(ਸਮਾਜਵੀਕਲੀ)
ਦੀਦਾਵਰ ਸੁਲੇਖ ਸਿਲਸਿਲਾ
ਲੰਘੇ ਕਲ੍ਹ ਬਠਿੰਡਾ ਵਿਚ ਵੱਸਦੇ ਪਿੰਡ ਮਹਿਰਾਜ ਵਿਚ ਲੱਖਾ ਸਿਧਾਣਾ ਨੂੰ ਸਿਆਸੀ ਸਿਆਣਾ ਸਮਝਣ ਵਾਲੇ ਹਮਾਇਤੀਆਂ ਦੇ ਉੱਦਮ ਸਦਕਾ ਵਾਹਵਾ ਵੱਡਾ ‘ਕੱਠ ਕੀਤਾ ਗਿਆ.
ਇਹਦੇ ਵਿਚ ਗੌਲਣਜੋਗ ਗੱਲ ਇਹ ਹੈ ਕਿ ਲੱਖੇ ਦੀ ਸਾਰੀ ਤਕ਼ਰੀਰ ਓਹੀ ਪੁਰਾਣੇ ਭਾਸ਼ਣਾਂ ਵਰਗੀ ਸੀ. ਜਿਵੇਂ ਓਹ ਕੁਝ ਕਤਾਬਾਂ ਪੜ੍ਹ ਕੇ ਡਾਇਲੌਗ ਅਦਾਇਗੀ ਵਾਂਗ ਬੋਲਦਾ ਈ ਰਿਹੈ. ਮਸਲਨ.. “ਜਿਹੜੀਆਂ ਕੌਮਾਂ ਲੜ੍ਹਨਾ ਛੱਡ ਦਿੰਦੀਆਂ ਨੇ, ਉਨ੍ਹਾਂ ਦਾ ਬੱਚਦਾ ਕੁਝ ਨਹੀਂ ਹੁੰਦਾ, ਇਹ ਲੜਾਈ ਫ਼ਸਲਾਂ ਨਈ ਨਸਲਾਂ ਬਚਾਉਣ ਦੀ ਐ.ਟਕਰਾਉਣ ਵਾਲੇ ਲੋਕਾਂ ਦਾ ਇਤਿਹਾਸ ਲਿਖਿਆ ਜਾਂਦੈ, ਵਗੈਰਾ ਵਗੈਰਾ ”
*
ਜਦੋਂ ਲੱਖੇ ਨੇ ਨਿੱਜੀ ਹਸਪਤਾਲਾਂ ਦੇ ਮਾਲਕਾਂ /ਡਾਕਟਰਾਂ ਦੀ ਅੰਨੀ ਲੁੱਟ ਖ਼ਿਲਾਫ਼ ਕੁਝ ਕੁ ਦਿਨ “ਲਹਿਰ” ਚਲਾਈ ਸੀ, ਉਦੋਂ ਅਸੀਂ ਵੀ ਓਹਦੀ ਦੀਦਾ ਦਲੇਰੀ ਦੇ ਪ੍ਰਸ਼ੰਸਕ ਰਹੇ ਸਾਂ ਪਰ ਓਹ ਪਰਦਾਫਾਸ਼ ਮੁਹਿੰਮ ਥੋੜ੍ਹੇ ਦਿਨਾਂ ਬਾਅਦ ਇਵੇਂ ਗ਼ਾਇਬ ਹੋ ਗਈ ਜਿਵੇਂ ਅੱਜਕਲ੍ਹ ਖ਼ਬਰਾਂ ਦੇ ਹੜ੍ਹ ਵਿਚ ਉੱਤਰਾਖੰਡ ਦੇ ਚਮੋਲੀ ਲਾਗੇ ਹੋਏ ਟਨਲ ਹਾਦਸੇ ਦੀ ਖ਼ਬਰ ਗ਼ਾਇਬ ਹੋ ਗਈ ਐ.
*
ਲੱਖੇ ਬਾਰੇ ਦੱਸਿਆ ਜਾਂਦੈ ਕਿ ਕਾਲਜ ਪੜ੍ਹਦਿਆਂ ਲੜ੍ਹਨ/ ਭਿੜਨ ਦੇ ਦਿਨਾਂ ਵਿਚ ਓਹ, ਮਲੂਕਾ ਨਾਂ ਦੇ ਸਿਆਸਤਦਾਨ ਲਈ ਖੌਰੂ ਪਾਉਣ ਦੇ ਕੰਮ ਕਰਦਾ ਸੀ, ਫੇਰ ਉਸਨੂੰ ਭਾਰਤੀ ਡੈਮੋਕਰੇਟਿਕ ਸੈੱਟਅਪ ਦਾ ਜਗੀਰੂ ਖਾਸਾ ਸਮਝ ਆ ਗਿਆ ਤੇ ਓਹ ਗਿਰੋਹਬਾਜ਼ੀ ਦਾ ਰਾਹ ਤੱਜ ਗਿਆ ਸੀ.
