ਦਿੱਲੀ ਹਿੰਸਾ: ਸੰਸਦ ਦੇ ਦੋਵਾਂ ਸਦਨਾਂ ’ਚ ਹੰਗਾਮਾ
ਸਰਕਾਰ ’ਤੇ ‘ਸੁੱਤੀ ਹੋਣ’ ਦਾ ਦੋਸ਼ ਲਾਇਆ; ਦੋਵਾਂ ਸਦਨਾਂ ਦੀ ਕਾਰਵਾਈ ਮੁਲਤਵੀ
ਦਿੱਲੀ ਵਿਚ ਹੋਈ ਹਿੰਸਾ ਦੇ ਮਾਮਲੇ ’ਤੇ ਅੱਜ ਲੋਕ ਸਭਾ ਤੇ ਰਾਜ ਸਭਾ ਵਿਚ ਭਾਰੀ ਹੰਗਾਮਾ ਹੋਇਆ। ਭਾਜਪਾ ਤੇ ਕਾਂਗਰਸ ਮੈਂਬਰ ਇਸ ਦੌਰਾਨ ਇਕ-ਦੂਜੇ ਨਾਲ ਖ਼ਹਿਬੜ ਪਏ ਅਤੇ ਵਿਰੋਧੀ ਧਿਰਾਂ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਅਸਤੀਫ਼ੇ ਦੀ ਮੰਗ ਕੀਤੀ। ਸ਼ਾਮ 4.30 ਵਜੇ ਤੱਕ ਲੋਕ ਸਭਾ ਤਿੰਨ ਵਾਰ ਮੁਲਤਵੀ ਕੀਤੀ ਗਈ। ਲੋਕ ਸਭਾ ਸਪੀਕਰ ਓਮ ਬਿਰਲਾ ਨੇ ਪੂਰੇ ਦਿਨ ਦੇ ਹੰਗਾਮੇ ’ਤੇ ਦੁੱਖ ਪ੍ਰਗਟ ਕੀਤਾ ਤੇ ਹੇਠਲੇ ਸਦਨ ਨੂੰ ਭਲਕ ਤੱਕ ਲਈ ਉਠਾ ਦਿੱਤਾ। ਇਸ ਤੋਂ ਪਹਿਲਾਂ ਬਾਅਦ ਦੁਪਹਿਰ 2 ਵਜੇ ਵਿਰੋਧੀ ਧਿਰਾਂ ਨੇ ਸਦਨ ਦੇ ਵਿਚਾਲੇ ਆ ਕੇ ਸਪੀਕਰ ਅੱਗੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਵਿਰੋਧੀ ਧਿਰਾਂ ਦੇ ਮੈਂਬਰ ਕਾਲਾ ਬੈਨਰ ਲੈ ਕੇ ਸੱਤਾਧਾਰੀਆਂ ਦੇ ਬੈਂਚਾਂ ਵੱਲ ਚਲੇ ਗਏ। ਸੰਸਦੀ ਮਾਮਲਿਆਂ ਬਾਰੇ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਸਪੀਕਰ ਨੂੰ ਰੋਜ਼ਾਨਾ ਦੀ ਕਾਰਵਾਈ ਚਲਾਉਣ ਲਈ ਕਿਹਾ। ਜੋਸ਼ੀ ਨੇ ਦੋਸ਼ ਲਾਇਆ ਕਿ ‘ਇਹ ਉਹੀ ਲੋਕ ਹਨ ਜਿਨ੍ਹਾਂ ਦੰਗੇ ਭੜਕਾਏ। 1984 ਵਿਚ ਇਨ੍ਹਾਂ 3000 ਲੋਕਾਂ ਦੀ ਹੱਤਿਆ ਕੀਤੀ ਤੇ ਕੋਈ ਜਾਂਚ ਤੱਕ ਨਹੀਂ ਕਰਵਾਈ। ਸ਼ਾਂਤੀ ਕਾਇਮ ਕਰਨਾ ਤਰਜੀਹ ਹੈ, ਪਰ ਇਹ ਤਣਾਅ ਪੈਦਾ ਕਰਨਾ ਚਾਹੁੰਦੇ ਹਨ।’ ਸਪੀਕਰ ਨੇ ਵਿਰੋਧੀ ਧਿਰਾਂ ਦੇ ਮੈਂਬਰਾਂ ਨੂੰ ਸੀਟਾਂ ’ਤੇ ਵਾਪਸ ਜਾਣ ਲਈ ਕਿਹਾ ਪਰ ਉਹ ‘ਸਾਨੂੰ ਨਿਆਂ ਚਾਹੀਦਾ ਹੈ’ ਅਤੇ ‘ਅਮਿਤ ਸ਼ਾਹ ਮੁਰਦਾਬਾਦ’ ਦੇ ਨਾਅਰੇ ਲਾਉਂਦੇ ਰਹੇ। ਉਨ੍ਹਾਂ ‘ਨਫ਼ਰਤੀ ਭਾਸ਼ਨ ਬੰਦ ਕਰੋ, ਸਾਡੇ ਭਾਰਤ ਨੂੰ ਬਚਾਓ’ ਦੇ ਬੈਨਰ ਵੀ ਫੜੇ ਹੋਏ ਸਨ। ਕਾਂਗਰਸ ਦੇ ਗੌਰਵ ਗੋਗੋਈ ਤੇ ਰਵਨੀਤ ਸਿੰਘ ਬਿੱਟੂ ਕਾਲਾ ਬੈਨਰ ਲੈ ਕੇ ਭਾਜਪਾ ਮੈਂਬਰਾਂ ਦੇ ਬੈਂਚ ਵੱਲ ਚਲੇ ਗਏ ਜਿੱਥੇ ਸੰਜੈ ਜੈਸਵਾਲ (ਭਾਜਪਾ) ‘ਵਿਵਾਦ ਸੇ ਵਿਸ਼ਵਾਸ ਬਿੱਲ’ ਉਤੇ ਬੋਲ ਰਹੇ ਸਨ। ਕੁਝ ਕਾਂਗਰਸੀ ਮੈਂਬਰਾਂ ਨੇ ਕਾਗਜ਼ ਪਾੜ ਕੇ ਹਵਾ ’ਚ ਉਡਾ ਦਿੱਤੇ। ਕਾਂਗਰਸੀ ਮੈਂਬਰਾਂ ਦੀ ਕਾਰਵਾਈ ਮਗਰੋਂ ਭਾਜਪਾ ਮੈਂਬਰ ਉਨ੍ਹਾਂ ਵੱਲ ਦੌੜੇ ਤੇ ਰੋਕਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਉਹ ਇਕ-ਦੂਜੇ ਨਾਲ ਖਹਿੰਦੇ ਨਜ਼ਰ ਆਏ। ਕੇਂਦਰੀ ਮੰਤਰੀ ਰਵੀ ਸ਼ੰਕਰ ਪ੍ਰਸਾਦ ਤੇ ਸਮ੍ਰਿਤੀ ਇਰਾਨੀ ਨੇ ਉਨ੍ਹਾਂ ਨੂੰ ਸ਼ਾਂਤ ਕਰਨ ਦਾ ਯਤਨ ਕੀਤਾ। ਭਾਜਪਾ ਮੈਂਬਰਾਂ ਨੇ ਵੀ ਇਸ ਮੌਕੇ ‘ਦੇਸ਼ ਦੀ ਰੱਖਿਆ ਕੌਣ ਕਰੇਗਾ, ਅਸੀਂ ਕਰਾਂਗੇ’ ਅਤੇ ‘ਮਹਾਤਮਾ ਗਾਂਧੀ ਅਮਰ ਰਹੇ, ਨਕਲੀ ਗਾਂਧੀ ਜੇਲ੍ਹ ’ਚ ਰਹਿਣ’ ਦੇ ਨਾਅਰੇ ਲਾਏ। ਰਾਜ ਸਭਾ ਨੂੰ ਵੀ ਹੰਗਾਮੇ ਕਾਰਨ ਅੱਜ ਦਿਨ ਭਰ ਲਈ ਉਠਾਉਣਾ ਪਿਆ। ਵਿਰੋਧੀ ਧਿਰਾਂ ਦੇ ਮੈਂਬਰਾਂ ਨੇ ਦੋਸ਼ ਲਾਇਆ ਕਿ ਜਦ ਦਿੱਲੀ ਸੜ ਰਹੀ ਸੀ ਤਾਂ ਸਰਕਾਰ ਸੁੱਤੀ ਪਈ ਸੀ। ਮੁਲਤਵੀ ਹੋਇਆ ਉੱਪਰਲਾ ਸਦਨ ਬਾਅਦ ਦੁਪਹਿਰ 2 ਵਜੇ ਜਦ ਮੁੜ ਜੁੜਿਆ ਤਾਂ ਕਾਂਗਰਸ, ‘ਆਪ’, ਟੀਐੱਮਸੀ, ਸਪਾ, ਬਸਪਾ, ਡੀਐੱਮਕੇ ਤੇ ਖੱਬੇ ਪੱਖੀ ਧਿਰਾਂ ਨੇ ਨਾਅਰੇਬਾਜ਼ੀ ਕਰਦਿਆਂ ਸਰਕਾਰ ’ਤੇ ਆਪਣਾ ਫ਼ਰਜ਼ ਅਦਾ ਕਰਨ ’ਚ ਨਾਕਾਮ ਰਹਿਣ ਦਾ ਦੋਸ਼ ਲਾਇਆ। ਡਿਪਟੀ ਚੇਅਰਮੈਨ ਹਰਿਵੰਸ਼ ਨੇ ਮੈਂਬਰਾਂ ਨੂੰ ਸ਼ਾਂਤੀ ਦੀ ਅਪੀਲ ਕੀਤੀ ਪਰ ਉਹ ਸ਼ਾਂਤ ਨਾ ਹੋਏ। ਇਸ ਮੌਕੇ ਤਿੰਨ ਮੈਂਬਰਾਂ ਨੇ ਅੱਖਾਂ ’ਤੇ ਕਾਲੀ ਪੱਟੀ ਵੀ ਬੰਨ੍ਹੀ ਹੋਈ ਸੀ। ਇਸ ਤੋਂ ਪਹਿਲਾਂ ਚੇਅਰਮੈਨ ਐੱਮ. ਵੈਂਕਈਆ ਨਾਇਡੂ ਨੇ ਕਿਹਾ ਕਿ ਇਸ ਵੇਲੇ ਤਰਜੀਹ ਸ਼ਾਂਤੀ ਸਥਾਪਿਤ ਕਰਨ ਤੇ ਹਿੰਸਾ ਨੂੰ ਰੋਕਣ ਨੂੰ ਦੇਣੀ ਚਾਹੀਦੀ ਹੈ।