ਨਵੀਂ ਦਿੱਲੀ (ਸਮਾਜ ਵੀਕਲੀ) : ਤਿਊਹਾਰਾਂ ਦਾ ਸੀਜ਼ਨ ਸ਼ੁਰੂ ਹੋਣ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕਾਂ ਨੂੰ ਕੋਵਿਡ-19 ਸਬੰਧੀ ਹਦਾਇਤਾਂ ਦੀ ਪਾਲਣਾ ਦੀ ਅਪੀਲ ਕਰਦਿਆਂ ਕਿਹਾ ਹੈ ਕਿ ਇਹ ਸਮਾਂ ਲਾਪ੍ਰਵਾਹ ਹੋਣ ਦਾ ਨਹੀਂ ਹੈ ਕਿਉਂਕਿ ਵਾਇਰਸ ਹਾਲੇ ਵੀ ਆਸ-ਪਾਸ ਹੀ ਹੈ ਅਤੇ ਛੋਟੀ ਜਿਹੀ ਲਾਪ੍ਰਵਾਹੀ ਤਿਊਹਾਰਾਂ ਦਾ ਮਜ਼ਾ ਕਿਰਕਿਰਾ ਕਰ ਸਕਦੀ ਹੈ।
ਕੋਵਿਡ-19 ਮਹਾਮਾਰੀ ਫੈਲਣ ਤੋਂ ਲੈ ਕੇ ਹੁਣ ਤੱਕ ਰਾਸ਼ਟਰ ਨੂੰ ਕੀਤੇ ਸੱਤਵੇਂ ਸੰਬੋਧਨ ਵਿੱਚ ਮੋਦੀ ਨੇ ਅਮਰੀਕਾ ਅਤੇ ਕਈ ਯੂਰੋਪੀਅਨ ਮੁਲਕਾਂ ਦੀ ਊਦਾਹਰਣ ਦਿੱਤੀ ਕਿ ਕਿਵੇਂ ਕੇਸਾਂ ਦੀ ਗਿਣਤੀ ਘਟਣ ਮਗਰੋਂ ਅਚਾਨਕ ਅਤੇ ਚਿੰਤਾਜਨਕ ਢੰਗ ਨਾਲ ਕੇਸਾਂ ਵਿੱਚ ਮੁੜ ਵਾਧਾ ਹੋਇਆ ਹੈ। ਊਨ੍ਹਾਂ ਨਾਗਰਿਕਾਂ ਨੂੰ ਇਲਾਜ ਜਾਂ ਵੈਕਸੀਨ ਆਊਣ ਤੱਕ ਕਿਸੇ ਤਰ੍ਹਾਂ ਦੀ ਢਿੱਲ ਵਰਤਣ ਵਿਰੁਧ ਚੌਕਸ ਕੀਤਾ।
ਊਨ੍ਹਾਂ ਕਿਹਾ ਕਿ ਕਈ ਤਸਵੀਰਾਂ ਅਤੇ ਵੀਡੀਓਜ਼ ਸਾਹਮਣੇ ਆ ਰਹੀਆਂ ਹਨ ਕਿ ਕਿਵੇਂ ਲੋਕਾਂ ਨੇ ਮਾਸਕ ਪਹਿਨਣ ਸਬੰਧੀ ਇਹਤਿਆਤ ਵਰਤਣੀ ਬੰਦ ਕਰ ਦਿੱਤੀ ਹੈ ਅਤੇ ਲਾਪ੍ਰਵਾਹੀ ਵਧ ਗਈ ਹੈ। ਊਨ੍ਹਾਂ ਕਿਹਾ ਕਿ ਆਪਣੇ-ਆਪ ਨੂੰ, ਆਪਣੇ ਪਰਿਵਾਰਾਂ, ਬੱਚਿਆਂ ਅਤੇ ਬਜ਼ੁਰਗਾਂ ਨੂੰ ਖ਼ਤਰੇ ਵਿੱਚ ਪਾਊਣਾ ਬਿਲਕੁਲ ਵੀ ਠੀਕ ਨਹੀਂ ਹੈ। ਆਪਣੇ ਭਾਸ਼ਣ ਦੌਰਾਨ ਇੱਕ ਵਾਰ ਪ੍ਰਧਾਨ ਮੰਤਰੀ ਨੇ ਲੋਕਾਂ ਨੂੰ ਹੱਥ ਜੋੜ ਕੇ ਮਾਸਕ ਪਹਿਨਣ, ਹੱਥ ਸੈਨੇਟਾਈਜ਼ ਕਰਨ ਅਤੇ ਸਰੀਰਕ ਦੂਰੀ ਬਣਾਊਣ ਜਿਹੀ ਇਹਤਿਆਤ ਵਰਤਣ ਦੀ ਬੇਨਤੀ ਕਰਦਿਆਂ ਕਿਹਾ ਕਿ ਊਹ ਊਨ੍ਹਾਂ ਨੂੰ ਸੁਰੱਖਿਅਤ ਅਤੇ ਖ਼ੁਸ਼ ਦੇਖਣਾ ਚਾਹੁੰਦੇ ਹਨ।
