ਨੇੜਲੇ ਪਿੰਡ ਲੰਗਾਹ ’ਚ ਜ਼ਮੀਨੀ ਵਿਵਾਦ ਨੂੰ ਲੈ ਕੇ ਇੱਕ ਵਿਅਕਤੀ ਨੇ ਝੋਨਾ ਲਗਾਉਣ ਲਈ ਖੇਤ ਵਾਹ ਰਹੇ ਦੂਜੇ ਭਰਾ ’ਤੇ ਆਪਣੀ ਲਾਇਸੰਸੀ ਬੰਦੂਕ ਨਾਲ ਗੋਲੀ ਚਲਾ ਦਿੱਤੀ। ਉਂਜ, ਉਸ ਦੇ ਟਰੈਕਟਰ ਤੋਂ ਛਾਲ ਮਾਰ ਦਿੱਤੇ ਜਾਣ ਕਾਰਨ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ। ਪੁਲੀਸ ਨੂੰ ਦਿੱਤੇ ਬਿਆਨਾਂ ਵਿੱਚ ਸਾਬਾ ਸਰਪੰਚ ਸੁਦੇਸ਼ ਕੁਮਾਰ ਵਾਸੀ ਲੰਗਾਹ ਨੇ ਦੱਸਿਆ ਕਿ ਅੱਜ ਦੁਪਹਿਰੇ ਉਹ ਝੋਨਾ ਲਗਾਉਣ ਲਈ ਟਰੈਕਟਰ ਨਾਲ ਆਪਣਾ ਖੇਤ ਵਾਹ ਰਿਹਾ ਸੀ। ਇਸੇ ਦੌਰਾਨ ਉਸ ਦੇ ਭਰਾ ਸਮਸ਼ੇਰ ਸਿੰਘ ਨੇ ਆਪਣੀ 12 ਬੋਰ ਦੀ ਬੰਦੂਕ ਨਾਲ ਉਸ ’ਤੇ ਗੋਲੀ ਚਲਾ ਦਿੱਤੀ। ਉਸ ਦੇ ਤੁਰੰਤ ਟਰੈਕਟਰ ਤੋਂ ਛਾਲ ਮਾਰ ਦੇਣ ਕਾਰਨ ਉਸ ਦਾ ਬਚਾਅ ਹੋ ਗਿਆ ਅਤੇ ਗੋਲੀ ਟਰੈਕਟਰ ਵਿੱਚ ਵੱਜੀ। ਗੋਲੀ ਚੱਲਣ ਉਪਰੰਤ ਉਸ ਨੇ ਆਪਣੇ ਘਰ ਵਿੱਚ ਛੁਪ ਕੇ ਆਪਣੀ ਜਾਨ ਬਚਾਈ। ਉਸ ਦਾ ਪਿੱਛਾ ਕਰਦਾ ਹੋਇਆ ਸ਼ਮਸ਼ੇਰ ਸਿੰਘ ਵੀ ਬੰਦੂਕ ਸਮੇਤ ਘਰੇ ਆ ਵੜਿਆ ਅਤੇ ਉਸ ਦੀ ਪਤਨੀ ਅਤੇ ਮਾਤਾ ਦੀ ਕੁੱਟਮਾਰ ਕੀਤੀ। ਜ਼ਖਮੀ ਹਾਲਤ ਵਿੱਚ ਮਾਤਾ ਨੂੰ ਸਿਵਲ ਹਸਪਤਾਲ ਮੁਕੇਰੀਆਂ ਦਾਖ਼ਲ ਕਰਵਾਇਆ ਗਿਆ ਹੈ। ਸੁਦੇਸ਼ ਕੁਮਾਰ ਨੇ ਦੱਸਿਆ ਕਿ ਕਰੀਬ 5 ਮਹੀਨੇ ਪਹਿਲਾਂ ਉਸ ਦੇ ਪਿਤਾ ਦੀ ਮੌਤ ਉਪਰੰਤ ਸ਼ਮਸ਼ੇਰ ਸਿੰਘ ਨੂੰ ਜ਼ਮੀਨ ਦਾ ਬਣਦਾ ਹਿੱਸਾ ਦੇ ਦਿੱਤਾ ਗਿਆ ਸੀ ਪਰ ਹਾਲੇ ਵੀ ਉਹ ਨਾਖੁਸ਼ ਸੀ ਅਤੇ ਜ਼ਮੀਨੀ ਝਗੜੇ ਕਾਰਨ ਹੀ ਉਸ ਨੂੰ ਗੋਲੀ ਮਾਰ ਕੇ ਮਾਰਨ ਦੀ ਕੋਸ਼ਿਸ਼ ਕੀਤੀ ਹੈ। ਐਸਐਚਓ ਮੁਕੇਰੀਆਂ ਬਲਵਿੰਦਰ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਸਮਸ਼ੇਰ ਸਿੰਘ ਨੂੰ ਗ੍ਰਿਫ਼ਤਾਰ ਕਰ ਕੇ ਉਸ ਖਿਲਾਫ਼ ਭਾਰਤੀ ਦੰਡਾਵਲੀ ਦੀ ਧਾਰਾ 307, 506 ਅਤੇ ਆਰਮਜ਼ ਐਕਟ ਅਧੀਨ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਅਰੰਭ ਦਿੱਤੀ ਗਈ ਹੈ।
INDIA ਲੰਗਾਹ ’ਚ ਜ਼ਮੀਨ ਨੂੰ ਲੈ ਕੇ ਭਰਾ ’ਤੇ ਗੋਲੀ ਚਲਾਈ