ਐੱਨਡੀਏ ਦੀ ਬੈਠਕ ਅੱਜ; ਮੋਦੀ ਚੁਣੇ ਜਾਣਗੇ ਆਗੂ; ਪ੍ਰਧਾਨ ਮੰਤਰੀ ਤੇ ਮੰਤਰੀਆਂ ਨੇ ਰਾਸ਼ਟਰਪਤੀ ਨੂੰ ਅਸਤੀਫ਼ੇ ਸੌਂਪੇ
ਜ਼ਬਰਦਸਤ ਬਹੁਮੱਤ ਨਾਲ ਮੁੜ ਸੱਤਾ ਵਿਚ ਪਰਤੀ ਨਰਿੰਦਰ ਮੋਦੀ ਸਰਕਾਰ ਦੀ ਦੂਜੀ ਪਾਰੀ ਲਈ ਕਵਾਇਦ ਸ਼ੁਰੂ ਹੋ ਗਈ ਹੈ। ਸ਼ੁੱਕਰਵਾਰ ਕੈਬਨਿਟ ਦੀ ਸਿਫ਼ਾਰਸ਼ ਮਗਰੋਂ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ 16ਵੀਂ ਲੋਕ ਸਭਾ ਨੂੰ ਭੰਗ ਕਰ ਦਿੱਤਾ ਹੈ। ਰਾਸ਼ਟਰਪਤੀ ਨੇ ਇਸ ਮੌਕੇ ਮੋਦੀ ਕੈਬਨਿਟ ਨੂੰ ਵਿਦਾਇਗੀ ਭੋਜ ਦਿੱਤਾ। ਦੂਜੇ ਪਾਸੇ ਭਾਜਪਾ ਦੀ ਅਗਵਾਈ ਵਾਲੇ ਐੱਨਡੀਏ ਹੇਠ ਨਵੇਂ ਚੁਣੇ ਗਏ ਸੰਸਦ ਮੈਂਬਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਰਸਮੀ ਤੌਰ ’ਤੇ ਆਪਣਾ ਆਗੂ ਚੁਣਨ ਲਈ ਭਲਕੇ ਜੁੜਨਗੇ। ਇਸ ਤੋਂ ਬਾਅਦ ਨਵੀਂ ਸਰਕਾਰ ਦੇ ਗਠਨ ਲਈ ਰਾਹ ਪੱਧਰਾ ਹੋ ਜਾਵੇਗਾ। ਮੀਟਿੰਗ ਸੰਸਦ ਦੇ ਕੇਂਦਰੀ ਹਾਲ ਵਿਚ ਸ਼ਾਮ 5 ਵਜੇ ਹੋਵੇਗੀ। ਮੋਦੀ ਦੇ ਇਸ ਮੌਕੇ ਸੰਸਦ ਮੈਂਬਰਾਂ ਨੂੰ ਸੰਬੋਧਨ ਕਰਨ ਦੀ ਵੀ ਸੰਭਾਵਨਾ ਹੈ। ਨਰਿੰਦਰ ਮੋਦੀ ਨੂੰ ਪਹਿਲਾਂ ਹੀ ਗੱਠਜੋੜ ਪ੍ਰਧਾਨ ਮੰਤਰੀ ਉਮੀਦਵਾਰ ਐਲਾਨ ਚੁੱਕਾ ਹੈ। ਇਸ ਲਈ ਮੀਟਿੰਗ ਮਹਿਜ਼ ਰਸਮੀ ਹੈ। ਇਸ ਤੋਂ ਬਾਅਦ ਮੋਦੀ ਰਾਸ਼ਟਰਪਤੀ ਅੱਗੇ ਦੁਬਾਰਾ ਸਰਕਾਰ ਬਣਾਉਣ ਲਈ ਦਾਅਵਾ ਪੇਸ਼ ਕਰਨਗੇ। ਨਰਿੰਦਰ ਮੋਦੀ 30 ਮਈ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕ ਸਕਦੇ ਹਨ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਸਣੇ ਕੇਂਦਰੀ ਮੰਤਰੀ ਮੰਡਲ ਨੇ ਰਾਸ਼ਟਰਪਤੀ ਨੂੰ ਸਮੂਹਿਕ ਅਸਤੀਫ਼ਾ ਸੌਂਪਿਆ ਤੇ 16ਵੀਂ ਲੋਕ ਸਭਾ ਭੰਗ ਕਰਨ ਦੀ ਸਿਫ਼ਾਰਸ਼ ਕੀਤੀ। ਰਾਸ਼ਟਰਪਤੀ ਨੇ ਸਾਰਿਆਂ ਦਾ ਅਸਤੀਫ਼ਾ ਸਵੀਕਾਰ ਕਰਦਿਆਂ ਪ੍ਰਧਾਨ ਮੰਤਰੀ ਨੂੰ ਨਵੀਂ ਸਰਕਾਰ ਬਣਨ ਤੱਕ ਅਹੁਦੇ ’ਤੇ ਬਣੇ ਰਹਿਣ ਲਈ ਕਿਹਾ। ਨਵੀਂ ਲੋਕ ਸਭਾ ਦਾ ਗਠਨ ਤਿੰਨ ਜੂਨ ਤੱਕ ਕੀਤਾ ਜਾਣਾ ਹੈ। ਭਾਜਪਾ ਤੇ ਉਸ ਦੇ ਸਹਿਯੋਗੀ ਦਲਾਂ ਦੇ ਸਾਰੇ ਨਵੇਂ ਚੁਣੇ ਸੰਸਦ ਮੈਂਬਰਾਂ ਨੂੰ ਸ਼ਨਿਚਰਵਾਰ ਨੂੰ ਦਿੱਲੀ ਪਹੁੰਚਣ ਲਈ ਕਿਹਾ ਗਿਆ ਹੈ। ਨਵੀਂ ਕੈਬਨਿਟ ਵਿਚ ਸਹਿਯੋਗੀ ਪਾਰਟੀਆਂ ਨੂੰ ਸ਼ਾਮਲ ਕਰਨ ਲਈ ਭਾਜਪਾ ਪ੍ਰਧਾਨ ਅਮਿਤ ਸ਼ਾਹ ਐੱਨਡੀਏ ਦੇ ਸਮਰਥਕ ਦਲਾਂ ਦੇ ਆਗੂਆਂ ਨਾਲ ਵਿਚਾਰ ਕਰਨਗੇ। ਸਹੁੰ ਚੁੱਕ ਸਮਾਗਮ ਰਾਸ਼ਟਰਪਤੀ ਭਵਨ ਵਿਚ ਹੋਵੇਗਾ। ਇਸ ਵਾਰ ਵੀ ਕਿਸੇ ਦੂਜੇ ਦੇਸ਼ ਦੇ ਰਾਸ਼ਟਰਪਤੀ ਜਾਂ ਪ੍ਰਧਾਨ ਮੰਤਰੀ ਨੂੰ ਸਮਾਰੋਹ ਵਿਚ ਬੁਲਾਉਣ ਦੀ ਯੋਜਨਾ ਹੈ। ਇਸ ਦੇ ਨਾਲ ਹੀ ਭਾਜਪਾ ਦੇ ਨਵੇਂ ਚੁਣੇ ਸੰਸਦ ਮੈਂਬਰ ਦਿੱਲੀ ਪਹੁੰਚਣੇ ਸ਼ੁਰੂ ਹੋ ਗਏ ਹਨ। ਭਾਜਪਾ ਸੰਸਦੀ ਦਲ ਦੀ ਮੀਟਿੰਗ ਵੀ ਭਲਕੇ ਹੋਣ ਜਾ ਰਹੀ ਹੈ।