ਨਵੀ ਦਿੱਲੀ (ਸਮਾਜਵੀਕਲੀ) – ਸਰਕਾਰ ਨੇ ਕੋਵਿਡ-19 ਦੇ ਟਾਕਰੇ ਲਈ ਜਾਰੀ ਦਿਸ਼ਾ-ਨਿਰਦੇਸ਼ਾਂ ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਉਣ ਦੀ ਅਪੀਲ ਕਰਦਿਆਂ ਅੱਜ ਕਿਹਾ ਕਿ ‘ਲੋਕਾਂ ਨੂੰ ਵਾਇਰਸ ਨਾਲ ਜਿਊਣ ਦਾ ਵੱਲ ਸਿੱਖਣਾ ਹੋਵੇਗਾ।’ ਸਰਕਾਰ ਨੇ ਕਿਹਾ ਕਿ ਸਾਨੂੰ ਇਨ੍ਹਾਂ ਸੇਧਾਂ ਨੂੰ ਰਵੱਈਏ ’ਚ ਆਏ ਬਦਲਾਅ ਵਜੋਂ ਜ਼ਿੰਦਗੀ ਦਾ ਹਿੱਸਾ ਬਣਾਉਣਾ ਹੋਵੇਗਾ।
ਸਿਹਤ ਮੰਤਰਾਲੇ ’ਚ ਜੁਆਇੰਟ ਸਕੱਤਰ ਲਵ ਅਗਰਵਾਲ ਨੇ ਕਿਹਾ, ‘ਅਸੀਂ ਲੌਕਡਾਊਨ ’ਚ ਛੋਟਾਂ ਅਤੇ ਪਰਵਾਸੀ ਕਾਮਿਆਂ ਦੇ ਆਪੋ ਆਪਣੇ ਘਰਾਂ ਨੂੰ ਮੁੜਨ ਦੀ ਗੱਲ ਤਾਂ ਕਰਦੇ ਹਾਂ, ਪਰ ਸਾਡੇ ਸਾਹਮਣੇ ਇਸ ਤੋਂ ਵੀ ਵੱਡੀ ਚੁਣੌਤੀ ਹੈ ਕਿ ਸਾਨੂੰ ਇਸ ਵਾਇਰਸ ਦੇ ਨਾਲ ਹੀ ਜਿਊਣ ਦਾ ਵੱਲ ਸਿੱਖਣਾ ਹੋਵੇਗਾ।’ ਉਨ੍ਹਾਂ ਕਿਹਾ ਕਿ ਇਹ ਵੱਡੀ ਚੁਣੌਤੀ ਹੈ ਤੇ ਸਰਕਾਰ ਨੂੰ ਇਸ ਲਈ ਭਾਈਚਾਰਕ ਸਹਿਯੋਗ ਦੀ ਲੋੜ ਹੈ।