ਫਿਰੋਜ਼ਪੁਰ (ਸਮਾਜਵੀਕਲੀ) – ਇੱਥੋਂ ਦੀ ਲੋਹਗੜ੍ਹ ਮੰਡੀ ’ਚ ਕਿਸਾਨਾਂ ਵੱਲੋਂ ਵੇਚੀ ਕਣਕ ਦੀ ਕਰੀਬ ਦਸ ਕਰੋੜ ਰੁਪਏ ਦੀ ਅਦਾਇਗੀ ਰੁਕੀ ਹੋਈ ਹੈ। ਮੰਡੀ ਵਿੱਚੋਂ ਕਣਕ ਦੀ ਸਾਰੀ ਖ਼ਰੀਦ ਐਡਵਾਂਸ ਹੋ ਚੁੱਕੀ ਹੈ ਅਤੇ ਮਾਲ ਦੀ ਵੀ ਲਿਫਟਿੰਗ ਹੋ ਚੁੱਕੀ ਹੈ। ਇਸ ਦੇ ਬਾਵਜੂਦ ਆੜ੍ਹਤੀਆਂ ਨੂੰ ਅਦਾਇਗੀ ਨਹੀਂ ਹੋ ਰਹੀ। ਇੱਕ ਅਨੁਮਾਨ ਮੁਤਾਬਿਕ ਇਸ ਮੰਡੀ ਵਿੱਚੋਂ ਪਨਸਪ ਮਹਿਕਮੇ ਵੱਲੋਂ ਕਰੀਬ ਇੱਕ ਲੱਖ ਬੋਰੀ ਤੋਂ ਵੱਧ ਕਣਕ ਦੀ ਖ਼ਰੀਦ ਕੀਤੀ ਗਈ ਹੈ। ਆੜ੍ਹਤੀਆਂ ਨੇ ਪਨਸਪ ਵਿਭਾਗ ਦੇ ਖ਼ਰੀਦ ਇੰਸਪੈਕਟਰ ਸ਼ਕਤੀ ਕੁਮਾਰ ’ਤੇ ਜਾਣ-ਬੁੱਝ ਕੇ ਬਿੱਲ ਰੋਕਣ ਦੇ ਦੋਸ਼ ਲਾਏ ਹਨ ਅਤੇ ਉਸ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ।
ਆੜ੍ਹਤੀ ਤੇ ਸਰਪੰਚ ਹਰਜਿੰਦਰ ਸਿੰਘ, ਜਰਨੈਲ ਸਿੰਘ ਥਿੰਦ, ਮਨਜੀਤ ਸ਼ਰਮਾ, ਪ੍ਰਮੋਦ ਕੁਮਾਰ ਅਤੇ ਰਿਤੇਸ਼ ਮਿੱਤਲ ਨੇ ਦੱਸਿਆ ਕਿ ਜਦੋਂ ਤੋਂ ਇਸ ਮੰਡੀ ਵਿੱਚ ਕਣਕ ਦੀ ਖ਼ਰੀਦ ਸ਼ੁਰੂ ਹੋਈ ਹੈ, ਇੰਸਪੈਕਟਰ ਸ਼ਕਤੀ ਪਹਿਲੇ ਦਿਨੋਂ ਉਨ੍ਹਾਂ ਨੂੰ ਤੰਗ ਪ੍ਰੇਸ਼ਾਨ ਕਰ ਰਿਹਾ ਹੈ। ਉਹ ਹੁਣ ਤੱਕ ਸਿਰਫ਼ ਤਿੰਨ ਵਾਰ ਮੰਡੀ ਵਿੱਚ ਆਇਆ ਹੈ। ਪਹਿਲੀ ਖ਼ਰੀਦ ਉਸ ਨੇ 19 ਅਪਰੈਲ ਨੂੰ ਕੀਤੀ।
ਉਸ ਤੋਂ ਬਾਅਦ 21 ਅਤੇ 22 ਅਪਰੈਲ ਨੂੰ ਖ਼ਰੀਦ ਪਾਈ। ਆੜ੍ਹਤੀਆਂ ਨੂੰ ਹੁਣ ਤੱਕ ਦੋ ਵਾਰ ਕੀਤੀ ਨਿਗੂਣੀ ਜਿਹੀ ਖ਼ਰੀਦ ਦੀ ਅਦਾਇਗੀ ਹੀ ਹੋਈ ਹੈ। 22 ਅਪਰੈਲ ਤੋਂ ਬਾਅਦ ਹੁਣ ਤੱਕ ਛੇ ਵਾਰ ਪਾਈ ਗਈ ਖ਼ਰੀਦ ਦੀ ਅਦਾਇਗੀ ਅਜੇ ਤੱਕ ਨਹੀਂ ਹੋਈ ਜਦਕਿ ਆਸ-ਪਾਸ ਦੀਆਂ ਮੰਡੀਆਂ ਵਿੱਚੋਂ ਸਾਰੇ ਆੜ੍ਹਤੀਆਂ ਨੂੰ ਅਦਾਇਗੀ ਹੋ ਚੁੱਕੀ ਹੈ।
ਆੜ੍ਹਤੀਆਂ ਨੇ ਇਹ ਵੀ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਬਾਰਦਾਨੇ ਦਾ ਵਜ਼ਨ ਪ੍ਰਤੀ ਬੋਰੀ ਛੇ ਸੌ ਗ੍ਰਾਮ ਨਿਰਧਾਰਿਤ ਕੀਤਾ ਗਿਆ ਹੈ ਪਰ ਇੰਸਪੈਕਟਰ ਸ਼ਕਤੀ ਸੱਤ ਸੌ ਗ੍ਰਾਮ ਵਜ਼ਨ ਕੱਟਣ ਦੀ ਗੱਲ ਆਖ ਰਿਹਾ ਹੈ। ਆੜ੍ਹਤੀਆਂ ਨੇ ਇਹ ਵੀ ਦੱਸਿਆ ਕਿ ਇੰਸਪੈਕਟਰ ਵੱਲੋਂ ਸਮੇਂ ਸਿਰ ਬਾਰਦਾਨਾ ਨਾ ਦੇਣ ਕਰਕੇ ਆੜ੍ਹਤੀਆਂ ਨੂੰ ਕਰੀਬ ਪੈਂਤੀ ਹਜ਼ਾਰ ਗੱਟਾ ਕਣਕ ਮਜਬੂਰ ਹੋ ਕੇ ਬਾਹਰਲੇ ਵਪਾਰੀਆਂ ਨੂੰ ਵੇਚਣੀ ਪਈ ਹੈ। ਅਦਾਇਗੀ ਨਾ ਹੋਣ ਕਰਕੇ ਕਿਸਾਨ ਆੜ੍ਹਤੀਆਂ ਨੂੰ ਤੰਗ ਕਰ ਰਹੇ ਹਨ। ਕਿਸੇ ਕਿਸਾਨ ਨੇ ਕਰਜ਼ੇ ਦੀਆਂ ਕਿਸ਼ਤਾਂ ਜਮ੍ਹਾਂ ਕਰਵਾਉਣੀਆਂ ਹਨ ਅਤੇ ਕਿਸੇ ਕਿਸਾਨ ਨੇ ਹੋਰ ਕਈ ਜ਼ਰੂਰੀ ਅਦਾਇਗੀਆਂ ਕਰਨੀਆਂ ਹਨ।