ਸ੍ਰੀ ਆਨੰਦਪੁਰ ਸਾਹਿਬ (ਸਮਾਜਵੀਕਲੀ) : ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਦਹਾਕਿਆਂ ਤੋਂ ਚੱਲ ਰਹੇ ਗੁਰੂ ਕੇ ਲੰਗਰ ’ਚ ਸੰਗਤਾਂ ਨੂੰ ਵਰਤਾਉਣ ਦੇ ਨਾਮ ਤੇ ਤਾਲਾਬੰਦੀ ਦੌਰਾਨ ਲਿਆਂਦੀ ਗਈ ਹਰੀ ਸਬਜ਼ੀ ਦੇ ਲੱਖਾਂ ਰੁਪਏ ਦੇ ਕਥਿਤ ਘੁਟਾਲੇ ਦੀ ਰਿਪੋਰਟ ਤਿਆਰ ਹੋ ਚੁੱਕੀ ਹੈ। ਇਹ ਰਿਪੋਰਟ 29 ਜੂਨ ਨੂੰ ਸਬੰਧਿਤ ਸਕੱਤਰ ਕੋਲ ਪੇਸ਼ ਕੀਤੀ ਜਾਵੇਗੀ।
ਇਹ ਵੀ ਪਤਾ ਲੱਗਾ ਹੈ ਕਿ ਪਹਿਲਾਂ ਹੀ ਮੁੱਢਲੇ ਤੌਰ ’ਤੇ ਦੋਸ਼ੀ ਪਾਏ ਜਾਣ ਵਾਲੇ ਅਧਿਕਾਰੀਆਂ ਖਿਲਾਫ ਮਿਸਾਲੀ ਕਾਰਵਾਈ ਅਮਲ ’ਚ ਲਿਆਂਦੀ ਜਾ ਸਕਦੀ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਅਧਿਕਾਰੀਆਂ ਨੂੰ ਗੁਰੂ ਦੀ ਗੋਲਕ ਨਾਲ ਖਿਲਵਾੜ ਕਰਨ ਵਾਲਿਆਂ ਖਿਲਾਫ਼ ਸਖਤ ਕਾਰਵਾਈ ਕਰਨ ਲਈ ਕਿਹਾ ਹੈ। ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ.ਰੂਪ ਸਿੰਘ ਨੇ ਵੀ ਕਿਹਾ ਕਿ ਦੋਸ਼ੀ ਪਾਏ ਜਾਣ ਵਾਲੇ ਅਧਿਕਾਰੀਆਂ ਤੇ ਕਰਮਚਾਰੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।
ਪੜਤਾਲੀਆ ਕਮੇਟੀ ਦੀ ਰਿਪੋਰਟ ’ਤੇ ਮੁੱਢਲੀ ਕਾਰਵਾਈ ਕਰਨ ਤੋਂ ਬਾਅਦ ਬੀਤੇ ਢਾਈ ਸਾਲਾਂ ’ਚ ਹੋਈਆਂ ਖਰੀਦਾਂ, ਰਜਿਸਟਰੀਆਂ, ਬਲੌਂਗੀ ਵਿਚ ਸਰਕਾਰੀ ਕੀਮਤ ਨਾਲੋਂ ਕਿਤੇ ਘੱਟ ਕੀਮਤ ’ਤੇ ਵੇਚੀ ਜ਼ਮੀਨ, ਬੀਤੇ ਸਮਿਆਂ ਦੌਰਾਨ ਤਖਤ ਸਾਹਿਬ ਦੀ ਆਮਦਨ ’ਚ ਆਈ ਕਮੀ, ਗੱਡੀਆਂ ’ਤੇ ਹੋਏ ਖਰਚਿਆਂ ਦੀ ਉੱਚ ਪੱਧਰੀ ਜਾਂਚ ਕਰਵਾਏ ਜਾਣ ’ਤੇ ਸਹਿਮਤੀ ਬਣ ਗਈ ਹੈ। ਇਹ ਵੀ ਪਤਾ ਲੱਗਾ ਹੈ ਕਿ ਮੈਨੇਜਰ, ਮੀਤ ਮੈਨੇਜਰ, ਇੰਸਪੈਕਟਰ, ਸਟੋਰਕੀਪਰ, ਅਕਾਊਂਟੈਂਟ, ਲੰਗਰ ਦੇ ਮੁਲਾਜ਼ਮਾਂ ਖਿਲਾਫ ਕਾਰਵਾਈ ਹੋ ਸਕਦੀ ਹੈ। ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਮੈਨੇਜਰ ਲੱਗਣ ਲਈ ਅੱਧੀ ਦਰਜਨ ਦਾਅਵੇਦਾਰਾਂ ਦੇ ਨਾਮ ਚਰਚਾਂ ’ਚ ਹਨ।