ਜੈਪੁਰ (ਸਮਾਜ ਵੀਕਲੀ) : ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਅੱਜ ਕਿਹਾ ਕਿ ਜੇਕਰ ਲੋੜ ਪਈ ਤਾਂ ਸੂਬੇ ਦਾ ਸਿਆਸੀ ਸੰਕਟ ਹੱਲ ਕਰਨ ਲਈ ਕਾਂਗਰਸੀ ਵਿਧਾਇਕਾਂ ਵਲੋਂ ਰਾਸ਼ਟਰਪਤੀ ਨਾਲ ਮੁਲਾਕਾਤ ਕੀਤੀ ਜਾਵੇਗੀ ਅਤੇ ਪ੍ਰਧਾਨ ਮੰਤਰੀ ਦੀ ਰਿਹਾਇਸ਼ ਦੇ ਬਾਹਰ ਧਰਨਾ ਦਿੱਤਾ ਜਾਵੇਗਾ। ਪਾਰਟੀ ਸੂਤਰਾਂ ਅਨੁਸਾਰ ਸ੍ਰੀ ਗਹਿਲੋਤ ਨੇ ਇਹ ਗੱਲ ਕਾਂਗਰਸੀ ਵਿਧਾਇਕਾਂ ਦੀ ਹੋਟਲ, ਜਿੱਥੇ ਵਫ਼ਾਦਾਰ ਵਿਧਾਇਕਾਂ ਨੂੰ ਠਹਿਰਾਇਆ ਗਿਆ ਹੈ, ਵਿੱਚ ਰੱਖੀ ਬੈਠਕ ਮੌਕੇ ਕਹੀ।
ਉਨ੍ਹਾਂ ਵਿਧਾਇਕਾਂ ਨੂੰ ਇਹ ਵੀ ਕਿਹਾ ਕਿ ਉਨ੍ਹਾਂ ਨੂੰ ਇੱਥੇ ਲੰਬਾ ਸਮਾਂ ਰਹਿਣਾ ਪੈ ਸਕਦਾ ਹੈ। ਇੱਕ ਪਾਰਟੀ ਆਗੂ ਨੇ ਦੱਸਿਆ, ‘‘ਮੁੱਖ ਮੰਤਰੀ ਨੇ ਸਾਨੂੰ ਹੋਟਲ ਵਿੱਚ ਲੰਬਾ ਸਮਾਂ ਠਹਿਰਨ ਲਈ ਤਿਆਰ ਰਹਿਣ ਲਈ ਆਖਿਅਾ ਹੈ। ਉਨ੍ਹਾਂ ਕਿਹਾ, ਜੇਕਰ ਲੋੜ ਪਈ ਤਾਂ ਅਸੀਂ ਰਾਸ਼ਟਰਪਤੀ ਨੂੰ ਮਿਲਾਂਗੇ ਅਤੇ ਪ੍ਰਧਾਨ ਮੰਤਰੀ ਦੀ ਰਿਹਾਇਸ਼ ਦੇ ਬਾਹਰ ਧਰਨਾ ਵੀ ਦੇਵਾਂਗੇ।’’ ਦੱਸਣਯੋਗ ਹੈ ਕਿ ਬੀਤੇ ਦਿਨ ਰਾਜ ਭਵਨ ਦੇ ਮੈਦਾਨ ਵਿੱਚ ਕਾਂਗਰਸੀ ਵਿਧਾਇਕ ਕਈ ਘੰਟੇ ਚੌਕੜੀ ਮਾਰ ਕੇ ਬੈਠੇ ਰਹੇ ਸਨ।
ਉਹ ਰਾਜਪਾਲ ਕਲਰਾਜ ਮਿਸ਼ਰਾ ਤੋਂ ਵਿਧਾਨ ਸਭਾ ਦਾ ਸੈਸ਼ਨ ਸੱਦੇ ਜਾਣ ਦੀ ਮੰਗ ਕਰ ਰਹੇ ਸਨ ਤਾਂ ਜੋ ਉਹ ਬਹੁਮਤ ਸਾਬਤ ਕਰ ਸਕਣ। ਗਹਿਲੋਤ ਨੇ ਦੋਸ਼ ਲਾਏ ਸਨ ਕਿ ਰਾਜਪਾਲ ‘ਉਪਰੋਂ ਪੈ ਰਹੇ ਦਬਾਅ ਹੇਠ’ ਹਨ, ਜਿਸ ਕਰਕੇ ਸੈਸ਼ਨ ਨਹੀਂ ਸੱਦਿਆ ਜਾ ਰਿਹਾ। ਉਨ੍ਹਾਂ ਸੂਬੇ ਵਿੱਚ ਸਿਆਸੀ ਖਿਚੋਤਾਣ ’ਚ ਕੇਂਦਰ ਦੀ ਭਾਜਪਾ ਸਰਕਾਰ ਦੀ ਸ਼ਮੂਲੀਅਤ ਦੇ ਦੋਸ਼ ਲਾੲੇ ਸਨ।