ਚੰਡੀਗੜ੍ਹ (ਸਮਾਜਵੀਕਲੀ) : ਕੇਂਦਰ ਸਰਕਾਰ ਦੇ ਫ਼ੈਸਲੇ ਤੋਂ ਬਾਅਦ ਚੰਡੀਗੜ੍ਹ ਸ਼ਹਿਰ ਵਿੱਚ 31 ਮਈ ਤੱਕ ਲੌਕਡਾਊਨ ਦਾ ਚੌਥਾ ਗੇੜ ਜਾਰੀ ਰਹੇਗਾ ਜਦੋਂਕਿ ਸ਼ਹਿਰ ਵਿਚਲੇ ਬਾਜ਼ਾਰਾਂ ਨੂੰ ਖੋਲ੍ਹਣ ਦੀ ਪ੍ਰਵਾਨਗੀ ਦੇ ਦਿੱਤੀ ਗਈ ਹੈ। ਸਰਕਾਰੀ ਦਫ਼ਤਰਾਂ ਵਿੱਚ ਪਬਲਿਕ ਡੀਲਿੰਗ ਦੀ ਮਨਜ਼ੂਰੀ ਵੀ ਸ਼ੁਰੂ ਕਰ ਦਿੱਤੀ ਗਈ ਹੈ ਜਦੋਂਕਿ ਸ਼ਹਿਰ ਵਿੱਚ ਸ਼ਾਮ 7 ਵਜੇ ਤੋਂ ਸਵੇਰੇ 7 ਵਜੇ ਤੱਕ ਲੌਕਡਾਊਨ ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਗੀ। ਸ਼ਹਿਰ ਦੀਆਂ ਮੁੱਖ ਸੜਕਾਂ ਦੇ ਆਲੇ ਦੁਆਲੇ ਸਥਿਤ ਬੰਦ ਪਏ ਬਾਜ਼ਾਰਾਂ ਨੂੰ ਵੀ ਪਹਿਲਾਂ ਦੀ ਤਰ੍ਹਾਂ ਜਿਸਕ-ਟਾਂਕ ਫਾਰਮੂਲੇ ਤਹਿਤ ਖੋਲ੍ਹਿਆ ਜਾਵੇਗਾ। ਸ਼ਹਿਰ ਵਿਚਲੇ ਕਰੋਨਾ ਪ੍ਰਭਾਵਿਤ ਖੇਤਰਾਂ ਵਿੱਚ ਪਹਿਲਾਂ ਦੀ ਤਰ੍ਹਾਂ ਪਾਬੰਦੀ ਜਾਰੀ ਰਹੇਗੀ।
ਯੂਟੀ ਪ੍ਰਸ਼ਾਸਨ ਨੇ ਯੂਟੀ ਦੇ ਦਫ਼ਤਰਾਂ ਨੂੰ ਸਵੇਰੇ 10 ਵਜੇ ਤੋਂ ਸ਼ਾਮ 5.30 ਵਜੇ ਤੱਕ 50 ਫੀਸਦ ਸਟਾਫ਼ ਦੇ ਨਾਲ ਖੋਲ੍ਹਣ ਦਾ ਐਲਾਨ ਕੀਤਾ ਹੈ, ਜਿੱਥੇ ਪਬਲਿਕ ਡੀਲਿੰਗ ਵੀ ਕੀਤੀ ਜਾਵੇਗੀ ਜਦੋਂਕਿ ਕੇਂਦਰ ਸਰਕਾਰ, ਪੰਜਾਬ ਸਰਕਾਰ ਅਤੇ ਹਰਿਆਣਾ ਸਰਕਾਰ ਦੇ ਦਫ਼ਤਰ ਸਮੇਂ ਅਨੁਸਾਰ ਜਾਰੀ ਰਹਿਣਗੇ। ਇਸ ਦੇ ਨਾਲ ਹੀ ਪ੍ਰਸ਼ਾਸਨ ਨੇ ਨਿੱਜੀ ਦਫ਼ਤਰਾਂ ਨੂੰ ਵੀ 50 ਫ਼ੀਸਦ ਸਟਾਫ਼ ਨਾਲ ਖੋਲ੍ਹਣ ਦੀ ਪ੍ਰਵਾਨਹੀ ਦੇ ਦਿੱਤੀ ਹੈ। ਪ੍ਰਸ਼ਾਸਨ ਨੇ ਸ਼ਹਿਰ ਵਿੱਚ ਪਬਲਿਕ ਟਰਾਂਸਪੋਰਟ ਨੂੰ ਸ਼ੁਰੂ ਕਰਦੇ ਹੋਏ ਟੈਕਸੀ ਅਤੇ ਤਿੰਨ ਪਹੀਆ ਵਾਹਨਾਂ ਨੂੰ ਵੀ ਪ੍ਰਵਾਨਗੀ ਦੇ ਦਿੱਤੀ ਹੈ।
ਪ੍ਰਸ਼ਾਸਨ ਨੇ ਕਿਹਾ ਕਿ ਟੈਕਸੀ ਜਾਂ ਨਿੱਜੀ ਕਾਰ ਵਿੱਚ ਤਿੰਨ ਵਿਅਕਤੀ, ਤਿੰਨ ਪਹੀਆ ਵਾਹਨ ਵਿੱਚ ਦੋ ਅਤੇ ਦੋ ਪਹੀਆ ਵਾਹਨ ’ਤੇ ਇਕ ਵਿਅਕਤੀ ਸਵਾਰ ਹੋ ਸਕੇਗਾ। ਸ਼ਹਿਰ ਦੇ ਸੈਕਟਰਾਂ ਵਿੱਚ ਸਥਿਤ ਅੰਦਰੂਨੀ ਬਾਜ਼ਾਰਾਂ ਨੂੰ ਪਹਿਲਾਂ ਦੀ ਤਰ੍ਹਾਂ ਜਿਸਤ-ਟਾਂਕ ਫਾਰਮੂਲੇ ’ਤੇ ਸਵੇਰੇ 10 ਵਜੇ ਤੋਂ ਸ਼ਾਮ 6 ਵਜੇ ਤੱਕ ਖੋਲ੍ਹਿਆ ਜਾਵੇਗਾ। ਇਸ ਤੋਂ ਇਲਾਵਾ ਸੈਕਟਰ-46 ਦੀ ਰੇਹੜੀ ਮਾਰਕੀਟ, ਸੈਕਟਰ-22 ਡੀ, ਸ਼ਾਸਤਰੀ ਮਾਰਕੀਟ, ਸੈਕਟਰ-15 ਦੀ ਪਟੇਲ ਮਾਰਕੀਟ, ਸੈਕਟਰ-41, ਕ੍ਰਿਸ਼ਨਾ ਮਾਰਕੀਟ, ਸੈਕਟਰ-19, ਸਦਰ ਬਾਜ਼ਾਰ, ਪਾਲਿਕਾ ਬਾਜ਼ਾਰ, ਸੈਕਟਰ-18 ਗਾਂਧੀ ਮਾਰਕੀਟ, ਸੈਕਟਰ-27 ਜਨਤਾ ਮਾਰਕੀਟ ਨੂੰ ਸਵੇਰੇ 10.30 ਵਜੇ ਤੋਂ ਸ਼ਾਮ 6 ਵਜੇ ਤੱਕ ਜਿਸਤ/ਟਾਂਕ ਫਾਰਮੂਲੇ ’ਤੇ ਖੋਲ੍ਹਿਆ ਜਾਵੇਗਾ ਜਦੋਂਕਿ ਸੈਕਟਰ-17 ਮਾਰਕੀਟ, ਸੈਕਟਰ-34 ਮਾਰਕੀਟ ਨੂੰ ਸਵੇਰੇ 11 ਵਜੇ ਤੋਂ ਸ਼ਾਮ 6 ਵਜੇ ਤੱਕ ਖੋਲ੍ਹਿਆ ਜਾਵੇਗਾ।
ਪ੍ਰਸ਼ਾਸਨ ਨੇ ਨਗਰ ਨਿਗਮ ਤੋਂ ਰਜਿਸਟਰਡ ਵੈਂਡਰਾਂ ਨੂੰ ਜਿਸਤ/ਟਾਂਕ ਫਾਰਮੂਲੇ ਤਹਿਤ ਖੋਲ੍ਹਣ ਦੀ ਪ੍ਰਵਾਨਗੀ ਦੇ ਦਿੱਤੀ ਹੈ। ਯੂਟੀ ਪ੍ਰਸ਼ਾਸਨ ਨੇ ਮਠਿਆਈ ਦੀਆਂ ਦੁਕਾਨਾਂ, ਬੈਕਰੀ, ਰੈਸਟੋਰੈਂਟ ਨੂੰ ਖੋਲ੍ਹਣ ਲਈ ਪ੍ਰਵਾਨਗੀ ਦੇ ਦਿੱਤੀ ਹੈ ਪਰ ਇਹ ਸਿਰਫ਼ ਹੋਮ ਡਲਿਵਰੀ ਕਰ ਸਕਣਗੇ ਅਤੇ ਕਿਸੇ ਨੂੰ ਬਿਠਾ ਕੇ ਖਵਾ ਨਹੀਂ ਸਕਦੇ। ਸੈਕਟਰ-26 ਵਿਚਲੀ ਥੋਕ ਮਾਰਕੀਟ ਖੁੱਲ੍ਹੀ ਰਹੇਗੀ ਅਤੇ ਸਬਜ਼ੀਆਂ/ਫਲ ਵਿਕਰੇਤਾ ਆਰਜ਼ੀ ਤੌਰ ’ਤੇ ਸੈਕਟਰ-17 ਵਿੱਚ ਹੀ ਕੰਮ ਕਰਨਗੇ। ਇਸ ਤੋਂ ਇਲਾਵਾ ਪ੍ਰਸ਼ਾਸਨ ਨੇ ਸ਼ਹਿਰ ਵਿਚਲੇ ਸਪੋਰਟਸ ਕੰਪਲੈਕਸ ਖੋਲ੍ਹਣ ਦੀ ਪ੍ਰਵਾਨਗੀ ਦੇ ਦਿੱਤੀ ਹੈ ਪਰ ਉਹ ਕੋਈ ਮੁਕਾਬਲੇ ਜਾਂ ਸਮਾਗਮ ਨਹੀਂ ਕਰਵਾ ਸਕਦੇ ਹਨ।
ਸ਼ਹਿਰ ਵਿਚਲੇ ਧਾਰਮਿਕ ਸਥਾਨ, ਸਕੂਲ, ਕਾਲਜ, ਟਰੇਨਿੰਗ, ਸਿੱਖਿਆ ਸੰਸਥਾਵਾਂ, ਸਿਨੇਮਾਘਰ, ਐਲਾਂਟੇ ਮਾਲ, ਡੀਐੱਲਐੱਫ ਮਾਲ ਸਮੇਤ ਹੋਰ ਸ਼ਾਪਿੰਗ ਮਾਲ, ਜਿਮ, ਸਵਿਮਿੰਗ ਪੂਲ, ਮਨੋਰੰਜਨ ਵਾਲੇ ਪਾਰਕ ਬੰਦ ਰਹਿਣਗੇ। ਇਸ ਤੋਂ ਇਲਾਵਾ ਹੋਟਲ, ਰੈਸਟੋਰੈਂਟ, ਨਾਈ, ਬਿਊਟੀ ਪਾਰਲਰ, ਸਪਾਅ ਸੈਂਟਰ, ਆਪਣੀ ਮੰਡੀ, ਕੈਂਟੀਨਾਂ ਬੰਦ ਰਹਿਣਗੀਆਂ। ਯੂਟੀ ਦੇ ਪ੍ਰਸ਼ਾਸਕ ਦੇ ਸਲਾਹਕਾਰ ਮਨੋਜ ਪਰਿਦਾ ਨੇ ਕਿਹਾ ਕਿ ਸ਼ਹਿਰ ਦੇ ਬਾਜ਼ਾਰਾਂ ’ਚ ਸੋਸ਼ਲ ਡਿਸਟੈਂਸਿੰਗ ਦਾ ਖ਼ਾਸ ਰੱਖਿਆ ਜਾਵੇਗਾ ਪਰ ਘਰ ਤੋਂ ਬਾਹਰ ਆਉਣ ਵਾਲੇ ਹਰੇਕ ਵਿਅਕਤੀ ਨੂੰ ਮਾਸਕ ਦੀ ਵਰਤੋਂ ਕਰਨਾ ਲਾਜ਼ਮੀ ਹੋਵੇਗਾ।
ਨਿਯਮਾਂ ਦੀ ਉਲੰਘਣਾ ਕਰਨ ਵਾਲੇ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ। ਇਸੇ ਦੌਰਾਨ ਯੂਟੀ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ 65 ਸਾਲ ਤੋਂ ਵੱਧ ਉਮਰ ਦੇ ਬਜ਼ੁਰਗਾਂ, 10 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਅਤੇ ਗਰਭਵਤੀ ਔਰਤਾਂ ਨੂੰ ਘਰਾਂ ਵਿੱਚ ਰਹਿਣ ਦੇ ਆਦੇਸ਼ ਦਿੱਤੇ ਹਨ।