ਨਵੀਂ ਦਿੱਲੀ (ਸਮਾਜਵੀਕਲੀ) : ਸੁਪਰੀਮ ਕੋਰਟ ਨੇ ਅੱਜ ਵੱਖ-ਵੱਖ ਰਾਜਾਂ ਦੇ ਸਕੂਲੀ ਵਿਦਿਆਰਥੀਆਂ ਦੇ ਮਾਪਿਆਂ ਵੱਲੋਂ ਕਰੋਨਾਵਾਇਰਸ ਦੇ ਮੱਦੇਨਜ਼ਰ ਕੀਤੇ ਗਏ ਲੌਕਡਾਊਨ ਦੇ ਸਮੇਂ ਦੌਰਾਨ ਦੀ ਸਕੂਲ ਫੀਸ ’ਚ ਛੋਟ ਦੇਣ ਸਬੰਧੀ ਅਰਜ਼ੀ ’ਤੇ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਹੈ ਅਤੇ ਮਾਪਿਆਂ ਨੂੰ ਇਸ ਸਬੰਧੀ ਰਾਹਤ ਲੈਣ ਲਈ ਹਾਈ ਕੋਰਟਾਂ ਵਿੱਚ ਪਹੁੰਚ ਕਰਨ ਲਈ ਕਿਹਾ ਹੈ।
ਚੀਫ਼ ਜਸਟਿਸ ਐੱ.ਏ. ਬੋਬੜੇ, ਜਸਟਿਸ ਆਰ ਸੁਭਾਸ਼ ਰੈਡੀ ਤੇ ਜਸਟਿਸ ਏ.ਐੱਸ. ਬੋਪੰਨਾ ਦੇ ਇਕ ਬੈਂਚ ਨੇ ਮਾਮਲੇ ਦੀ ਸੁਣਵਾਈ ਦੌਰਾਨ ਕਿਹਾ, ‘‘ਹਰੇਕ ਸੂਬੇ, ਇੱਥੋਂ ਤੱਕ ਕਿ ਹਰੇਕ ਜ਼ਿਲ੍ਹੇ ਵਿੱਚ ਹਾਲਾਤ ਵੱਖੋ-ਵੱਖ ਹਨ ਕਿਉਂਕਿ ਹਰੇਕ ਸੂਬੇ ਤੇ ਜ਼ਿਲ੍ਹੇ ਦੀਆਂ ਸਮੱਸਿਆਵਾਂ ਵੀ ਵੱਖ-ਵੱਖ ਹਨ। ਬੈਂਚ ਨੇ ਕਿਹਾ ਕਿ ਫੀਸਾਂ ਵਿੱਚ ਵਾਧੇ ਦਾ ਮੁੱਦਾ ਰਾਜਾਂ ਦੇ ਹਾਈ ਕੋਰਟਾਂ ਵਿੱਚ ਉਠਾਇਆ ਜਾਣਾ ਚਾਹੀਦਾ ਹੈ।
ਇਹ ਮਾਮਲਾ ਸੁਪਰੀਮ ਕੋਰਟ ਵਿੱਚ ਕਿਉਂ ਆਇਆ?’’ ਪਟੀਸ਼ਨਰਾਂ ਦੇ ਵਕੀਲ ਬਾਲਾਜੀ ਸ੍ਰੀਨਿਵਾਸਨ ਤੇ ਮਯੰਕ ਸ਼ਿਰਸਾਗਰ ਨੇ ਕਿਹਾ ਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਸਕੂਲਾਂ ਨੂੰ ਵਧਾਈ ਹੋਈ ਫ਼ੀਸ ਵਸੂਲਣ ਦੀ ਮਨਜ਼ੂਰੀ ਦੇ ਦਿੱਤੀ ਹੈ।
ਇਸ ’ਤੇ ਬੈਂਚ ਨੇ ਵਕੀਲਾਂ ਨੂੰ ਕਿਹਾ ਕਿ ਪਟੀਸ਼ਨਰ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਖ਼ਿਲਾਫ਼ ਇਕ ਅਪੀਲ ਦਾਇਰ ਕਰ ਸਕਦੇ ਹਨ।