ਕਮਿਸ਼ਨ ਫਾਰ ਪ੍ਰੋਟੈਕਸ਼ਨ ਆਫ ਚਾਈਲਡ ਰਾਈਟਸ, ਚੰਡੀਗੜ੍ਹ, ਦੀ ਸਾਬਕਾ ਚੇਅਰਪਰਸਨ ਦੇਵੀ ਸਿਰੋਹੀ ਨੇ ਅੱਜ ਲੋਕ ਸਭਾ ਹਲਕਾ ਚੰਡੀਗੜ੍ਹ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਣ ਦਾ ਐਲਾਨ ਕੀਤਾ ਹੈ। ਦੇਵੀ ਸਿਰੋਹੀ ਨੇ ਅੱਜ ਆਪਣੇ ਸਮਰਥਕਾਂ ਸਮੇਤ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸੀਸੀਪੀਸੀਆਰ ਦੀ ਬਤੌਰ ਚੇਅਰਪਰਸਨ ਉਨ੍ਹਾਂ ਨੇ ਚੰਡੀਗੜ੍ਹ ਦੇ ਹਰੇਕ ਵਰਗ ਵਿਚ ਵਿਚਰ ਕੇ ਲੋਕਾਂ ਦੀਆਂ ਭਾਵਨਾਵਾਂ ਜਾਣਨ ਦਾ ਯਤਨ ਕੀਤਾ ਹੈ ਅਤੇ ਉਹ ਮਹਿਸੂਸ ਕਰਦੀ ਹੈ ਕਿ ਅੱਜ ਚੰਡੀਗੜ੍ਹ ਨੂੰ ਉਨ੍ਹਾਂ ਵਰਗੀ ਹੀ ਸੰਸਦ ਮੈਂਬਰ ਚਾਹੀਦੀ ਹੈ। ਦੱਸਣਯੋਗ ਹੈ ਕਿ ਸ੍ਰੀਮਤੀ ਸਿਰੋਹੀ ਨੇ ਪੰਜਾਬ ਯੂਨੀਵਰਸਿਟੀ ਤੋਂ ਪੀਐਚਡੀ ਕੀਤੀ ਹੋਈ ਹੈ ਅਤੇ ਉਹ ਕਈ ਅਹਿਮ ਵਿਦਿਅਕ ਸੰਸਥਾਵਾਂ ਵਿਚ ਇਤਿਹਾਸ ਦੀ ਪ੍ਰੋਫੈਸਰ ਰਹੀ ਹੈ। ਉਹ ਸੀਸੀਪੀਸੀਆਰ ਚੰਡੀਗੜ੍ਹ ਦੀ ਪਹਿਲੀ ਚੇਅਰਪਰਸਨ ਬਣੀ ਸੀ। ਉਨ੍ਹਾਂ ਕਿਹਾ ਕਿ ਮੌਜੂਦਾ ਸੰਸਦ ਮੈਂਬਰ ਕਿਰਨ ਖੇਰ ਅਤੇ ਸਾਬਕਾ ਸੰਸਦ ਮੈਂਬਰ ਪਵਨ ਕੁਮਾਰ ਬਾਂਸਲ ਤੇ ਹਰਮੋਹਨ ਧਵਨ ਦੇ ਮੁਕਾਬਲੇ ਉਸ ਵਿਚ ਕੋਈ ਕਮੀ ਨਹੀਂ ਹੈ। ਉਨ੍ਹਾਂ ਨੇ ਆਪਣੇ ਟੀਚਿਆਂ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਉਨ੍ਹਾਂ ਦੀ ਪਹਿਲ ਸ਼ਹਿਰ ਵਿਚ ਮਿਆਰੀ ਸਿੱਖਿਆ ਮੁਹੱਈਆ ਕਰਨੀ ਹੋਵੇਗੀ। ਇਸ ਤੋਂ ਇਲਾਵਾ, ਉਚ ਪੱਧਰੀ ਹੈਲਥ ਸੈਂਟਰ ਬਣਾਉਣ ਦੇ ਨਾਲ ਝੁੱਗੀਆਂ ਵਿਚ ਰਹਿੰਦੇ ਪਰਵਾਸੀ ਮਜ਼ਦੂਰਾਂ ਦਾ ਮੁੜ ਵਸੇਬਾ ਕਰਨ ਨੂੰ ਵੀ ਪਹਿਲ ਦਿੱਤੀ ਜਾਵੇਗੀ। ਉਨ੍ਹਾਂ ਸ਼ਹਿਰ ਵਿਚ ਮਹਿਲਾਵਾਂ ਤੇ ਬੱਚਿਆਂ ਲਈ ਸੁਰੱਖਿਅਤ ਮਾਹੌਲ ਬਣਾਉਣ ਅਤੇ ਨੌਜਵਾਨਾਂ ਨੂੰ ਡਰੱਗਜ਼ ਤੋਂ ਦੂਰ ਰੱਖਣ ਲਈ ਪ੍ਰੋਗਰਾਮ ਉਲੀਕਣ ਦਾ ਐਲਾਨ ਕੀਤਾ। ਸ੍ਰੀਮਤੀ ਸਿਰੋਹੀ ਨੇ ਚੰਡੀਗੜ੍ਹ ਦੇ ਲੋਕਾਂ ਨੂੰ ਵੱਡੇ ਸੁਪਨੇ ਦਿਖਾਉਂਦਿਆਂ ਕਿਹਾ ਕਿ ਉਹ ਸ਼ਹਿਰ ਵਾਸੀਆਂ 24 ਘੰਟੇ ਪਾਣੀ ਸਪਲਾਈ ਕਰਨ ਦਾ ਪ੍ਰਬੰਧ ਕਰਨਗੇ ਅਤੇ ਚੰਡੀਗੜ੍ਹ ਨੂੰ ਆਈਟੀ ਹੱਬ ਵਜੋਂ ਵਿਕਸਤ ਕੀਤਾ ਜਾਵੇਗਾ। ਇਸੇ ਦੌਰਾਨ ਯੂਟੀ ਦੇ ਪਿੰਡਾਂ ਦੀਆਂ ਸਮੱਸਿਆਵਾਂ ਵਿਚੋਂ ਇਕ ਵੀ ਉਨ੍ਹਾਂ ਦੇ ਲੰਮੇ-ਚੌੜੇ ਚੋਣ ਮਨੋਰਥ ਪੱਤਰ ਵਿਚ ਸ਼ਾਮਲ ਨਹੀਂ ਸੀ। ਇਸ ਤੋਂ ਇਲਾਵਾ ਉਨ੍ਹਾਂ ਨੇ ਪੰਜਾਬੀ ਤੇ ਹਿੰਦੀ ਭਾਸ਼ਾਵਾਂ ਨੂੰ ਭੁੱਲ ਕੇ ਕੇਵਲ ਅੰਗਰੇਜ਼ੀ ਵਿਚ ਹੀ ਆਪਣੀ ਚੋਣ ਸਮੱਗਰੀ ਜਾਰੀ ਕੀਤੀ। ਸ੍ਰੀਮਤੀ ਸਿਰੋਹੀ ਦੇ ਚੋਣ ਮੈਦਾਨ ਵਿਚ ਆਉਣ ਕਾਰਨ ਇਸ ਹਲਕੇ ਵਿਚ ਉਮੀਦਵਾਰਾਂ ਦੀ ਕਤਾਰ ਲੰਮੀਂ ਹੁੰਦੀ ਜਾ ਰਹੀ ਹੈ। ਕਾਂਗਰਸ ਦੀ ਕੇਂਦਰੀ ਚੋਣ ਕਮੇਟੀ ਨੇ 25 ਫਰਵਰੀ ਨੂੰ ਉਮੀਦਵਾਰ ਦੀ ਚੋਣ ਲਈ ਮੀਟਿੰਗ ਸੱਦੀ ਹੈ।
INDIA ਲੋਕ ਸਭਾ ਚੋਣਾਂ: ਦੇਵੀ ਸਿਰੋਹੀ ਆਜ਼ਾਦ ਉਮੀਦਵਾਰ ਵਜੋਂ ਨਿੱਤਰੇਗੀ