ਮਹਾਰਾਜਾ ਰਣਜੀਤ ਸਿੰਘ ਦੀ ਪਤਨੀ ਮਹਾਰਾਣੀ ਜਿੰਦਾਂ ਕੌਰ ਦੇ ਗਲੇ ਦਾ ਸ਼ਿੰਗਾਰ ਰਿਹਾ ਪੰਨੇ ਤੇ ਨਿੱਕੇ ਮੋਤੀਆਂ ਨਾਲ ਸਜਿਆ ਹਾਰ ਅੱਜ ਇੱਥੇ ਨਿਲਾਮੀ ਦੌਰਾਨ 1.87 ਲੱਖ ਪੌਂਡ ਵਿੱਚ ਵਿਕਿਆ। ਮਹਾਰਾਣੀ ਜਿੰਦਾਂ, ਜਿਨ੍ਹਾਂ ਨੂੰ ਸਿੱਖ ਸਮਰਾਟ ਦੀ ਮੌਤ ਮਗਰੋਂ ਉਨ੍ਹਾਂ ਦੀਆਂ ਹੋਰਨਾਂ ਮਹਾਰਾਣੀਆਂ ਵਾਂਗ ਸਤੀ ਨਹੀਂ ਹੋਣਾ ਪਿਆ ਸੀ, ਦਾ ਇਹ ਹਾਰ ਆਪਣੀ ਅਨੁਮਾਨਤ ਕੀਮਤ ਜੋ ਕਿ ਅੱਸੀ ਹਜ਼ਾਰ ਤੇ 1.20 ਲੱਖ ਪੌਂਡ ਦੇ ਦਰਮਿਆਨ ਸੀ, ਤੋਂ ਵੱਧ ਮੁੱਲ ’ਤੇ ਨਿਲਾਮ ਹੋਇਆ। ਇਹ ਹਾਰ ਲਾਹੌਰ ਦੇ ਉਸ ਖ਼ਜ਼ਾਨੇ ਦਾ ਹਿੱਸਾ ਸੀ, ਜਿਸ ਨੂੰ ‘ਬੌਨਹੈਮਸ ਇਸਲਾਮਿਕ ਤੇ ਇੰਡੀਅਨ ਆਰਟ ਸੇਲ’ ਤਹਿਤ ਲੰਡਨ ਵਿੱਚ ਬੀਤੇ ਦਿਨ ਨਿਲਾਮ ਕੀਤਾ ਗਿਆ ਸੀ।
ਨਿਲਾਮ ਘਰ ਮੁਤਾਬਕ ਬੋਲੀ ਦੌਰਾਨ ਰੱਖੀਆਂ ਸਾਰੀਆਂ ਵਸਤਾਂ ਮਹਾਰਾਜਾ ਰਣਜੀਤ ਸਿੰਘ ਕਾਲ ਨਾਲ ਸਬੰਧਤ ਸਨ, ਤੇ ਇਨ੍ਹਾਂ ਦੀ ਨਿਲਾਮੀ ਤੋਂ ਕੁੱਲ 18.18 ਲੱਖ ਪੌਂਡ ਦੀ ਕਮਾਈ ਕੀਤੀ ਗਈ। ਇੰਡੀਅਨ ਤੇ ਇਸਲਾਮਿਕ ਆਰਟ ਦੇ ਬੌਨਹੈਮਸ ਹੈੱਡ ਓਲਿਵਰ ਵ੍ਹਾਈਟ ਨੇ ਕਿਹਾ ਕਿ ਨਿਲਾਮੀ ਦੌਰਾਨ ਉੱਚੀਆਂ ਕੀਮਤਾਂ ਲੱਗਣ ਤੋਂ ਸਾਫ਼ ਹੈ ਕਿ ਬੋਲੀ ਦੌਰਾਨ ਮੁਕਾਬਲਾ ਕਾਫ਼ੀ ਸਖ਼ਤ ਸੀ। ਨਿਲਾਮੀ ਦੌਰਾਨ ਸਿੱਖ ਖ਼ਜ਼ਾਨੇ ’ਚੋਂ ਜਿਹੜੀਆਂ ਹੋਰ ਵਸਤਾਂ ਬੋਲੀ ਲਈ ਰੱਖੀਆਂ ਗਈਆਂ ਸਨ, ਉਨ੍ਹਾਂ ਵਿੱਚ ਮਖਮਲ ਦੇ ਕੱਪੜੇ, ਜਿਸ ’ਤੇ ਸੋਨੇ ਦੇ ਧਾਗੇ ਦੀ ਕਢਾਈ ਕੀਤੀ ਹੋਈ ਸੀ, ਨਾਲ ਢਕਿਆ ਚਮੜੇ ਦਾ ਬਣਿਆ ਤਰਕਸ਼, ਜੋ ਕਿ ਖਾਸ ਤੌਰ ’ਤੇ ਮਹਾਰਾਜਾ ਰਣਜੀਤ ਸਿੰਘ ਲਈ ਬਣਾਇਆ ਗਿਆ ਸੀ, ਵੀ ਸ਼ਾਮਲ ਸੀ। ਇਹ ਬੋਲੀ ਦੌਰਾਨ ਇਕ ਲੱਖ ਪੌਂਡ ਵਿੱਚ ਨਿਲਾਮ ਹੋਇਆ। ਮੰਨਿਆ ਜਾਂਦਾ ਹੈ ਕਿ ਮਹਾਰਾਜਾ ਨੇ ਇਹ ਤਕਰਸ਼ 1838 ਵਿੱਚ ਆਪਣੇ ਵੱਡੇ ਪੁੱਤਰ ਦੇ ਵਿਆਹ ਮੌਕੇ ਧਾਰਨ ਕੀਤਾ ਸੀ। 19ਵੀਂ ਸਦੀ ਦੀ ਆਖਰੀ ਤਿਮਾਹੀ ਵਿੱਚ ਪੰਜਾਬ ’ਤੇ ਅੰਤਰ ਝਾਤ ਪਾਉਂਦੀਆਂ 120 ਤਸਵੀਰਾਂ ਦੀ ਕੁਲੈਕਸ਼ਨ ਵੀ ਨਿਲਾਮੀ ਦਾ ਹਿੱਸਾ ਸੀ।
UK ਲੰਡਨ ’ਚ ਮਹਾਰਾਣੀ ਜਿੰਦਾਂ ਦਾ ਹਾਰ 1.87 ਲੱਖ ਪੌਂਡ ’ਚ ਨਿਲਾਮ