ਮੋਗਾ (ਸਮਾਜਵੀਕਲੀ) – ਲੌਕਡਾਊਨ ਨੇ ਛੋਟੀ ਬੱਚੀ ਨੂਰ ਦੇ ਪਰਿਵਾਰ ਦੀ ਕਿਸਮਤ ਦੇ ਬੰਦ ਦਰਵਾਜ਼ੇ ਖੋਲ੍ਹ ਦਿੱਤੇ ਹਨ। ਧਰਮਕੋਟ ਨਜ਼ਦੀਕੀ ਪਿੰਡ ਭਿੰਡਰ ਕਲਾਂ ਦੇ ਸੰਦੀਪ ਤੂਰ ਦੀ ਅਗਵਾਈ ਹੇਠਲੀ ਟਿਕ ਟੌਕ ਟੀਮ ਵਿਚਲੀ ਨੂਰ ਨੇ ਆਪਣੇ ਹਨੇਰੇ ਪਰਿਵਾਰ ਵਿੱਚ ਰੋਸ਼ਨੀ ਲੈ ਆਂਦੀ ਹੈ। ਮਜ਼ਦੂਰ ਪਰਿਵਾਰ ਦੀ ਧੀ ਟਿੱਕ ਟੌਕ ਨਾਲ ਹਸਾ-ਹਸਾ ਕੇ ਢਿੱਡੀ ਪੀੜਾਂ ਪਾ ਰਹੀ ਹੈ।
ਸਿਰ ’ਤੇ ਪਟਕਾ ਸਜਾ ਕੇ ਲੜਕੇ ਦੇ ਭੇਸ ’ਚ ਵੀਡੀਓਜ਼ ’ਚ ਨਜ਼ਰ ਆਉਂਦੀ ਨੂਰ ਦਾ ਜਾਦੂ ਫੈਨਜ਼ ’ਤੇ ਇਸ ਕਦਰ ਛਾਇਆ ਹੋਇਆ ਹੈ ਕਿ ਉਸ ਦੇ 5 ਲੱਖ ਤੋਂ ਵੱਧ ਪ੍ਰਸੰਸਕ ਬਣ ਗਏ ਹਨ। ਨੂਰ ਦਾ ਪਿਤਾ ਭੱਠੇ ਉੱਤੇ ਮਜ਼ਦੂਰੀ ਕਰਦਾ ਹੈ। ਨੂਰ ਦੋ ਭੈਣਾਂ ਹਨ ਅਤੇ ਦੋਵੇਂ ਹੀ ਇਸ ਸਮੇਂ ਟਿਕ-ਟੌਕ ’ਤੇ ਵੀਡੀਓਜ਼ ਪਾ ਰਹੀਆਂ ਹਨ।
ਨੂਰ ਆਪਣੀ ਭੈਣ ਜਸ਼ਨਦੀਪ ਨਾਲ ਹਾਸ ਰਸ ਅਤੇ ਸਿੱਖਿਆਦਾਇਕ ਵੀਡੀਓਜ਼ ਪਾ ਕੇ ਹਰੇਕ ਵਰਗ ਦਾ ਖੂਬ ਮਨੋਰੰਜਨ ਕਰ ਰਹੀਆਂ ਹਨ। ਬੱਚੀਆਂ ਦੀ ਮਾਂ ਜਗਵੀਰ ਕੌਰ ਤੇ ਪਿਤਾ ਸਤਨਾਮ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੀਆਂ ਬੱਚੀਆਂ ਉੱਤੇ ਮਾਣ ਹੈ।
ਜ਼ਿਲ੍ਹਾ ਪੁਲੀਸ ਮੁਖੀ ਹਰਮਨਬੀਰ ਸਿੰਘ ਅਤੇ ਹੋਰ ਪੁਲੀਸ ਅਧਿਕਾਰੀਆਂ ਨੇ ਇਨ੍ਹਾਂ ਬੱਚੀਆਂ ਦਾ ਸਨਮਾਨ ਕੀਤਾ ਅਤੇ ਉਨ੍ਹਾਂ ਦੇ ਹੁਨਰ ਤੋਂ ਖੁਸ਼ ਹੋ ਕੇ ਮਾਲੀ ਮਦਦ ਕੀਤੀ। ਧਰਮਕੋਟ ਨਗਰ ਕੌਂਸਲ ਪ੍ਰਧਾਨ ਇੰਦਰਪ੍ਰੀਤ ਸਿੰਘ ਬੰਟੀ ਨੇ ਬੱਚੀਆਂ ਦੀ ਪੜ੍ਹਾਈ ਦਾ ਖਰਚਾ ਚੁੱਕਣ ਦਾ ਐਲਾਨ ਕੀਤਾ ਹੈ।