ਨਵੀਂ ਦਿੱਲੀ (ਸਮਾਜਵੀਕਲੀ) : ਕਰੋਨਾਵਾਇਰਸ ਦੇ ਮੱਦੇਨਜ਼ਰ ਕੀਤੇ ਗਏ ਲੌਕਡਾਊਨ ਦੌਰਾਨ ਬੰਦ ਪਏ ਸਕੂਲਾਂ ਕਾਰਨ ਬੱਚਿਆਂ ਦੇ ਹੋ ਰਹੇ ਪੜ੍ਹਾਈ ਦੇ ਨੁਕਸਾਨ ਨੂੰ ਪੂਰਨ ਲਈ ਹਰਿਆਣਾ ਦੇ ਝਾਮੜੀ ਪਿੰਡ ਵਿੱਚ ਮਾਪੇ ਤੇ ਅਧਿਆਪਕ ਇਕੱਠੇ ਹੋ ਗਏ ਹਨ। ਪੇਂਡੂ ਖੇਤਰ ਵਿੱਚ ਡਿਜੀਟਲ ਢਾਂਚਾ ਨਾ ਹੋਣ ਅਤੇ ਇੰਟਰਨੈੱਟ ਕੁਨੈਕਟੀਵਿਟੀ ਦੀ ਘਾਟ ਦੇ ਮੱਦੇਨਜ਼ਰ ਅਧਿਆਪਕ ਇਕ ਗੱਡੇ ’ਤੇ ਲੱਗੇ ਲਾਊਡਸਪੀਕਰ ਵਿੱਚ ਬੋਲ ਕੇ ਬੱਚਿਆਂ ਨੂੰ ਪੜ੍ਹਾਈ ਕਰਵਾਉਂਦਾ ਹੈ।
ਬੱਚੇ ਕਿਤਾਬਾਂ ਖੋਲ੍ਹ ਕੇ ਆਪੋ-ਆਪਣੇ ਘਰਾਂ ਵਿੱਚ ਬੈਠੇ ਪੜ੍ਹਾਈ ਕਰਦੇ ਰਹਿੰਦੇ ਹਨ। ਪੜ੍ਹਾਉਣ ਦਾ ਇਹ ਨਵਾਂ ਤਰੀਕਾ ਸੱਤਿਆਨਾਰਾਇਣ ਸ਼ਰਮਾ ਵੱਲੋਂ ਈਜਾਦ ਕੀਤਾ ਗਿਆ ਹੈ ਜੋ ਹਰਿਆਣਾ ਦੇ ਜ਼ਿਲ੍ਹਾ ਝੱਜਰ ਦੇ ਇਕ ਪਿੰਡ ਵਿੱਚ ਸਕੂਲ ਚਲਾਉਂਦੇ ਹਨ। ਪੀਟੀਆਈ ਨਾਲ ਗੱਲਬਾਤ ਦੌਰਾਨ ਸ੍ਰੀ ਸ਼ਰਮਾ ਨੇ ਕਿਹਾ ਕਿ ਸਵਾਲ ਵਿਦਿਅਾਰਥੀਆਂ ਦੇ ਸਿੱਖਣ ਦੇ ਪੱਧਰ ’ਤੇ ਪ੍ਰਭਾਵ ਦਾ ਨਹੀਂ ਹੈ ਬਲਕਿ ਉਨ੍ਹਾਂ ਦਾ ਸਾਲ ਖ਼ਰਾਬ ਨਹੀਂ ਹੋਣਾ ਚਾਹੀਦਾ।
ਉਨ੍ਹਾਂ ਕਿਹਾ, ‘‘ਮੈਂ ਇਕ ਗੱਡੇ ’ਤੇ ਰੱਖਣ ਲਈ ਲਾਊਡਸਪੀਕਰ ਦਾ ਇੰਤਜ਼ਾਮ ਕੀਤਾ। ਅਧਿਆਪਕਾਂ ਨੂੰ ਵਾਰੋ-ਵਾਰੀ ਗੱਡੇ ਦੇ ਨਾਲ ਜਾਣ ਅਤੇ ਇਸ ਨੂੰ ਅਜਿਹੀ ਜਗ੍ਹਾ ਖੜ੍ਹਾ ਕਰਨ ਲਈ ਕਿਹਾ ਜਿੱਥੋਂ ਸਾਰੇ ਬੱਚਿਆਂ ਨੂੰ ਪੜ੍ਹਾਉਣਾ ਸੰਭਵ ਹੋ ਸਕੇ। ਇਸ ਨਾਲ ਕਲਾਸ ਰੂਮ ਵਰਗੀ ਪੜ੍ਹਾਈ ਤਾਂ ਸੰਭਵ ਨਹੀਂ ਹੋਵੇਗੀ ਪਰ ਬੱਚੇ ਕੁਝ ਤਾਂ ਸਿੱਖਣਗੇ ਹੀ।’’
ਇਸੇ ਤਰ੍ਹਾਂ ਗੁਜਰਾਤ ਦੇ ਪਿੰਡ ਜਨਾਨ ਵਿੱਚ ਵੀ ਘਣਸ਼ਿਆਮ ਨਾਂ ਦੇ ਅਧਿਆਪਕ ਵੱਲੋਂ ਲੌਕਡਾਊਨ ਦੌਰਾਨ ਬੱਚਿਆਂ ਨਾਲ ਕਹਾਣੀਆਂ, ਗੀਤ ਤੇ ਮਾਪਿਆਂ ਲਈ ਹਦਾਇਤਾਂ ਜਾਰੀ ਕਰਨ ਵਾਸਤੇ ਪੰਚਾਇਤ ਦਾ ਸਾਊਂਡ ਸਿਸਟਮ ਇਸਤੇਮਾਲ ਕੀਤਾ ਜਾ ਰਿਹਾ ਹੈ। ਉਨ੍ਹਾਂ ਪੀਟੀਆਈ ਨਾਲ ਗੱਲਬਾਤ ਦੌਰਾਨ ਕਿਹਾ, ‘‘ਚੁਣੌਤੀਆਂ ਭਰੇ ਇਸ ਸਮੇਂ ਵਿੱਚ ਅਸੀਂ ਇਹ ਆਸ ਨਹੀਂ ਕਰ ਸਕਦੇ ਕਿ ਬੱਚੇ ਮਾਪਿਆਂ ਦੇ ਮੋਬਾਈਲ ਫੋਨ ਲੈ ਕੇ ਬੈਠੇ ਰਹਿਣ ਅਤੇ ਕਲਾਸਾਂ ਲਗਾਈ ਜਾਣ।’’