ਨਵੀਂ ਦਿੱਲੀ (ਸਮਾਜਵੀਕਲੀ) – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਖ਼ਤਮ ਹੋਏ ਦੇਸ਼ਵਿਆਪੀ ਲੌਕਡਾਊਨ ਦੀ ਮਿਆਦ ਅਗਲੇ 19 ਦਿਨਾਂ ਭਾਵ 3 ਮਈ ਤਕ ਵਧਾ ਦਿੱਤੀ ਹੈ। ਪ੍ਰਧਾਨ ਮੰਤਰੀ ਨੇ 20 ਅਪਰੈਲ ਤੋਂ ਸ਼ਰਤਾਂ ਸਹਿਤ ਲੌਕਡਾਊਨ ਵਿੱਚ ਕੁਝ ਰਾਹਤਾਂ ਦੇਣ ਦੀ ਗੱਲ ਆਖਦਿਆਂ ਕਿਹਾ ਕਿ ਅਜਿਹੀਆਂ ਥਾਵਾਂ ਜਿੱਥੇ ‘ਹੌਟਸਪੌਟ’ ਨਹੀਂ ਹਨ ਤੇ ਜਿਨ੍ਹਾਂ ਦੇ ‘ਹੌਟਸਪੌਟ’ ਬਣਨ ਦੇ ਕੋਈ ਆਸਾਰ ਨਹੀਂ ਹਨ, ਉਥੇ ਸ਼ਰਤਾਂ ਨਾਲ ਸੀਮਤ ਖੇਤੀ ਤੇ ਆਰਥਿਕ ਸਰਗਰਮੀਆਂ ਦੀ ਇਜ਼ਾਜਤ ਦਿੱਤੀ ਜਾ ਸਕਦੀ ਹੈ।
ਉਨ੍ਹਾਂ ਸੱਤ ਨੁਕਤੇ ਗਿਣਾਉਂਦਿਆਂ ਦੇਸ਼ ਵਾਸੀਆਂ ਤੋਂ ਕਰੋਨਾਵਾਇਰਸ ਖ਼ਿਲਾਫ਼ ਜੰਗ ਵਿੱਚ ਸਹਿਯੋਗ ਮੰਗਿਆ। ਪ੍ਰਧਾਨ ਮੰਤਰੀ ਨੇ ਕਿਹਾ ਕਿ ਲੌਕਡਾਊਨ ਦੇ ਦੂਜੇ ਗੇੜ ਲਈ ਵਿਆਪਕ ਦਿਸ਼ਾ-ਨਿਰਦੇਸ਼ ਬੁੱਧਵਾਰ ਤਕ ਜਾਰੀ ਕਰ ਦਿੱਤੇ ਜਾਣਗੇ। ਪ੍ਰਧਾਨ ਮੰੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਭ ਤੋਂ ਵੱਡੀ ਤਰਜੀਹ ਜਾਨਾਂ ਬਚਾਉਣਾ ਅਤੇ ਦਿਹਾੜੀਦਾਰ ਮਜ਼ਦੂਰਾਂ ਤੇ ਕਿਰਸਾਨੀ ਨੂੰ ਦਰਪੇਸ਼ ਮੁਸ਼ਕਲਾਂ ਨੂੰ ਘਟਾਉਣਾ ਹੈ।
ਸ੍ਰੀ ਮੋਦੀ ਨੇ ਮੰਨਿਆ ਕਿ ਲੌਕਡਾਊਨ ਕਰਕੇ ਵੱਡੀ ਆਰਥਿਕ ਕੀਮਤ ਤਾਰਨੀ ਪੈ ਰਹੀ ਹੈ, ਪਰ ਉਨ੍ਹਾਂ ਜ਼ੋਰ ਦੇ ਕੇ ਆਖਿਆ ਕਿ ਭਾਰਤ ਸਹੀ ਰਾਹ ’ਤੇ ਹੈ ਤੇ ਮਹਾਮਾਰੀ ਕਰਕੇ ਹੋਣ ਵਾਲੇ ਵੱਡੇ ਨੁਕਸਾਨ ਨੂੰ (ਹੋਰਨਾਂ ਕਈ ਮੁਲਕਾਂ ਦੇ ਮੁਕਾਬਲੇ) ਟਾਲਣ ਵਿੱਚ ਸਫ਼ਲ ਰਿਹਾ ਹੈ।
