ਨਵੀਂ ਦਿੱਲੀ (ਸਮਾਜਵੀਕਲੀ) – ਕਰੋਨਾਵਾਇਰਸ ਦੇ ਮੱਦੇਨਜ਼ਰ ਕੀਤੇ ਗਏ ਦੇਸ਼ਵਿਆਪੀ ਲੌਕਡਾਊਨ ਦੌਰਾਨ ਆਨਲਾਈਨ ਖ਼ਰੀਦੀਆਂ ਜਾਣ ਵਾਲੀਆਂ ਵਸਤਾਂ ਦੀ ਡਲਿਵਰੀ ਇਕ ਚੁਣੌਤੀ ਬਣਨ ਕਾਰਨ ਸ਼ਹਿਰ ਵਿੱਚ ਸਥਾਨਕ ਪੱਧਰ ਦੇ ਛੋਟੇ ਕਰਿਆਨਾ ਦੁਕਾਨਦਾਰਾਂ ਦਾ ਕਾਰੋਬਾਰ ਵਧਿਆ ਹੈ। ਤਾਲਾਬੰਦੀ ਦੌਰਾਨ ਜ਼ੂਰਰੀ ਵਸਤਾਂ ਦੀ ਮੰਗ ਕਾਫੀ ਵਧੀ ਹੈ। ਕਈ ਦੁਕਾਨਦਾਰਾਂ ਨੂੰ ਤਾਂ ਇਨ੍ਹਾਂ ਜ਼ਰੂਰੀ ਵਸਤਾਂ ਦੀ ਵਧ ਰਹੀ ਮੰਗ ਪੂਰੀ ਕਰਨ ਵਿੱਚ ਵੀ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਲੌਕਡਾਊਨ ਤੋਂ ਪਹਿਲਾਂ ਵੱਡੇ ਸ਼ਾਪਿੰਗ ਮਾਲਾਂ ਤੇ ਆਨਲਾਈਨ ਪ੍ਰਚੂਨ ਵਿਕਰੇਤਾਵਾਂ ਕਾਰਨ ਪਿਛਲੇ ਕਈ ਸਾਲਾਂ ਤੋਂ ਛੋਟੇ ਦੁਕਾਨਦਾਰਾਂ ਦਾ ਕਾਰੋਬਾਰ ਕਾਫੀ ਪ੍ਰਭਾਵਿਤ ਹੋ ਰਿਹਾ ਸੀ ਪਰ ਜਦੋਂ ਤੋਂ ਕਰੋਨਾਵਾਇਰਸ ਦੇ ਮੱਦੇਨਜ਼ਰ ਲੌਕਡਾਊਨ ਕੀਤਾ ਗਿਆ ਹੈ ਉਦੋਂ ਤੋਂ ਇਨ੍ਹਾਂ ਦੁਕਾਨਦਾਰਾਂ ਦੀ ਵਿਕਰੀ ਕਾਫੀ ਵਧ ਗਈ ਹੈ। ਕੁਝ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਪਿਛਲੇ ਇਕ ਮਹੀਨੇ ਵਿੱਚ ਉਨ੍ਹਾਂ ਦੀ ਵਿਕਰੀ ਦੁੱਗਣੀ ਹੋ ਗਈ ਹੈ।
