੋਧੀ ਤੋਂ ਵਿਧਾਇਕ ਸ. ਨਵਤੇਜ ਸਿੰਘ ਚੀਮਾ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਲੋਕਾਂ ਨੂੰ ਅਵਾਜਾਈ ਦੀਆਂ ਬਿਹਤਰ ਸਹੂਲਤਾਂ ਮੁਹੱਈਆ ਕਰਵਾਉਣ ਦੇ ਮਕਸਦ ਤਹਿਤ ਸਲਤੁਲਾਨਪੁਰ ਲੋਧੀ ਹਲਕੇ ਵਿੱਚ ਬਿਆਸ ਦਰਿਆ ਦੀ ਕਰੀਕ ਉਪਰ ਪਿੰਡ ਬਾਉਪੁਰ ਜਦੀਦ ਤੋਂ ਲੱਖ ਵਰਿ੍ਆਂ ਸੜਕ ’ਤੇ ਬਣਾਏ ਗਏ ਪੱਕੇ ਪੁੱਲ ਦਾ ਉਦਘਾਟਨ 23 ਦਸੰਬਰ ਨੂੰ 11 ਵਜੇ ਹੋਵੇਗਾ। ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਪਹਿਲ ਕਦਮੀ ਨਾਲ ਹੀ ਲੋਕਾਂ ਦੀ ਸਾਲਾਂ ਪੁਰਾਣੀ ਮੰਗ ਪੂਰੀ ਹੋਣ ਜਾ ਰਹੀ ਹੈ।
ਉਨਾਂ ਕਿਹਾ ਕਿ ਸਰਕਾਰ ਵਲੋਂ ਲੋਕਾਂ ਦੀ ਸਹੂਲਤ ਲਈ ਬਣਾਏ ਗਏ 180 ਮੀਟਰ ਲੰਬੇ ਪੁੱਲ ’ਤੇ 1119.05 ਲੱਖ ਰੁਪਏ ਦਾ ਖਰਚਾ ਆਇਆ ਹੈ। ਉਨ੍ਹਾਂ ਦੱਸਿਆ ਕਿ ਇਸ ਪੁੱਲ ਦੇ ਬਣਨ ਤੋਂ ਪਹਿਲਾਂ ਇਸ ਜਗ੍ਹਾ ’ਤੇ ਪਲਟੂਨ ਬਿ੍ਰਜ ਬਣਾਇਆ ਹੋਇਆ ਸੀ ਜਿਸ ਰਾਹੀਂ ਬਹੁਤ ਸਾਰੇ ਪਿੰਡਾਂ ਜਿਵੇਂ ਕਿ ਬਾਉਪੁਰ ਜਦੀਦ, ਰਾਮਪੁਰ ਗੋਰਾ, ਮਹੰਮਦਾਬਾਦ, ਭੈਣੀ ਕਾਦਰ, ਭੈਣੀ ਬਹਾਦਰ, ਸੇਰਪੁਰ ਡੋਗਰਾ, ਆਲਮਖਾਨ ਵਾਲਾ, ਮੰਡ ਢੂੰਡੇ , ਮੰਡ ਗੁਰਪੁਰ, ਮੰਡ ਕਿਸਨਪੁਰ ਘੜ੍ਹਕਾ, ਮਾਹੀ ਮੰਡ ਬੰਧੂ ਜਦੀਦ, ਮੰਡ ਭੀਮ ਜਦੀਦ, ਮੰਡ ਬੰਧੂ ਕਦੀਮ, ਭੀਮ ਜਦੀਦ, ਮੰਡ ਬੰਧੂ ਭੀਮ, ਮੰਡ ਹੰਗੂਰੇ , ਕਿਸਨਪੁ ਘੜੂਕਾ ਆਦਿ ਨੂੰ ਜੋੜਦਾ ਸੀ। ਬਰਸਾਤ ਦੇ ਮੌਸਮ ਵਿੱਚ ਇਹ ਪਲਟੂਨ ਬਿ੍ਰਜ ਖੋਲਣਾ ਪੈਂਦਾ ਸੀ ਜਿਸ ਨਾਲ ਲੋਕਾਂ ਨੂੰ ਆਉਣ ਜਾਣ ਲਈ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਇਸ ਬਿ੍ਰਜ ਦੀ ਜਗ੍ਹਾ ਇਕ ਪੱਕਾ ਪੁਲ ਬਣਾਉਣ ਦਾ ਫੈਸਲਾ ਕੀਤਾ ਗਿਆ ਸੀ ਅਤੇ ਹੁਣ ਪੁੱਲ ਬਣਾਉਣ ਦਾ ਕੰਮ ਮੁਕੰਮਲ ਹੋ ਚੁੱਕਾ ਹੈ।