ਕੂਲਿਜ (ਐਂਟੀਗਾ): ਦੁਨੀਆਂ ਦੇ ਸਰਵੋਤਮ ਬੱਲੇਬਾਜ਼ਾਂ ਵਿੱਚ ਸ਼ੁਮਾਰ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਕੌਮਾਂਤਰੀ ਕ੍ਰਿਕਟ ਵਿੱਚ 11 ਸਾਲ ਪੂਰੇ ਕਰਨ ’ਤੇ ਕਿਹਾ ਕਿ ਉਨ੍ਹਾਂ ਨੇ ਕਦੇ ਇਸ ਤੋਂ ਵੱਧ ਦੀ ਉਮੀਦ ਨਹੀਂ ਕੀਤੀ ਸੀ। ਕੋਹਲੀ ਨੇ 2008 ਵਿੱਚ ਕੌਮਾਂਤਰੀ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਉਸ ਨੇ ਸੋਸ਼ਲ ਮੀਡੀਆ ’ਤੇ ਆਪਣੀਆਂ ਭਾਵਨਾਵਾਂ ਜ਼ਾਹਰ ਕੀਤੀਆਂ। ਕੋਹਲੀ ਨੇ ਆਪਣੇ ਟਵਿੱਟਰ ਹੈਂਡਲ ’ਤੇ ਦੋ ਤਸਵੀਰਾਂ ਨੂੰ ਸਾਂਝਾ ਕੀਤਾ। ਉਸ ਨੇ ਨਾਲ ਹੀ ਲਿਖਿਆ, ‘‘ਇਸੇ ਦਿਨ 2008 ਵਿੱਚ ਸ਼ੁਰੂਆਤ ਕਰਨ ਤੋਂ ਲੈ ਕੇ 11 ਸਾਲ ਦਾ ਸਫ਼ਰ ਪੂਰਾ ਕਰਨ ਤਕ, ਮੈਂ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ ਕਿ ਰੱਬ ਮੇਰੇ ’ਤੇ ਇਨ੍ਹਾਂ ਮਿਹਰਬਾਨ ਹੋਵੇਗਾ। ਤੁਹਾਨੂੰ ਸਾਰਿਆਂ ਨੂੰ ਆਪਣੇ ਸੁਪਨੇ ਸੱਚ ਕਰਨ ਅਤੇ ਸਹੀ ਰਸਤੇ ’ਤੇ ਅੱਗੇ ਵਧਣ ਦੀ ਸ਼ਕਤੀ ਮਿਲੇ। ਸਦਾ ਰਿਣੀ।’’ ਉਸ ਨੇ ਜੋ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਉਨ੍ਹਾਂ ਵਿੱਚ ਪਹਿਲੀ ਸ੍ਰੀਲੰਕਾ ਖ਼ਿਲਾਫ਼ ਪਲੇਠੇ ਮੈਚ ਦੀ ਹੈ, ਜਦਕਿ ਦੂਜੀ ਐਂਟੀਗਾ ਵਿੱਚ ਉਸ ਦੇ ਹੋਟਲ ਦੇ ਕਮਰੇ ਦੀ ਹੈ। ਭਾਰਤ ਇਸ ਸਮੇਂ ਵੈਸਟ ਇੰਡੀਜ਼ ਦੇ ਦੌਰੇ ’ਤੇ ਹੈ, ਜਿੱਥੇ ਉਸ ਨੇ 22 ਅਗਸਤ ਤੋਂ ਐਂਟੀਗਾ ਵਿੱਚ ਪਹਿਲਾ ਟੈਸਟ ਮੈਚ ਖੇਡਣਾ ਹੈ। ਇਸ ਤੋਂ ਪਹਿਲਾਂ ਭਾਰਤ ਨੇ ਟੀ-20 ਅਤੇ ਇੱਕ ਰੋਜ਼ਾ ਲੜੀ ਆਪਣੇ ਨਾਮ ਕੀਤੀ ਸੀ। ਕੋਹਲੀ ਹੁਣ ਤੱਕ 77 ਟੈਸਟ ਮੈਚਾਂ ਵਿੱਚ 6613 ਦੌੜਾਂ ਬਣਾ ਚੁੱਕਿਆ ਹੈ, ਜਿਸ ਵਿੱਚ 25 ਸੈਂਕੜੇ ਸ਼ਾਮਲ ਹਨ। ਉਸ ਨੇ 239 ਇੱਕ ਰੋਜ਼ਾ ਵਿੱਚ 43 ਸੈਂਕੜਿਆਂ ਦੀ ਮਦਦ ਨਾਲ 11520 ਦੌੜਾਂ ਬਣਾਈਆਂ ਹਨ। ਉਸ ਦੇ ਨਾਮ ਕੌਮਾਂਤਰੀ ਕ੍ਰਿਕਟ ਵਿੱਚ ਕੁੱਲ 68 ਸੈਂਕੜੇ ਦਰਜ ਹਨ ਅਤੇ ਉਹ ਇੱਕ ਦਹਾਕੇ ਵਿੱਚ 20,000 ਤੋਂ ਵੱਧ ਦੌੜਾਂ ਬਣਾਉਣ ਵਾਲਾ ਦੁਨੀਆਂ ਦਾ ਪਹਿਲਾ ਬੱਲੇਬਾਜ਼ ਹੈ।
Sports ਲੰਮਾ ਸਮਾਂ ਕੌਮਾਂਤਰੀ ਕ੍ਰਿਕਟ ਖੇਡਣ ਬਾਰੇ ਕਦੇ ਸੋਚਿਆ ਨਹੀਂ ਸੀ: ਕੋਹਲੀ