ਲੋਕ ਸਭਾ ਚੋਣਾਂ ’ਚ ਸ਼ਰਾਬ ਦੀ ਗੈਰਕਾਨੂੰਨੀ ਵਰਤੋਂ ਅਤੇ ਪੈਸਿਆਂ ਦੇ ਲੈਣ-ਦੇਣ ਨਾਲ ਵੋਟਰਾਂ ਨੂੰ ਕੋਈ ਵੀ ਰਾਜਨੀਤਕ ਧਿਰ ਆਪਣੇ ਪੱਖ ’ਚ ਨਾ ਕਰ ਸਕੇ, ਇਸ ’ਤੇ ਤਿੱਖੀ ਨਜ਼ਰ ਰੱਖੀ ਜਾਵੇਗੀ। ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਦੱਸਿਆ ਕਿ ਸਿਵਲ ਤੇ ਪੁਲੀਸ ਨੇ ਇਸ ਕੰਮ ਨੂੰ ਰੋਕਣ ਲਈ ਸਾਂਝੀਆਂ ਟੀਮਾਂ ਬਣਾ ਦਿੱਤੀਆਂ ਹਨ। ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਤੇ ਐਸਐਸਪੀ ਨਵਜੋਤ ਸਿੰਘ ਮਾਹਲ ਵੱਲੋਂ ਚੋਣ ਜ਼ਾਬਤੇ ਨੂੰ ਇੰਨ-ਬਿੰਨ ਲਾਗੂ ਕਰਨ ਲਈ ਪ੍ਰਿੰਟਰਾਂ, ਪ੍ਰਕਾਸ਼ਕਾਂ ਤੋਂ ਇਲਾਵਾ ਕਰ ਤੇ ਆਬਕਾਰੀ ਵਿਭਾਗ ਤੇ ਬੈਂਕਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ। ਉਨ੍ਹਾਂ ਕਿਹਾ ਕਿ ਸਿਵਲ ਤੇ ਪੁਲੀਸ ਦੀਆਂ ਸਾਂਝੀਆਂ ਟੀਮਾਂ ਦਾ ਗਠਨ ਕੀਤਾ ਜਾ ਚੁੱਕਾ ਹੈ, ਜੋ ਕਿ ਸਾਰੇ ਜ਼ਿਲ੍ਹੇ ਵਿਚ ਵੱਖ-ਵੱਖ ਥਾਵਾਂ ’ਤੇ ਤਾਇਨਾਤ ਕੀਤੀਆਂ ਗਈਆਂ ਹਨ। ਉਨ੍ਹਾਂ ਕਰ ਤੇ ਆਬਕਾਰੀ ਵਿਭਾਗ ਨੂੰ ਕਿਹਾ ਕਿ ਉਹ ਸ਼ਰਾਬ ਦੇ ਉਤਪਾਦਨ, ਰੋਜ਼ ਦੇ ਸਟਾਕ, ਸ਼ਰਾਬ ਦੀ ਵੇਚ ਸਬੰਧੀ ਰਸੀਦਾਂ/ਬਿੱਲਾਂ, ਠੇਕਿਆਂ ਦੇ ਖੁੱਲ੍ਹਣ ਤੇ ਬੰਦ ਹੋਣ ਬਾਰੇ ਸਖਤ ਨਿਗਰਾਨੀ ਰੱਖਣ। ਇਸ ਤੋਂ ਇਲਾਵਾ ਦੂਜੇ ਜ਼ਿਲ੍ਹਿਆਂ ਨਾਲ ਲੱਗਦੀਆਂ ਹੱਦਾਂ ’ਤੇ ਵਿਸ਼ੇਸ਼ ਨਿਗਰਾਨੀ ਰੱਖਣ ਦੇ ਹੁਕਮ ਦਿੱਤੇ ਗਏ ਹਨ।