ਲੋਕ ਸਭਾ ਦੀ ਕਾਰਵਾਈ ’ਚ ਅੜਿੱਕਾ ਪਾਉਣ ਖ਼ਿਲਾਫ਼ ਕਾਰਵਾਈ ਕਰਦਿਆਂ ਸਪੀਕਰ ਸੁਮਿੱਤਰਾ ਮਹਾਜਨ ਨੇ ਦੋ ਦਿਨਾਂ ਅੰਦਰ ਟੀਡੀਪੀ ਤੇ ਏਆਈਏਡੀਐੱਮਕੇ ਦੇ 45 ਸੰਸਦ ਮੈਂਬਰਾਂ ਨੂੰ ਮੁਅੱਤਲ ਕਰ ਦਿੱਤਾ ਹੈ। ਸਪੀਕਰ ਨੇ ਬੀਤੇ ਦਿਨ ਏਆਈਏਡੀਐੱਮਕੇ ਦੇ 24 ਸੰਸਦ ਮੈਂਬਰਾਂ ਨੂੰ ਲਗਾਤਾਰ ਪੰਜ ਦਿਨ ਲਈ ਮੁਅੱਤਲ ਕਰ ਦਿੱਤਾ ਸੀ ਤੇ ਅੱਜ ਏਆਈਏਡੀਐੱਮਕੇ ਤੇ ਟੀਡੀਪੀ ਦੇ 21 ਮੈਂਬਰਾਂ ਤੇ ਵਾਈਐੱਸਆਰ ਕਾਂਗਰਸ ਤੋਂ ਵੱਖ ਹੋਏ ਇੱਕ ਮੈਂਬਰ ਨੂੰ ਮੁਅੱਤਲ ਕਰ ਦਿੱਤਾ ਹੈ।
ਲੋਕ ਸਭਾ ਸਪੀਕਰ ਨੇ ਸਦਨ ਦੇ ਨਿਯਮ 374 ‘ਏ’ ਤਹਿਤ ਕਾਰਵਾਈ ਕਰਦਿਆਂ ਕਿਹਾ ਕਿ ਇਹ ਸੰਸਦ ਮੈਂਬਰ ਸੈਸ਼ਨ ਦੇ ਬਾਕੀ ਦਿਨ ਹਾਜ਼ਰ ਨਹੀਂ ਹੋ ਸਕਣਗੇ। ਲੋਕ ਸਭਾ ਦਾ ਇਹ ਸੈਸ਼ਨ 8 ਜਨਵਰੀ ਨੂੰ ਖਤਮ ਹੋ ਰਿਹਾ ਹੈ। 11 ਦਸੰਬਰ ਤੋਂ ਸ਼ੁਰੂ ਹੋਏ ਲੋਕ ਸਭਾ ਦੇ ਸਰਦ ਰੁੱਤ ਸੈਸ਼ਨ ਦੀ ਕਾਰਵਾਈ ਏਆਈਏਡੀਐੱਮਕੇ ਤੇ ਟੀਡੀਪੀ ਦੇ ਮੈਂਬਰਾਂ ਵੱਲੋਂ ਕੀਤੇ ਜਾ ਰਹੇ ਹੰਗਾਮੇ ਕਾਰਨ ਵਾਰ-ਵਾਰ ਰੁਕ ਰਹੀ ਸੀ। ਇਹ ਸੰਸਦ ਮੈਂਬਰ ਕਾਵੇਰੀ ਨਦੀ ਵਿਵਾਦ ਤੇ ਆਂਧਰਾ ਪ੍ਰਦੇਸ਼ ਨੂੰ ਵਿਸ਼ੇਸ਼ ਰਾਜ ਦਾ ਦਰਜਾ ਦਿੱਤੇ ਦੀ ਜਾਣ ਦੀ ਮੰਗ ’ਤੇ ਲਗਾਤਾਰ ਹੰਗਾਮਾ ਕਰ ਰਹੇ ਸਨ। ਲੋਕ ਸਭਾ ਸਪੀਕਰ ਨੇ ਅੱਜ ਦੁਪਹਿਰ ਸਮੇਂ ਪਹਿਲਾਂ 19 ਸੰਸਦ ਮੈਂਬਰਾਂ ਨੂੰ ਮੁਅੱਤਲ ਕਰ ਦਿੱਤਾ ਤੇ ਦੋ ਹੋਰਾਂ ਨੂੰ ਬਾਅਦ ਦੁਪਹਿਰ ਦੋ ਵਜੇ ਦੇ ਕਰੀਬ ਸਦਨ ਤੋਂ ਬਾਹਰ ਕੱਢ ਦਿੱਤਾ।
ਅੱਜ ਦੁਪਹਿਰ ਸਮੇਂ ਜਦੋਂ ਸਿਫਰ ਕਾਲ ਸ਼ੁਰੂ ਹੋਇਆ ਤਾਂ ਏਆਈਏਡੀਐੱਮਕੇ ਤੇ ਟੀਡੀਪੀ ਦੇ ਮੈਂਬਰਾਂ ਨੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਇਸੇ ਦਰਮਿਆਨ ਸੰਸਦੀ ਮਾਮਲਿਆਂ ਬਾਰੇ ਮੰਤਰੀ ਨਰਿੰਦਰ ਸਿੰਘ ਤੋਮਰ ਸੰਸਦ ਮੈਂਬਰਾਂ ਸ਼ਾਂਤ ਹੋਣ ਦੀ ਅਪੀਲ ਕਰਦੇ ਰਹੇ। ਸਪੀਕਰ ਸੁਮਿੱਤਰਾ ਮਹਾਜਨ ਨੇ ਹੰਗਾਮਾ ਕਰ ਰਹੇ ਸੰਸਦ ਮੈਂਬਰਾਂ ਨੂੰ ਕਈ ਵਾਰ ਕਾਰਵਾਈ ਦੀ ਚਿਤਾਵਨੀ ਵੀ ਦਿੱਤੀ। ਸੰਸਦ ਮੈਂਬਰਾਂ ਨੇ ਜਦੋਂ ਸਪੀਕਰ ਦੀ ਗੱਲ ਨਾ ਸੁਣੀ ਤਾਂ ਏਆਈਏਡੀਐੱਮ ਕੇ ਸੱਤ, ਟੀਡੀਪੀ ਦੇ 11 ਤੇ ਵਾਈਐੱਸਆਰ ਕਾਂਗਰਸ ਤੋਂ ਵੱਖ ਹੋਏ ਇੱਕ ਸੰਸਦ ਮੈਂਬਰ ਨੂੰ ਸਦਨ ਦੀਆਂ ਅਗਲੀਆਂ ਚਾਰ ਮੀਟਿੰਗਾਂ ਲਈ ਮੁਅੱਤਲ ਕਰ ਦਿੱਤਾ।
HOME ਲੋਕ ਸਭਾ ਸਪੀਕਰ ਵੱਲੋਂ 21 ਹੋਰ ਸੰਸਦ ਮੈਂਬਰ ਮੁਅੱਤਲ