ਸ੍ਰੀ ਮੋਦੀ ਨੇ ਰਾਸ਼ਟਰ ਦੇ ਨਾਂ ਆਪਣੇ ਸੰਬੋਧਨ ਦੌਰਾਨ ਲੌਕਡਾਊਨ ਨੂੰ ਵਧਾਉਣਾ ਜ਼ਰੂਰੀ ਕਰਾਰ ਦਿੰਦੇ ਹੋਏ ਕਿਹਾ ਕਿ 20 ਅਪਰੈਲ ਤਕ ਸਾਰੇ ਰਾਜਾਂ, ਜ਼ਿਲ੍ਹਿਆਂ ਤੇ ਇਲਾਕਿਆਂ ’ਤੇ ਨਜ਼ਰ ਰੱਖੀ ਜਾਵੇਗੀ ਕਿ ਕਿੰਨੀ ਸਖ਼ਤੀ ਨਾਲ ਲੌਕਡਾਊਨ ਦੇ ਨਿਯਮ ਲਾਗੂ ਕੀਤੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਜਿੱਥੇ ‘ਹੌਟਸਪੌਟ’ ਨਹੀਂ ਵਧਦੇ, ਉੱਥੇ ਅਹਿਮ ਸਰਗਰਮੀਆਂ ਮੁੜ ਸ਼ੁਰੂ ਹੋ ਸਕਦੀਆਂ ਹਨ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਖੇਤਰਾਂ ਵਿੱਚ ਨਵੇਂ ‘ਹੌਟਸਪੌਟ’ ਬਣਦੇ ਹਨ ਤਾਂ ਦਿੱਤੀ ਢਿੱਲ ਤੁਰੰਤ ਵਾਪਸ ਲੈ ਲਈ ਜਾਵੇਗੀ।
ਅਸਮੀ ਸਾਫ਼ਾ ਪਹਿਨ ਕੇ ਉਨ੍ਹਾਂ ਪਿਛਲੇ ਇਕ ਮਹੀਨੇ ਵਿੱਚ ਤੀਜੀ ਵਾਰ ਦੇਸ਼ ਵਾਸੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕਰਨ ਮੌਕੇ ਗ਼ਰੀਬਾਂ ਤੇ ਦਿਹਾੜੀਦਾਰ ਮਜ਼ਦੂਰਾਂ ਦੇ ਹਿੱਤਾਂ ਦਾ ਵਿਸ਼ੇਸ਼ ਖਿਆਲ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਹਾੜ੍ਹੀ ਦੀਆਂ ਫ਼ਸਲਾਂ ਕਟਾਈ ’ਤੇ ਹਨ ਤੇ ਕੇਂਦਰ ਸਰਕਾਰ ਰਾਜਾਂ ਨਾਲ ਮਿਲ ਕੇ ਕੰਮ ਕਰ ਰਹੀ ਹੈ ਤਾਂ ਕਿ ਕਿਸਾਨਾਂ ਨੂੰ ਘੱਟੋ-ਘੱਟ ਮੁਸ਼ਕਲਾਂ ਆਉਣ।
ਪ੍ਰਧਾਨ ਮੰਤਰੀ ਨੇ ਦੇਸ਼ ਵਾਸੀਆਂ ਨੂੰ ਭਰੋਸਾ ਦਿੱਤਾ ਕਿ ਭਾਰਤ ਵਿੱਚ ਦਵਾਈਆਂ ਤੇ ਰਾਸ਼ਨ ਦੇ ਢੁੱਕਵੇਂ ਭੰਡਾਰ ਮੌਜੂਦ ਹਨ। ਉਨ੍ਹਾਂ ਕਿਹਾ ਕਿ ਕੋਵਿਡ-19 ਦੀ ਜਾਂਚ ਲਈ ਦੇਸ਼ ਵਿੱਚ 220 ਲੈਬਾਰਟਰੀਆਂ ਹਨ। ਉਨ੍ਹਾਂ ਕਿਹਾ ਕਿ ਕੌਮਾਂਤਰੀ ਤਜਰਬੇ ਮੁਤਾਬਕ ਜਦੋਂ 10 ਹਜ਼ਾਰ ਮਰੀਜ਼ ਹੁੰਦੇ ਹਨ ਤਾਂ 1500-1600 ਬਿਸਤਰਿਆਂ ਦੀ ਲੋੜ ਪੈਂਦੀ ਹੈ, ਪਰ ਸਰਕਾਰ ਨੇ ਇਕ ਲੱਖ ਤੋਂ ਵੱਧ ਬਿਸਤਰਿਆਂ ਦਾ ਪ੍ਰਬੰਧ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਵੇਲੇ 600 ਤੋਂ ਵੱਧ ਹਸਪਤਾਲਾਂ ਨੂੰ ਤਿਆਰ-ਬਰ-ਤਿਆਰ ਰੱਖਿਆ ਗਿਆ ਹੈ ਤੇ ਸਿਹਤ ਸਹੂਲਤਾਂ ਵਿੱਚ ਵੱਡੇ ਪੱਧਰ ’ਤੇ ਵਾਧਾ ਕੀਤਾ ਜਾ ਰਿਹਾ ਹੈ।
