‘ਲੰਮੀ ਉਮਰ ਲਈ ਜੀਵਨ ਸਾਥੀ ਨੂੰ ਖ਼ੁਸ਼ ਰੱਖੋ’

ਲੰਮੀ ਉਮਰ ਤੇ ਚੰਗੀ ਸਿਹਤ ਲਈ ਖ਼ੁਸ਼ ਰਹਿਣਾ ਕਿੰਨਾ ਅਹਿਮ ਹੈ, ਇਹ ਤਾਂ ਅਸੀਂ ਸਾਰੇ ਜਾਣਦੇ ਹਾਂ, ਪਰ ਇਕ ਅਧਿਐਨ ਤੋਂ ਪਤਾ ਲੱਗਾਾ ਹੈ ਕਿ ਲੰਮੀ ਉਮਰ ਪਾਉਣ ਲਈ ਖ਼ੁਸ਼ ਰਹਿਣ ਦੇ ਨਾਲ ਨਾਲ ਤੁਹਾਡੇ ਜੀਵਨ ਸਾਥੀ ਦਾ ਖ਼ੁਸ਼ ਰਹਿਣਾ ਵੀ ਜ਼ਰੂਰੀ ਹੈ।
ਨੀਦਰਲੈਂਡ ਦੀ ਟਿਲਬੁਰਗ ਯੂਨੀਵਰਸਿਟੀ ਦੀ ਖੋਜਾਰਥੀ ਓਲਗਾ ਸਤਾਵਰੋਵਾ ਨੇ ਕਿਹਾ, ‘ਇਹ ਅਧਿਐਨ ਵਿਅਕਤੀ ਦੀ ਸਿਹਤ ’ਤੇ ਉਹਦੇ ਆਲੇ-ਦੁਆਲੇ ਦੇ ਸਮਾਜਿਕ ਮਾਹੌਲ ਦੇ ਅਸਰ ਨੂੰ ਅਹਿਮੀਅਤ ਦਿੰਦਾ ਹੈ।’ ‘ਸਾਇਕਲੋਜੀਕਲ ਸਾਇੰਸ’ ਨਾਂ ਦੇ ਰਸਾਲੇ ਵਿੱਚ ਪ੍ਰਕਾਸ਼ਿਤ ਅਧਿਐਨ ਮੁਤਾਬਕ ਜਿਨ੍ਹਾਂ ਲੋਕਾਂ ਦੇ ਜੀਵਨ ਸਾਥੀ ਸਰਗਰਮ ਜੀਵਨ ਜਿਊਂਦੇ ਹਨ, ਉਨ੍ਹਾਂ ਦੀ ਆਪਣੀ ਜੀਵਨਸ਼ੈਲੀ ਵੀ ਕਾਰਜਸ਼ੀਲ ਰਹਿਣ ਦੀ ਸੰਭਾਵਨਾ ਹੁੰਦੀ ਹੈ। ਸਤਾਵਰੋਵਾ ਨੇ ਕਿਹਾ ਕਿ ਇਸੇ ਤਰ੍ਹਾਂ ਜੇਕਰ ਤੁਹਾਡਾ ਜੀਵਨ ਸਾਥੀ ਤਣਾਅ ਵਿੱਚ ਘਿਰਿਆ ਹੈ ਤੇ ਸ਼ਾਮ ਨੂੰ ਟੀਵੀ ਅੱਗੇ ਬੈਠ ਕੇ ਚਿਪਸ ਖਾਣਾ ਪਸੰਦ ਕਰਦਾ ਹੈ ਤਾਂ ਸੰਭਵ ਹੈ ਕਿ ਤੁਹਾਡੀ ਸ਼ਾਮ ਵੀ ਅਜਿਹੀ ਹੀ ਹੋਵੇਗੀ। ਸਤਾਵਰੋਵਾ ਨੇ ਅਮਰੀਕਾ ਦੇ ਉਨ੍ਹਾਂ ਕਰੀਬ 4400 ਜੋੜਿਆਂ ਦੇ ਅੰਕੜਿਆਂ ’ਤੇ ਅਧਿਐਨ ਕੀਤਾ ਹੈ, ਜਿਨ੍ਹਾਂ ਦੀ ਉਮਰ 50 ਸਾਲ ਤੋਂ ਵੱਧ ਸੀ। ਅੰਕੜੇ ਇਕੱਤਰ ਕਰਨ ਦੀ ਸ਼ੁਰੂਆਤ ਦੇ ਅੱਠ ਸਾਲ ਮਗਰੋਂ ਕਰੀਬ 16 ਫੀਸਦ ਹਿੱਸੇਦਾਰਾਂ ਦਾ ਦੇਹਾਂਤ ਹੋ ਗਿਆ। ਜਿਹੜੇ ਲੋਕ ਫ਼ੌਤ ਹੋਏ, ਉਹ ਜਿਊਂਦੇ ਹਿੱਸੇਦਾਰਾਂ ਦੇ ਮੁਕਾਬਲੇ ਬਜ਼ੁਰਗ, ਘੱਟ ਪੜ੍ਹੇ-ਲਿਖੇ, ਘੱਟ ਅਮੀਰ, ਸਰੀਰਕ ਰੂਪ ਵਿੱਚ ਘੱਟ ਕਾਰਜਸ਼ੀਲ ਤੇ ਖ਼ਰਾਬ ਸਿਹਤ ਵਾਲੇ ਸਨ। ਉਹ ਜਿਊਂਦੇ ਹਿੱਸੇਦਾਰਾਂ ਦੀ ਨਿਸਬਤ ਸਬੰਧਾਂ ਤੇ ਜ਼ਿੰਦਗੀ ਤੋਂ ਵੀ ਘੱਟ ਸੰਤੁਸ਼ਟ ਸਨ ਤੇ ਉਨ੍ਹਾਂ ਦੇ ਜੀਵਨ ਸਾਥੀ ਵੀ ਜ਼ਿੰਦਗੀ ਤੋਂ ਉਕਤਾ ਚੁੱਕੇ ਸਨ। ਅਧਿਐਨ ਤੋਂ ਪਤਾ ਲੱਗਾ ਹੈ ਕਿ ਜਿਨ੍ਹਾਂ ਲੋਕਾਂ ਦੇ ਜੀਵਨ ਸਾਥੀ ਅਧਿਐਨ ਦੀ ਸ਼ੁਰੂਆਤ ਵਿੱਚ ਹੀ ਜੀਵਨ ਤੋਂ ਸੰਤੁਸ਼ਟ ਸਨ, ਉਨ੍ਹਾਂ ਦੀ ਮੌਤ ਦਾ ਖ਼ਤਰਾ ਮੁਕਾਬਲਤਨ ਘੱਟ ਸੀ।

Previous articleਸੁਖਬੀਰ, ਹਰਸਿਮਰਤ, ਜਾਖੜ ਤੇ ਬੀਬੀ ਜਗੀਰ ਕੌਰ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ
Next articleਸ਼ਕਤੀ ਪ੍ਰਦਰਸ਼ਨ ਮਗਰੋਂ ਪਵਨ ਬਾਂਸਲ ਨੇ ਨਾਮਜ਼ਦਗੀ ਭਰੀ