ਫਿਲੌਰ : ਫਿਲੌਰ ਪੁਲਿਸ ਨੇ 35 ਲੱਖ ਦੀ ਹਵਾਲਾ ਰਾਸ਼ੀ ਨਾਲ ਇਕ ਮੁਲਜ਼ਮ ਨੂੰ ਕਾਬੂ ਕੀਤਾ ਹੈ। ਉਹ ਉਕਤ ਪੈਸੇ ਲੁਧਿਆਣਾ ਤੋਂ ਲੈ ਕੇ ਫਿਲੌਰ ਨੇੜਲੇ ਪਿੰਡ ਅੱਪਰਾ ਪਹੁੰਚਾਉਣ ਜਾ ਰਿਹਾ ਸੀ। ਬੱਸ ਦੀ ਬਜਾਏ ਆਟੋ ‘ਚ ਸਵਾਰ ਹੋ ਕੇ ਆ ਮੁਲਜ਼ਮ ਨੂੰ ਫਿਲੌਰ ਪੁਲਿਸ ਨੇ ਕਾਬੂ ਕਰ ਲਿਆ।
ਮੁਲਜ਼ਮ ਨੇ ਪੈਸੇ ਪਲਾਸਟਿਕ ਦੇ ਲਿਫ਼ਾਫੇ ਨਾਲ ਆਪਣੇ ਲੱਕ ਅਤੇ ਪੈਰਾਂ ਨਾਲ ਬੰਨ੍ਹੇ ਹੋਏ ਸਨ ਅਤੇ ਉੱਪਰ ਦੀ ਮੋਟੋ ਕੱਪੜੇ ਪਾਏ ਹੋਏ ਸਨ। ਪੁਲਸ ਨੇ ਉਕਤ ਬਰਾਮਦ ਪੈਸਿਆਂ ਨੂੰ ਈਡੀ ਅਤੇ ਇਨਕਮ ਟੈਕਸ ਵਿਭਾਗ ਦੇ ਹਵਾਲੇ ਕਰ ਦਿੱਤਾ ਹੈ ਅਤੇ ਅੱਗੇ ਦੀ ਕਾਰਵਾਈ ਵੀ ਉਹ ਹੀ ਕਰਨਗੇ।
ਫਿਲੌਰ ਦੇ ਡੀਐੱਸਪੀ ਦਵਿੰਦਰ ਸਿੰਘ ਅੱਤਰੀ ਨੇ ਦੱਸਿਆ ਕਿ ਫਿਲੌਰ ਦੇ ਐੱਸਐੱਚਓ ਸੁਖਵਿੰਦਰ ਸਿੰਘ, ਏਐੱਸਆਈ ਸ਼ਮਸ਼ੇਰ ਸਿੰਘ ਅਤੇ ਏਐੱਸਆਈ ਪ੍ਰਮੋਦ ਕੁਮਾਰ ਵਲੋਂ ਲਾਏ ਵਿਸ਼ੇਸ਼ ਨਾਕੇ ਦੌਰਾਨ ਕਾਬੂ ਕੀਤੇ ਮੁਲਜ਼ਮ ਦੀ ਪਛਾਣ ਪਰਸ਼ੋੋਤਮ ਲਾਲ ਉਰਫ ਵਿੱਕੀ ਪੁੱਤਰ ਰਾਜ ਕੁਮਾਰ ਵਾਸੀ 9/152, ਪੁਰਾਣੀ ਦਾਣਾ ਮੰਡੀ, ਮੁੱਲਾਂਪੁਰ ਦਾਖਾ ਲੁਧਿਆਣਾ ਦੇ ਤੌਰ ‘ਤੇ ਹੋਈ ਹੈ।
ਪੁਲਿਸ ਅਨੁਸਾਰ, ਉਕਤ ਪੈਸੇ ਉਸ ਨੂੰ ਮੁੱਲਾਂਪੁਰ ਦਾਖਾ ਦੇ ਸੁਰਿੰਦਰ ਕੁਮਾਰ ਨੇ ਦਿੱਤੇ ਸੀ, ਜੋ ਕਿ ਹਵਾਲੇ ਦਾ ਕੰਮ ਕਰਦਾ ਹੈ ਜਿਸ ਨੂੰ ਉਹ ਅੱਪਰਾ ‘ਚ ਜਨਰਲ ਸਟੋਰ ਚਲਾਉਣ ਵਾਲੇ ਮਹਿੰਦਰ ਪਾਲ ਤਕ ਪਹੁੰਚਾਉਣ ਜਾ ਰਿਹਾ ਸੀ। ਇਸ ਕੰਮ ਬਦਲੇ ਉਸ ਨੂੰ ਵੀ ਹਿੱਸਾ ਮਿਲਣਾ ਸੀ।
ਐੱਸਐੱਸਪੀ ਨੂੰ ਮਿਲੀ ਸੀ ਇਨਪੁੱਟ
ਉਕਤ ਮਾਮਲੇ ਦੀ ਸੂਚਨਾ ਐੱਸਐੱਸਪੀ ਨਵਜੋਤ ਸਿੰਘ ਮਾਹਲ ਨੂੰ ਮਿਲੀ ਸੀ ਜਿਨ੍ਹਾਂ ਨੇ ਤਰੁੰਤ ਹੀ ਲੁਧਿਆਣਾ-ਫਿਲੌਰ ਮਾਰਗ ‘ਤੇ ਨਾਕਾਬੰਦੀ ਕਰ ਕੇ ਵਾਹਨਾਂ ਦੀ ਜਾਂਚ ਕਰਨ ਦਾ ਹੁਕਮ ਦਿੱਤਾ। ਇਸ ਤੋਂ ਪਹਿਲਾਂ ਵੀ ਪੁਲਿਸ ਬੱਸ ‘ਚ ਸਵਾਰ ਮੁਲਜ਼ਮ ਤੋਂ ਹਵਾਲਾ ਰਾਸ਼ੀ ਬਰਾਮਦ ਕਰ ਚੁੱਕੀ ਹੈ, ਸ਼ਾਇਦ ਇਸੇ ਕਾਰਨ ਹੀ ਇਸ ਵਾਰ ਆਟੋ ਜ਼ਰੀਏ ਉਕਤ ਪੈਸਾ ਭੇਜਿਆ ਜਾ ਰਿਹਾ ਸੀ।