ਊਨ੍ਹਾਂ ਕਿਹਾ, ‘‘ਸਾਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਲੌਕਡਾਊਨ ਭਾਵੇਂ ਖ਼ਤਮ ਹੋ ਗਿਆ ਹੈ, ਪਰ ਵਾਇਰਸ ਅਜੇ ਵੀ ਇੱਥੇ ਹੀ ਹੈ…ਇਹ ਲਾਪ੍ਰਵਾਹ ਹੋਣ ਦਾ ਸਮਾਂ ਨਹੀਂ ਹੈ, ਇਹ ਮੰਨਣ ਦਾ ਸਮਾਂ ਨਹੀਂ ਹੈ ਕਿ ਕਰੋਨਾ ਖ਼ਤਮ ਹੋ ਗਿਆ ਹੈ ਜਾਂ ਊਸ ਤੋਂ ਕੋਈ ਖ਼ਤਰਾ ਨਹੀਂ ਹੈ।’’ ਊਨ੍ਹਾਂ ਅੱਗੇ ਕਿਹਾ, ‘‘ਪਿਛਲੇ ਸੱਤ-ਅੱਠ ਮਹੀਨਿਆਂ ਵਿੱਚ ਹਰ ਭਾਰਤੀ ਵਲੋਂ ਕੀਤੇ ਯਤਨਾਂ ਸਦਕਾ ਅੱਜ ਭਾਰਤ ਸਥਿਰ ਸਥਿਤੀ ਵਿੱਚ ਹੈ, ਅਤੇ ਅਸੀਂ ਇਹ ਯਕੀਨੀ ਬਣਾਊਣਾ ਹੈ ਕਿ ਹਾਲਾਤ ਨਾ ਵਿਗੜਨ।’’ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਪੂਰੀ ਕੋਸ਼ਿਸ਼ ਕਰ ਰਹੀ ਹੈ ਕਿ ਜਦੋਂ ਵੀ ਵੈਕਸੀਨ ਆਉਂਦੀ ਹੈ, ਊਸ ਨੂੰ ਸਾਰੇ ਭਾਰਤੀਆਂ ਤੱਕ ਪਹੁੰਚਾਇਆ ਜਾਵੇ। ਮੋਦੀ ਨੇ ਕਿਹਾ, ‘‘ਅਸੀਂ ਇਹ ਯਾਦ ਰੱਖਣਾ ਹੈ ਕਿ ਜਬ ਤੱਕ ਦਵਾਈ ਨਹੀਂ, ਤਬ ਤੱਕ ਢਿਲਾਈ ਨਹੀਂ।’’
ਇਸੇ ਦੌਰਾਨ ਕਾਂਗਰਸ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਟੈਲੀਵਿਜ਼ਨ ’ਤੇ ਸੰਬੋਧਨ ’ਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਭਾਸ਼ਨ ਦੇਣ ਦੀ ਥਾਂ ਕਰੋਨਾਵਾਇਰਸ ਮਹਾਮਾਰੀ ’ਤੇ ਕਾਬੂ ਪਾਉਣ ਤੇ ਦੇਸ਼ ਦੀ ਅਰਥ ਵਿਵਸਥਾ ਨੂੰ ਮੁੜ ਲੀਹ ’ਤੇ ਲਿਆਉਣ ਲਈ ਕੋਈ ਠੋਸ ਹੱਲ ਦੱਸਣ। ਉਨ੍ਹਾਂ ਮੋਦੀ ਸਰਕਾਰ ਨੂੰ ਦੋਵਾਂ ਪੱਖਾਂ ਤੋਂ ਫੇਲ੍ਹ ਕਰਾਰ ਦਿੱਤਾ।