ਨਕੋਦਰ (ਵਰਮਾ)- ਲਫ਼ਜ਼ਾਂ ਦੀ ਦੁਨੀਆਂ ਸਾਹਿਤ ਸਭਾ – ਨਕੋਦਰ ਵੱਲੋਂ ਮੰਜਕੀ ਪੰਜਾਬੀ ਸੱਥ – ਭੰਗਾਲਾ, ਯੂਰਪੀ ਪੰਜਾਬੀ ਸੱਥ – ਵਾਲਸਾਲ (ਯੂ.ਕੇ.)ਅਤੇ ਸ਼ਮ੍ਹਾਦਾਨ ਅਦਾਰੇ ਦੇ ਸਹਿਯੋਗ ਨਾਲ ‘ਸ਼ਬਦਾਂ ਦੀਆਂ ਛਾਵਾਂ’ ਸਿਰਲੇਖ ਅਧੀਨ ਪੰਜਾਬੀ ਦਾ ਸਾਹਿਤਕ ਕੁਇਜ਼ (ਸਵਾਲ-ਜਵਾਬ) ਪ੍ਰੋਗਰਾਮ ਕਰਵਾਇਆ ਗਿਆ। ਜਿਸਦਾ ਸੰਚਾਲਨ ਸ਼ਮ੍ਹਾਦਾਨ ਦੀ ਬਾਨੀ ਸੰਪਾਦਕ ਰਵਨੀਤ ਕੌਰ ਵਲੋਂ ਕੀਤਾ ਗਿਆ। ਉਨ੍ਹਾਂ ਨੇ ਪੰਜਾਬੀ ਸਾਹਿਤ ਅਤੇ ਸੱਭਿਆਚਾਰ ਨਾਲ ਸਬੰਧਿਤ ਪ੍ਰਸ਼ਨ ਪੁੱਛੇ ਅਤੇ ਜ਼ੂਮ ਐੱਪ ਤੇ ਫੇਸਬੁੱਕ ਲਾਈਵ ਦੇਖ ਰਹੇ ਦਰਸ਼ਕਾਂ/ਵਿਦਿਆਰਥੀਆਂ, ਅਧਿਆਪਕਾਂ ਅਤੇ ਸਾਹਿਤਕਾਰਾਂ ਵੱਲੋਂ ਉਨ੍ਹਾਂ ਸਵਾਲਾਂ ਦੇ ਉੱਤਰ ਦਿੱਤੇ ਗਏ।
ਇਹ ਪੰਜਾਬੀ ਦਾ ਪਹਿਲਾ ਲਾਈਵ ਸਾਹਿਤਕ ਕੁਇਜ਼ ਪ੍ਰੋਗਰਾਮ ਸੀ ਜਿਸ ਵਿੱਚ ਲਾਈਵ ਗਾਇਨ ਅਤੇ ਗੀਤਾਂ ਦੀਆਂ ਧੁੰਨਾਂ ਵਜਾਕੇ ਸਵਾਲ ਕੀਤੇ ਗਏ। ਇਸੇ ਨਾਲ ਹਰ ਸਵਾਲ ਨਾਲ ਸੰਬੰਧਿਤ ਅਨੇਕਾਂ ਹੋਰ ਜੁੜਦੇ ਨੁਕਤਿਆਂ ‘ਤੇ ਵੀ ਚਰਚਾ ਕੀਤੀ ਗਈ। ਲਫ਼ਜ਼ਾਂ ਦੀ ਦੁਨੀਆਂ ਦੇ ਸੰਚਾਲਕ ਪ੍ਰੋ. ਜਸਵੀਰ ਸਿੰਘ ਵੱਲੋਂ ਲਾਈਵ ਟੈਲੀਕਾਸਟ ਨੂੰ ਤਕਨੀਕੀ ਤੌਰ ‘ਤੇ ਸੰਭਾਲਿਆ ਗਿਆ ਅਤੇ ਇਸੇ ਨਾਲ ਸਾਹਿਤ ਤੇ ਸੱਭਿਆਚਾਰ ਆਦਿ ਸੰਬੰਧੀ ਪੁੱਛੇ ਜਾ ਰਹੇ ਸਵਾਲਾਂ ਦੇ ਜਵਾਬਾਂ ਪ੍ਰਤੀ ਦਰਸ਼ਕਾਂ ਦੀ ਰੌਚਿਕਤਾ ਵਧਾਉਣ ਲਈ ਉਤਸ਼ਾਹਿਤ ਕੀਤਾ ਗਿਆ।
ਇਸ ਐੱਲ.ਡੀ.ਡੀ. ਟੀ.ਵੀ. ਦੇ ਫੇਸਬੁੱਕ ਲਾਈਵ ਪ੍ਰੋਗਰਾਮ ਵਿੱਚ ਬਹੁਤ ਸਾਰੇ ਉਮੀਦਵਾਰਾਂ ਨੇ ਭਾਗ ਲਿਆ ਜਿਸ ਵਿੱਚ ਮੁਸਕਾਨ ਜ਼ਿਆਦਾ ਸਵਾਲਾਂ ਦੇ ਸਹੀ ਜਵਾਬ ਦੇ ਕੇ ਪਹਿਲਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਦੂਜੇ ਸਥਾਨ ‘ਤੇ ਕਮਲ ਰਾਏ ਰਹੀ ਅਤੇ ਤੀਜਾ ਸਥਾਨ ਯਸ਼ਿਕਾ ਨੂੰ ਮਿਲਿਆ। ਇਸ ਸਾਰੇ ਪ੍ਰੋਗਰਾਮ ਨੂੰ ਸੱਤ ਸੌ ਦੇ ਕਰੀਬ ਲੋਕਾਂ ਵੱਲੋਂ ਦੇਖਿਆ ਗਿਆ।