ਸ੍ਰੀ ਮੋਦੀ ਨੇ ਦੇਸ਼ ਵਾਸੀਆਂ ਤੋਂ ਸੱਤ ਨੁਕਤਿਆਂ ’ਤੇ ਹਮਾਇਤ ਮੰਗਦਿਆਂ ਕਿਹਾ ਕਿ ਉਹ ਘਰਾਂ ਵਿੱਚ ਉਨ੍ਹਾਂ ਬਜ਼ੁਰਗਾਂ, ਜੋ ਖਾਸ ਕਰ ਕੇ ਕਿਸੇ ਪੁਰਾਣੀ ਬਿਮਾਰੀ ਦੇ ਸ਼ਿਕਾਰ ਹਨ, ਦੀ ਵਿਸ਼ੇਸ਼ ਸਾਂਭ-ਸੰਭਾਲ ਯਕੀਨੀ ਬਣਾਉਣ। ਤਾਲਾਬੰਦੀ ਦੌਰਾਨ ‘ਲਕਸ਼ਮਣ ਰੇਖਾ’ ਦੀ ਹਰ ਹਾਲ ਪਾਲਣਾ ਹੋਵੇ। ਲੋਕ ਘਰ ਵਿੱਚ ਬਣੇ ਮਾਸਕ ਲਾਜ਼ਮੀ ਪਾਉਣ।
ਰੋਗਾਂ ਤੋਂ ਲੜਨ ਲਈ ਸਰੀਰ ਦੀ ਅੰਦਰੂਨੀ ਤਾਕਤ ਵਧਾਉਣ ਲਈ ਆਯੂਸ਼ ਵਿਭਾਗ ਵੱਲੋਂ ਦੱਸੇ ਉਪਾਵਾਂ ਦੀ ਪਾਲਣਾ ਕਰਨ। ਉਨ੍ਹਾਂ ਅਰੋਗਿਆ ਸੇਤੂ ਐਪ ਇਸਤੇਮਾਲ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ। ਉਨ੍ਹਾਂ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਆਪਣੇ ਨੇੜਲੇ ਗ਼ਰੀਬਾਂ ਤੇ ਲੋੜਵੰਦਾਂ ਦੀ ਦੇਖਭਾਲ ਕਰਨ। ਉਨ੍ਹਾਂ ਐਂਪਲਾਇਰਾਂ (ਮਾਲਕਾਂ) ਨੂੰ ਅਪੀਲ ਕੀਤੀ ਕਿ ਉਹ ਆਪਣੇ ਕਰਮਚਾਰੀਆਂ ਪ੍ਰਤੀ ਸੰਵੇਦਨਸ਼ੀਲ ਹੋਣ ਤੇ ਆਰਥਿਕ ਤੰਗੀ ਮੌਕੇ ਉਨ੍ਹਾਂ ਨੂੰ ਨੌਕਰੀ ਤੋਂ ਨਾ ਹਟਾਉਣ।
ਉਨ੍ਹਾਂ ਡਾਕਟਰਾਂ, ਨਰਸਾਂ ਤੇ ਸਫ਼ਾਈ ਸੇਵਕਾਂ ਨੂੰ ਕਰੋਨਾ ਯੋਧਿਆਂ ਵਜੋਂ ਸਨਮਾਨ ਦੇਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਕਰੋਨਾਵਾਇਰਸ ਖ਼ਿਲਾਫ਼ ਕਾਰਗਰ ਤੇ ਇਕੋ ਇਕ ਇਲਾਜ ਸਮਾਜਿਕ ਦੂਰੀ ਹੈ। ਉਨ੍ਹਾਂ ਕਰੋਨਾ ਨੂੰ ਦੂਜੇ ਖੇਤਰਾਂ ਵਿੱਚ ਨਾ ਫੈਲਣ ਦੇਣ ਦਾ ਸੱਦਾ ਦਿੰਦਿਆਂ ਕਿਹਾ ਕਿ ਤਾਲਾਬੰਦੀ ਦੌਰਾਨ ਭਾਰਤ ਨੂੰ ਵੱਡੀ ਆਰਥਿਕ ਕੀਮਤ ਅਦਾ ਕਰਨੀ ਪਈ ਹੈ। ਇਸ ਕਰਕੇ ਭਾਵੇਂ ਆਰਥਿਕ ਕੰਮਕਾਜ ਠੱਪ ਹੋ ਗਿਆ, ਪਰ ਮਨੁੱਖਾਂ ਨੂੰ ਬਚਾਉਣ ਦਾ ਹੋਰ ਕੋਈ ਬਦਲ ਨਹੀਂ ਸੀ।’
