ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਲੋਕ ਸਭਾ ਚੋਣਾਂ ਦੀ ਤੁਲਨਾ ਮਰਾਠਿਆਂ ਤੇ ਅਫ਼ਗਾਨ ਫ਼ੌਜ ਵਿਚਾਲੇ ਹੋਈ ਪਾਣੀਪਤ ਦੀ ਤੀਜੀ ਲੜਾਈ ਨਾਲ ਕਰਦਿਆਂ ਕਿਹਾ ਹੈ ਕਿ ਇਹ ਵਿਚਾਰਧਾਰਾਵਾਂ ਦੀ ਜੰਗ ਹੈ। ਉੁਨ੍ਹਾਂ ਕਿਹਾ ਕਿ ਚੋਣ ਨਤੀਜੇ ਦੇਸ਼ ਹਿੱਤ ਵਿਚ ਹੀ ਹੋਣਗੇ। ਇੱਥੇ ਪਾਰਟੀ ਦੀ ਕੌਮੀ ਕਾਰਜਕਾਰਨੀ ਦੇ ਉਦਘਾਟਨ ਮੌਕੇ ਸੰਬੋਧਨ ਕਰਦਿਆਂ ਸ਼ਾਹ ਨੇ ਭਾਜਪਾ ਖ਼ਿਲਾਫ਼ ਵਿਰੋਧੀ ਪਾਰਟੀਆਂ ਦੇ ਮਹਾਗੱਠਜੋੜ ਨੂੰ ‘ਦਿਖਾਵਾ’ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਗੱਠਜੋੜ ਨਿਰੋਲ ਸੱਤਾ ਦੀ ਭੁੱਖ ਵਿਚੋਂ ਉਪਜਿਆ ਹੈ ਤੇ ਵਿਰੋਧੀ ਧਿਰਾਂ ਕੋਲ ਨਾ ਤਾਂ ਕੋਈ ਠੋਸ ਰਣਨੀਤੀ ਹੈ ਅਤੇ ਨਾ ਹੀ ਆਗੂ। ਉਨ੍ਹਾਂ ਕਿਹਾ ਕਿ ਸਭਿਅਕ ਰਾਸ਼ਟਰਵਾਦ ਤੇ ਗਰੀਬਾਂ ਦੀ ਭਲਾਈ ਦੇ ਏਜੰਡੇ ਦੇ ਸਿਰ ’ਤੇ ਭਾਜਪਾ ਜ਼ਰੂਰ ਜਿੱਤੇਗੀ। ਭਾਜਪਾ ਪ੍ਰਧਾਨ ਨੇ ਕਿਹਾ ਕਿ ਪਾਰਟੀ ਕੋਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਰੂਪ ਵਿਚ ਮਜ਼ਬੂਤ ਆਗੂ ਹੈ। ਇਕ ਘੰਟੇ ਦੇ ਭਾਸ਼ਨ ਦੌਰਾਨ ਅਮਿਤ ਸ਼ਾਹ ਨੇ ਵਾਰ-ਵਾਰ ਆਗਾਮੀ ਚੋਣਾਂ ਦੀ ਅਹਿਮੀਅਤ ਦੀ ਗੱਲ ਕੀਤੀ ਤੇ ਮੋਦੀ ਸਰਕਾਰ ਦੇ ਕੌਮੀ ਸੁਰੱਖਿਆ, ਭ੍ਰਿਸ਼ਟਾਚਾਰ ਵਿਰੋਧੀ ਤੇ ਲੋਕ ਭਲਾਈ ਲਈ ਵਿੱਢੇ ਯਤਨਾਂ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਕਾਂਗਰਸ ਭ੍ਰਿਸ਼ਟਾਚਾਰ ਦੇ ਮੁੱਦੇ ’ਤੇ ਨਿਸ਼ਾਨਾ ਬਣਾ ਰਹੀ ਹੈ ਜਦਕਿ ਖ਼ੁਦ ਰਾਹੁਲ ਗਾਂਧੀ ‘ਇਕ ਭ੍ਰਿਸ਼ਟਾਚਾਰ ਕੇਸ’ ਵਿਚ ਜ਼ਮਾਨਤ ’ਤੇ ਹਨ। ਇਸ ਮੌਕੇ ਪ੍ਰਧਾਨ ਮੰਤਰੀ ਮੋਦੀ ਤੇ ਹੋਰ ਆਗੂ ਵੀ ਮੰਚ ’ਤੇ ਹਾਜ਼ਰ ਸਨ। ਸ਼ਾਹ ਨੇ ਕਿਹਾ ਕਿ ਭਾਜਪਾ ‘ਮਜ਼ਬੂਤ ਸਰਕਾਰ’ ਜਦਕਿ ਵਿਰੋਧੀ ਧਿਰਾਂ ‘ਮਜਬੂਰ ਸਰਕਾਰ’ ਚਾਹੁੰਦੀਆਂ ਹਨ। ਉਨ੍ਹਾਂ ਦਾਅਵਾ ਕੀਤਾ ਕਿ ਨਰਿੰਦਰ ਮੋਦੀ ਹੀ ਮਜ਼ਬੂਤ ਸਰਕਾਰ ਦੇ ਸਕਦੇ ਹਨ ਜੋ ਦੇਸ਼ ਦੇ ਵਿਕਾਸ ਲਈ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਨਰਿੰਦਰ ਮੋਦੀ ਦੇਸ਼ ਦੀ ‘ਸਿਆਸਤ ਦਾ ਧੁਰਾ’ ਬਣ ਚੁੱਕੇ ਹਨ ਤੇ ਕਾਂਗਰਸ ਨੂੰ ਅਹਿਸਾਸ ਹੈ ਕਿ ਉਨ੍ਹਾਂ ਨੂੰ ਹਰਾਉਣ ਸੌਖਾ ਨਹੀਂ ਹੈ। ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ਦੁਬਾਰਾ ਚੁਣੇ ਜਾਣ ਦੀ ਸੂਰਤ ਵਿਚ ਹੋਰਾਂ ਰਾਜਾਂ ਦੇ ਨਾਲ-ਨਾਲ ਕੇਰਲ ’ਚ ਵੀ ਸਰਕਾਰ ਕਾਇਮ ਕੀਤੀ ਜਾਵੇਗੀ। ਉਨ੍ਹਾਂ ਨਾਲ ਹੀ ਦਾਅਵਾ ਕੀਤਾ ਕਿ ਪਾਰਟੀ ਉੱਤਰ ਪ੍ਰਦੇਸ਼ ਵਿਚ 50 ਫੀਸਦ ਵੋਟਾਂ ਹਾਸਲ ਕਰਨ ਦੀ ਸਥਿਤੀ ਵਿਚ ਹੈ। ਸ਼ਾਹ ਨੇ ਕਿਹਾ ਕਿ ਯੂਪੀ ਵਿਚ ਐੱਸਪੀ-ਬੀਐੱਸਪੀ ਦਾ ਗੱਠਜੋੜ ਨਾਕਾਮ ਹੋ ਜਾਵੇਗਾ। ਦਿੱਲੀ ਭਾਜਪਾ ਨੇ 12,000 ਰਜਿਸਟਰਡ ਡੈਲੀਗੇਟਾਂ ਲਈ ਪ੍ਰਬੰਧ ਕੀਤਾ ਹੈ ਤੇ ਦਾਖ਼ਲੇ ਲਈ ਵਿਸ਼ੇਸ਼ ਕੋਡ ਜਾਰੀ ਕੀਤਾ ਹੈ, ਪਰ ਵੱਡੇ ਆਗੂਆਂ ਦੀ ਮੌਜੂਦਗੀ ਕਾਰਨ ਇਕੱਠ ਕਾਫ਼ੀ ਵੱਧ ਹੋ ਗਿਆ।