ਪੰਜਾਬ ਜਮਹੂਰੀ ਗਠਜੋੜ (ਪੀਡੀਏ) ਦੇ ਕਨਵੀਨਰ ਅਤੇ ਪੰਜਾਬ ਏਕਤਾ ਪਾਰਟੀ ਦੇ ਮੁਖੀ ਸੁਖਪਾਲ ਸਿੰਘ ਖਹਿਰਾ ਨੇ 2019 ਸੰਸਦੀ ਚੋਣਾਂ ਨੂੰ ਪੀਡੀਏ ਲਈ ‘ਸੈਮੀਫਾਈਨਲ’ ਕਰਾਰ ਦਿੰਦਿਆਂ ਆਖਿਆ ਕਿ ਇਹ ਸੰਸਦੀ ਚੋਣਾਂ ਦੀ ਕਾਰਗੁਜ਼ਾਰੀ ਹੀ 2022 ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ‘ਫਾਈਨਲ’ ਦੀ ਤਿਆਰੀ ਹੋਵੇਗੀ। ਉਹ ਅੱਜ ਇਥੇ ਪੀਡੀਏ ਵਲੋਂ ਅੰਮ੍ਰਿਤਸਰ ਸੰਸਦੀ ਹਲਕੇ ਤੋਂ ਐਲਾਨੀ ਉਮੀਦਵਾਰ ਸੀਪੀਆਈ ਆਗੂ ਦਸਵਿੰਦਰ ਕੌਰ ਦੇ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਸਮੇਂ ਪੁੱਜੇ ਸਨ। ਇਸ ਤੋਂ ਪਹਿਲਾਂ ਪੁਤਲੀਘਰ ਇਲਾਕੇ ਵਿਚ ਕੀਤੀ ਇਕ ਰੈਲੀ ਦੌਰਾਨ ਸ੍ਰੀ ਖਹਿਰਾ ਨੇ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਅਕਾਲੀ-ਭਾਜਪਾ ਗੱਠਜੋੜ ਅਤੇ ਕਾਂਗਰਸ ਦੇ ਪੂੰਜੀਪਤੀ ਅਤੇ ਰਜਵਾੜਾ ਪਰਿਵਾਰਾਂ ਨੂੰ ਰੱਦ ਕਰਨ ਜਿਨ੍ਹਾਂ ਆਮ ਲੋਕਾਂ ਨਾਲ ਝੂਠੇ ਵਾਅਦੇ ਕੀਤੇ ਸਨ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਦੇ ਸਵਾ ਦੋ ਸਾਲਾਂ ਦੌਰਾਨ ਲਗਪਗ 900 ਕਿਸਾਨਾਂ ਨੇ ਕਰਜ਼ੇ ਕਾਰਨ ਖ਼ੁਦਕੁਸ਼ੀ ਕੀਤੀ ਹੈ। ਇਸੇ ਤਰ੍ਹਾਂ ਅਕਾਲੀ ਭਾਜਪਾ ਸਰਕਾਰ ਦੇ ਦਸ ਸਾਲਾਂ ਦੌਰਾਨ ਵਾਪਰਿਆ ਹੈ। ਸਰਕਾਰਾਂ ਦੀਆਂ ਲੋਕ ਵਿਰੋਧੀ ਅਤੇ ਕਿਸਾਨ ਵਿਰੋਧੀ ਨੀਤੀਆਂ ਦਾ ਵਰਤਾਰਾ ਪਹਿਲਾਂ ਵਾਂਗ ਹੀ ਜਾਰੀ ਹੈ। ਉਨ੍ਹਾਂ ਕੇਂਦਰ ਦੀ ਭਾਜਪਾ ਸਰਕਾਰ ’ਤੇ ਵਰ੍ਹਦਿਆਂ ਆਖਿਆ ਕਿ ਮੋਦੀ ਨੇ ਵਾਅਦੇ ਦੇ ਬਾਵਜੂਦ ਕਿਸਾਨਾਂ ਲਈ ਕੁਝ ਨਹੀਂ ਕੀਤਾ। ਉਨ੍ਹਾਂ ਆਖਿਆ ਕਿ ਸੂਬਾ ਸਰਕਾਰ ਦੇ ਏਜੰਡੇ ਦੀ ਤਰਜੀਹੀ ਸੂਚੀ ਤੋਂ ਸਿਹਤ ਅਤੇ ਸਿਖਿਆ ਦੋਵੇਂ ਹੀ ਗਾਇਬ ਹੋ ਚੁੱਕੇ ਹਨ। ਕੇਂਦਰ ਸਰਕਾਰ ਪੂੰਜੀਪਤੀਆਂ ਦੇ ਹਿੱਤਾਂ ਨੂੰ ਪੂਰ ਰਹੀ ਹੈ। ਬੇਰੁਜ਼ਗਾਰਾਂ ਵਾਸਤੇ ਰੁਜ਼ਗਾਰ ਦਾ ਕੋਈ ਸਾਧਨ ਨਹੀਂ ਹੈ ਜਿਸ ਕਾਰਨ ਸੂਬੇ ਦੀ ਜਵਾਨੀ ਵਿਦੇਸ਼ਾਂ ਵਲ ਜਾ ਰਹੀ ਹੈ, ਜੋ ਇਥੇ ਰਹਿ ਗਏ ਹਨ, ਉਹ ਨਸ਼ਿਆਂ ਦੀ ਜਕੜ ਵਿਚ ਫਸਦੇ ਜਾ ਰਹੇ ਹਨ। ਇਸ ਮੌਕੇ ਸੀਪੀਆਈ ਆਗੂ ਬੰਤ ਬਰਾੜ ਤੇ ਹਰਦੇਵ ਅਰਸ਼ੀ, ਆਰਐਮਪੀਆਈ ਤੋਂ ਮੰਗਤ ਰਾਮ ਪਾਸਲਾ, ਬਸਪਾ ਤੋਂ ਮਨਜੀਤ ਸਿੰਘ ਅਠਵਾਲ, ਨਿਰਮਲ ਧਾਲੀਵਾਲ, ਅਮਰਜੀਤ ਸਿੰਘ ਆਸਲ, ਅਮਰੀਕ ਸਿੰਘ ਵਰਪਾਲ, ਜਗਜੋਤ ਸਿੰਘ ਖਾਲਸਾ, ਮਹਾਵੀਰ ਸਿੰਘ ਪੱਟੀ ਆਦਿ ਨੇ ਬੀਬੀ ਦਸਵਿੰਦਰ ਕੌਰ ਦਾ ਨਾਮਜ਼ਦਗੀ ਪੱਤਰ ਦਾਖ਼ਲ ਕਰਵਾਇਆ।
INDIA ਲੋਕ ਸਭਾ ਚੋਣਾਂ ‘ਸੈਮੀਫਾਈਨਲ’: ਖਹਿਰਾ