ਉਨ੍ਹਾਂ ਕਿਹਾ ਕਿ ਕਿਸੇ ਨੂੰ ਖਾਣਾ ਨਹੀਂ ਜੁੜਿਆ, ਕੋਈ ਸਫ਼ਰ ਨਹੀਂ ਕਰ ਸਕਦਾ, ਪਰ ਸਾਰੇ ਅਨੁਸ਼ਾਸਿਤ ਸਿਪਾਹੀ ਵਾਂਗ ਫਰਜ਼ਾਂ ਦੀ ਪਾਲਣਾ ਕਰ ਰਹੇ ਹਨ। ਸ੍ਰੀ ਮੋਦੀ ਨੇ ਹੋਰਨਾਂ ਵਿਕਸਤ ਮੁਲਕਾਂ ਨਾਲ ਤੁਲਨਾ ਕਰਦਿਆਂ ਕਿਹਾ ਕਿ ਭਾਰਤ ਸਮੇਂ ਸਿਰ ਲਏ ਫ਼ੈਸਲਿਆਂ ਕਾਰਨ ਅੱਜ ਉਨ੍ਹਾਂ ਨਾਲੋਂ ਵਧੇਰੇ ਬਿਹਤਰ ਸਥਿਤੀ ਵਿੱਚ ਹੈ। ਉਨ੍ਹਾਂ ਕਿਹਾ ਕਿ ਕੋਵਿਡ-19 ਕੇਸ ਦਾ ਅੰਕੜਾ ਸੌ ਹੋਣ ਤੋਂ ਪਹਿਲਾਂ ਹੀ ਭਾਰਤ ਨੇ ਵਿਦੇਸ਼ ਤੋਂ ਪਰਤੇ ਨਾਗਰਿਕਾਂ ਲਈ 14 ਦਿਨਾਂ ਲਈ ਇਕਾਂਤਵਾਸ ’ਚ ਰਹਿਣ ਦੀ ਸ਼ਰਤ ਲਾਜ਼ਮੀ ਕਰ ਦਿੱਤੀ ਸੀ।
ਜਦੋਂ ਕੇਸਾਂ ਦੀ ਗਿਣਤੀ 550 ਹੋਈ ਤਾਂ ਸਮੁੱਚੇ ਦੇਸ਼ ਨੂੰ 21 ਦਿਨਾਂ ਲਈ ਲੌਕਡਾਊਨ ਕਰ ਦਿੱਤਾ। ਸੰਵਿਧਾਨ ਨਿਰਮਾਤਾ ਬੀ.ਆਰ. ਅੰਬੇਦਕਰ ਦੇ ਜਨਮਦਿਨ ਮੌਕੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਕਰੋਨਾਵਾਇਰਸ ਮਹਾਂਮਾਰੀ ਦੇ ਪਾਸਾਰ ਵਿਰੁੱਧ ਲੜਾਈ ’ਚ ਦੇਸ਼ ਦੇ ਨਾਗਰਿਕਾਂ ਦੀਆਂ ਕੋਸ਼ਿਸ਼ਾਂ ਅੰਬੇਦਕਰ ਨੂੰ ਸੱਚੀ ਸ਼ਰਧਾਂਜਲੀ ਹੈ।
ਉਨ੍ਹਾਂ ਕਿਹਾ ਕਿ ਭਾਰਤ ਨੇ ਵਾਇਰਸ ਦੇ ਪੈਰ ਪਸਾਰਨ ਦੀ ਉਡੀਕ ਨਹੀਂ ਕੀਤੀ, ਜਿਵੇਂ ਹੀ ਸਮੱਸਿਆ ਸਾਹਮਣੇ ਆਈ, ਤੁਰੰਤ ਫੈਸਲੇ ਲੈ ਕੇ ਇਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਦਾਅਵਾ ਕੀਤਾ ਕਿ ਜੇਕਰ ਸਰਕਾਰ ਅਜਿਹੇ ਫੈਸਲੇ ਛੇਤੀ ਨਾ ਲੈਂਦੀ ਤਾਂ ਸ਼ਾਇਦ ਅੱਜ ਸਥਿਤੀ ਕੁਝ ਹੋਰ ਹੁੰਦੀ।