*
ਫੇਰ.. ਕੁਝ ਮੁੰਡੇ ਦੱਸਦੇ ਰਹੇ, “ਲੱਖਾ ਬਾਈ ਤਾਂ ਹੁਣ ਇਨਕਲਾਬੀ ਰਹਿਬਰਾਂ ਦੀਆਂ ਜੀਵਨੀਆਂ ਤੇ ਗੰਭੀਰ ਕਤਾਬਾਂ ਪੜ੍ਹਦਾ ਹੈ, ਇਹ ਹੁਣ ਪਹਿਲੇ ਆਲਾ ਲੱਖਾ ਨਹੀਂ ਰਿਹਾ…”
ਗੱਲ ਦਿਲਲਗਵੀ ਸੀ, ਅਸੀਂ ਮੰਨ ਲਿਆ ਕਿ ਲੱਖਾ ਸਿਧਾਣਾ ਸ਼ਾਇਦ ਗੰਭੀਰ ਚਿੰਤਨ ਮਗਰੋਂ ਕੁਝ ਨਵਾਂ ਉਭਾਰੇਗਾ !!! ਪਰ ਓਹਦੇ ਭਾਸ਼ਣ ਸੁਣੋ ਤਾਂ ਸਾਫ਼ ਹੋ ਜਾਂਦੈ ਕਿ ਓਹ ਭੜਕਾਊ ਰਸਾਲਿਆਂ ਵਾਲੀ ਸ਼ਬਦਾਵਲੀ ਦਾ ਕਾਇਲ ਹੈ.
ਇਹਨੂੰ ਪੰਜਾਬੀ ਜੀਵਨ ਚੱਜ ਮੁਤਾਬਕ ਅੱਧੀ ਬਿਸਮਿੱਲ੍ਹਾ ਆਖਾਂਗੇ !!
ਜੇ, ਲੱਖਾ, ਸੰਸਾਰ ਵਿਚ ਤਬਦੀਲੀ ਲਿਆਉਣ ਵਾਲੇ ਚੇ ਗਵੇਰਾ ਦੇ ਸਿਧਾਂਤ ਸਮਝ ਲੈਂਦਾ ਜਾਂ ਉਸਾਰੂ ਸਾਹਿਤ ਪੜ੍ਹਦਾ ਤਾਂ ਓਹਦੀ ਬੋਲਣ ਦੀ ਕਾਬਲੀਅਤ ਲੇਖੇ ਲੱਗ ਜਾਣੀ ਸੀ.
ਲੱਖਾ, ਫ਼ੌਰੀ ਲਾਭ ਵੇਖਦਾ ਹੈ. ਇਕ ਪਾਸੇ ਜਜ਼ਬਾਤੀ ਬਾਹਰਲੇ ਪੰਜਾਬੀ ਹਨ, ਜਿਹੜੇ ਓਹਨੂੰ ਪਰਦੇਸਾਂ ਦੀ ਸੈਰ ਕਰਾ ਕੇ ਨਜਾਰੇ ਦੁਆ ਸਕਦੇ ਨੇ. ਓਹ ਪੰਜਾਬ ਦਾ ਕੇਜਰੀਵਾਲ ਹੋਣ ਦਾ ਮਨੋ ਮਨੀਂ ਸੁਆਦ ਲੈ ਸਕਦਾ ਹੈ. ਆਪਣੀ ਸਿਆਸਤ ਦੇ ਪਸਾਰੇ ਲਈ ਓਹ (ਲੱਖਾ) ਪੁਰਾਤਨ ਧਾਰਮਕ ਰਹੁ ਰੀਤਾਂ ਦਾ ਵੀ ਕਾਇਲ ਹੈ. ਫ਼ੌਰੀ ਸਿਆਸਤ ਦਾ ਪੈਂਤੜਾ ਲੈਂਦਾ ਹੈ ਪਰ ਇਹ ਨਹੀਂ ਸੋਚਦਾ ਕਿ ਸੰਘਰਸ਼ ਦੁਫਾੜ ਹੋ ਰਿਹਾ ਹੈ, ਆਪਾਂ ਸਾਂਝੇ ਨਿਸ਼ਾਨੇ ਤੋਂ ਥਿੜਕ ਰਹੇ ਹਾਂ…
ਉਸਾਰੂ ਕਤਾਬਾਂ ਥੋੜ੍ਹੀਆਂ ਜਿਹੀਆਂ ਪੜ੍ਹ ਕੇ, ਓਹਨੇ ਆਪਣਾ ਦਮਾਗ ਚਾਰਜ ਹੋਇਆ ਮਹਿਸੂਸ ਕੀਤਾ ਤੇ ਰਾਜਸੀ ਕਰੀਅਰ ਬਣਾਉਣ ਨਿੱਕਲ ਗਿਆ. ਕਾਸ਼ ਕਿਤੇ ਚੋਖਾ ਅਧਿਐਨ ਕਰਦਾ ਤਾਂ ਗੱਲ ਹੋਰ ਹੋਣੀ ਸੀ.
ਪਰ.. ਅੱਧੀ ਬਿਸਮਿੱਲ੍ਹਾ ਵਾਲੀ ਬਿਰਤੀ ਛੱਡਣੀ ਪਊਗੀ .. !!!l
ਯਾਦਵਿੰਦਰ +91 94653 29617
ਸਰੂਪ ਨਗਰ, ਰਾਊਵਾਲੀ, ਜਲੰਧਰ