ਭਾਰਤ ਵਿੱਚ ਇਸ ਵੇਲੇ ਅੱਜ ਤੱਕ ਦਾ ਸਭ ਤੋਂ ਵੱਡਾ ਲੌਕਡਾਊਨ ਚੱਲ ਰਿਹਾ ਹੈ। ਇਸ ਦੌਰਾਨ ਵਾਇਰਸ ਤੋਂ ਲੜਨ ਲਈ 1.3 ਅਰਬ ਦੇਸ਼ ਵਾਸੀਆਂ ਨੂੰ ਆਪੋ-ਆਪਣੇ ਘਰਾਂ ਵਿੱਚ ਰਹਿਣ ਅਤੇ ਸਮਾਜਿਕ ਦੂਰੀ ਬਣਾ ਕੇ ਰੱਖਣ ਲਈ ਕਿਹਾ ਗਿਆ ਹੈ। ਜ਼ਿਕਰਯੋਗ ਹੈ ਕਿ ਕਰੋਨਾਵਾਇਰਸ ਕਾਰਨ ਦੇਸ਼ ਵਿੱਚ ਹੁਣ ਤੱਕ 308 ਮੌਤਾਂ ਹੋ ਚੁੱਕੀਆਂ ਹਨ ਅਤੇ ਇਸ ਦੇ 9000 ਤੋਂ ਵੱਧ ਮਰੀਜ਼ ਸਾਹਮਣੇ ਆ ਚੁੱਕੇ ਹਨ।
ਇਸ ਲੌਕਡਾਊਨ ਦੌਰਾਨ ਸਰਕਾਰ ਵੱਲੋਂ ਸਿਰਫ਼ ਜ਼ਰੂਰੀ ਵਸਤਾਂ ਜਿਵੇਂ ਕਿ ਕਰਿਆਨਾ, ਦਵਾਈਆਂ ਦੀਆਂ ਦੁਕਾਨਾਂ ਖੋਲ੍ਹਣ ਦੀ ਛੋਟ ਦਿੱਤੀ ਗਈ ਹੈ। ਨੋਇਡਾ ਦੇ ਸੈਕਟਰ-51 ਦੇ ਇਕ ਕਰਿਆਨਾ ਦੁਕਾਨਦਾਰ ਰਾਜੇਸ਼ ਰਾਜੌਰਾ ਨੇ ਦੱਸਿਆ ਕਿ ਲੌਕਡਾਊਨ ਦੌਰਾਨ ਉਸ ਦੀ ਵਿਕਰੀ ਐਨੀ ਵਧ ਗਈ ਹੈ ਕਿ ਪਿਛਲੇ ਇਕ ਮਹੀਨੇ ਵਿੱਚ ਸਾਮਾਨ ਭਰਨ ਲਈ ਉਸ ਨੂੰ ਦੋ ਵਾਰ ਆਪਣੇ ਸਪਲਾਇਰ ਨੂੰ ਟੈਲੀਫੋਨ ਕਰਨਾ ਪਿਆ।
ਇਸੇ ਤਰ੍ਹਾਂ ਮਯੂਰ ਵਿਹਾਰ-1 ਦੇ ਇਕ ਹੋਰ ਦੁਕਾਨਦਾਰ ਨੇ ਕਿਹਾ ਕਿ ਉਸ ਦੀ ਦੁਕਾਨ ’ਤੇ ਐਨੀ ਭੀੜ ਕਈ ਸਾਲਾਂ ਤੋਂ ਨਹੀਂ ਸੀ ਲੱਗੀ। ਇਕ ਹੋਰ ਦੁਕਾਨਦਾਰ ਹਰੀ ਸਿੰਘ ਨੇ ਕਿਹਾ ਕਿ ਇਸ ਸਾਲ ਉਹ ਆਪਣੀ ਦੁਕਾਨ ਬੰਦ ਕਰਨ ਵਾਲਾ ਸੀ ਪਰ ਲੌਕਡਾਊਨ ਨੇ ਉਸ ਦੇ ਕਾਰੋਬਾਰ ਨੂੰ ਨਵੀਂ ਜ਼ਿੰਦਗੀ ਦਿੱਤੀ ਹੈ। ਇਸ ਤਰ੍ਹਾਂ ਇਹ ਲੌਕਡਾਊਨ ਛੋਟੇ ਦੁਕਾਨਦਾਰਾਂ ਲਈ ਲਾਭਕਾਰੀ ਸਿੱਧ ਹੋਇਆ ਹੈ।