ਵੈਲਿੰਗਟਨ-ਦਿਨ ਵਿੱਚ ਦੂਜਾ ਮੈਚ ਖੇਡ ਰਹੇ ਫੈਲੀਸਿਆਨੋ ਲੋਪੇਜ਼ ਨੇ ਅੱਜ ਇੱਥੇ ਏਟੀਪੀ ਆਕਲੈਂਡ ਕਲਾਸਿਕ ਟੈਨਿਸ ਟੂਰਨਾਮੈਂਟ ’ਚ ਸਿਖ਼ਰਲਾ ਦਰਜਾ ਪ੍ਰਾਪਤ ਦੁਨੀਆਂ ਦੇ 12ਵੇਂ ਨੰਬਰ ਦੇ ਖਿਡਾਰੀ ਫੈਬਿਓ ਫੋਗਨਿਨੀ ਨੂੰ ਹਰਾ ਕੇ ਕੁਆਰਟਰ ਫਾਈਨਲ ਵਿੱਚ ਜਗ੍ਹਾ ਬਣਾਈ। ਤੀਜਾ ਦਰਜਾ ਪ੍ਰਾਪਤ ਕੈਰੇਨ ਖਾਚਾਨੋਵ ਆਸਟਰੇਲੀਆ ਦੇ ਜੋਹਨ ਮਿੱਲਮੈਨ ਤੋਂ ਹਾਰ ਕੇ ਬਾਹਰ ਹੋ ਗਿਆ ਜਦੋਂਕਿ ਦੂਜੇ ਤੇ ਚੌਥਾ ਦਰਜਾ ਡੈਨਿਸ ਸ਼ਾਪੋਵਾਲੋਵ ਤੇ ਜੋਹਨ ਇਸਨਰ ਨੇ ਆਖ਼ਰੀ ਅੱਠ ਵਿੱਚ ਪ੍ਰਵੇਸ਼ ਕੀਤਾ।
ਸਪੇਨ ਦੇ ਲੋਪੇਜ਼ ਉਨ੍ਹਾਂ ਕਈ ਖਿਡਾਰੀਆਂ ’ਚ ਸ਼ਾਮਲ ਰਿਹਾ ਜਿਨ੍ਹਾਂ ਨੂੰ ਮੰਗਲਵਾਰ ਨੂੰ ਮੀਂਹ ਦੇ ਅੜਿੱਕੇ ਕਾਰਨ ਅੱਜ ਇਕ ਦਿਨ ਵਿੱਚ ਦੋ ਮੈਚ ਖੇਡਣੇ ਪਏ। ਟੂਰਨਾਮੈਂਟ ਦੇ ਸਭ ਤੋਂ ਵੱਧ ਉਮਰ ਦੇ ਖਿਡਾਰੀ ਲੋਪੇਜ਼ ਨੇ ਇਸ ਤਰ੍ਹਾਂ ਕੋਰਟ ’ਤੇ ਚਾਰ ਘੰਟੇ 25 ਮਿੰਟ ਦਾ ਸਮਾਂ ਗੁਜ਼ਾਰਿਆ ਜਿਸ ਵਿੱਚੋਂ ਸਿਰਫ਼ ਤਿੰਨ ਘੰਟੇ ਦਾ ਬਰੇਕ ਮਿਲਿਆ। ਉਸ ਨੇ ਪਾਬਲੋ ਐਂਡੂਜਾਰ ਨੂੰ 3-6, 7-6, 6-4 ਨਾਲ ਮਾਤ ਦੇਣ ਤੋਂ ਬਾਅਦ ਤਿੰਨ ਘੰਟਿਆਂ ਦਾ ਆਰਾਮ ਕੀਤਾ ਅਤੇ ਫਿਰ ਕੋਰਟ ’ਤੇ ਉਤਰ ਕੇ ਫੋਗਨਿਨੀ ਨੂੰ 3-6, 6-4, 6-3 ਨਾਲ ਮਾਤ ਦਿੱਤੀ। ਹੁਣ ਲੋਪੇਜ਼ ਦਾ ਸਾਹਮਣਾ ਕੁਆਰਟਰ ਫਾਈਨਲ ’ਚ ਪੋਲੈਂਡ ਦੇ ਹੁਬਰਟ ਹੁਕਾਸਰ ਨਾਲ ਹੋਵੇਗਾ, ਜਿਸ ਨੇ ਸਵੀਡਨ ਦੇ ਮਾਈਕਲ ਯਮੇਰ ਨੂੰ 6-2, 7-6 ਨਾਲ ਹਰਾਇਆ। ਇਟਲੀ ਦੇ ਮਾਰਕੋ ਸੇਸਚਿਨਾਟੋ ਨੂੰ ਫਰਾਂਸ ਦੇ ਉਗੋ ਹਮਬਰਟ ਤੋਂ 1-6, 4-6 ਨਾਲ ਹਾਰ ਦਾ ਮੂੰਹ ਦੇਖਦਾ ਪਿਆ ਜਦੋਂਕਿ ਇਟਲੀ ਦੇ ਐਂਡਰਿਆਸ ਸੈਪੀ ਨੇ ਸੱਤਵਾਂ ਦਰਜਾ ਐਡਰਿਆਨ ਮਾਨਾਰਿਨੋ ਨੂੰ ਤਿੰਨ ਸੈੱਟਾਂ ਤੱਕ ਚੱਲੇ ਮੁਕਾਬਲੇ ’ਚ ਹਰਾਇਆ ਪਰ ਅਗਲੇ ਗੇੜ ’ਚ ਉਸ ਨੂੰ ਕਾਇਲੇ ਐਡਮੰਡ ਤੋਂ 3-6, 6-7 ਨਾਲ ਹਾਰ ਮਿਲੀ। ਐਡਮੰਡ ਕੁਆਰਟਰ ਫਾਈਨਲ ’ਚ ਦੋ ਵਾਰ ਦੇ ਆਕਲੈਂਡ ਚੈਂਪੀਅਨ ਇਸਨਰ ਨਾਲ ਖੇਡੇਗਾ। ਚੌਥਾ ਦਰਾ ਤੇ ਦੋ ਵਾਰ ਦੇ ਆਕਲੈਂਡ ਚੈਂਪੀਅਨ ਇਸਨਰ ਨੇ ਪਿਛਲੇ ਚੈਂਪੀਅਨ ਟੈਨਿਸ ਸੈਂਡਗਰੇਨ ’ਤੇ ਤਿੰਨ ਸੈੱਟਾਂ ’ਚ 7-6, 6-7, 6-3 ਨਾਲ ਜਿੱਤ ਹਾਸਲ ਕੀਤੀ। ਸ਼ਾਪੋਵਾਲੋਵ ਨੇ ਵਾਸੇਕ ਪੋਸਪਿਸਿਲ ਨੂੰ 6-4, 7-6 ਨਾਲ ਹਰਾਇਆ ਅਤੇ ਮਿੱਲਮੈਨ ਨੇ ਖਾਚਾਨੋਵ ’ਤੇ 4-6, 6-3, 6-3 ਨਾਲ ਜਿੱਤ ਹਾਸਲ ਕੀਤੀ।
Sports ਲੋਪੇਜ਼ ਕੁਆਰਟਰਜ਼ ਫਾਈਨਲ ’ਚ ਦਾਖ਼ਲ