ਮੋਗਾ- ਇਥੇ ਅੱਜ ਜੁਝਾਰ ਬੱਸ ਦੀ ਲਪੇਟ’ਚ ਆਉਣ ਨਾਲ ਫ਼ੌਤ ਪਰਵਾਸੀ ਮਜ਼ਦੂਰ ਦੀ ਲਾਸ਼ ਮੁੱਖ ਚੌਕ ਵਿੱਚ ਰੱਖਕੇ ਜਨਤਕ ਤੇ ਹੋਰ ਜਥੇਬੰਦੀਆਂ ਦੀ ਅਗਵਾਈ ਹੇਠ ਪੀੜਤ ਪਰਿਵਾਰ ਨੂੰ ਮੁਆਵਜ਼ਾ, ਮੁਲਜ਼ਮ ਦੀ ਗ੍ਰਿਫ਼ਤਾਰੀ ਤੇ ਬੱਸ ਕਬਜ਼ੇ ਵਿੱਚ ਲੈਣ ਲਈ ਲੋਕਾਂ ਨੇ ਧਰਨਾ ਦਿੱਤਾ। ਇਸ ਮੌਕੇ ਡੀਐੱਸਪੀ ਸਿਟੀ ਪਰਮਜੀਤ ਸਿੰਘ ਸੰਧੂ ਨੇ ਧਰਨਾਕਾਰੀਆਂ ਨੂੰ ਦੱਸਿਆ ਕਿ ਮ੍ਰਿਤਕ ਪਰਵਾਸੀ ਮਜ਼ਦੂਰ ਸੀਤਾ ਰਾਮ ਵਾਸੀ ਦੁਰਗਾਪੁਰ ਸਰਾਂ ਬਸਤੀ (ਉੱਤਰ ਪ੍ਰਦੇਸ਼) ਹਾਲ ਪੰਡਿਤਾਂ ਵਾਲੀ ਗਲੀ ਮੋਗਾ ਦੀ ਪਤਨੀ ਸਵਿੱਤਰਾ ਦੇਵੀ ਦੇ ਬਿਆਨ ਉੱਤੇ ਬੱਸ ਚਾਲਕ ਸੁਖਚੈਨ ਸਿੰਘ ਵਾਸੀ ਗੁਰੂ ਰਾਮਦਾਸ ਨਗਰ ਮੋਗਾ ਖ਼ਿਲਾਫ਼ ਕੇਸ ਦਰਜ ਹੋ ਚੁੱਕਾ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਜਲਦੀ ਹੀ ਮੁਲਜ਼ਮ ਨੂੰ ਗ੍ਰਿਫ਼ਤਾਰ ਤੇ ਬੱਸ ਨੂੰ ਕਬਜ਼ੇ ਵਿੱਚ ਲੈ ਲਿਆ ਜਾਵੇਗਾ। ਇਸ ਮੌਕੇ ਭਾਰਤ ਨੌਜਵਾਨ ਸਭਾ ਸੂਬਾਈ ਆਗੂ ਕਰਮਜੀਤ ਕੋਟਕਪੂਰਾ ਨੇ ਕਿਹਾ ਕਿ ਇਹ ਘਟਨਾ 31 ਜਨਵਰੀ ਦੀ ਹੈ ਜਦੋਂ ਮ੍ਰਿਤਕ ਮਜ਼ਦੂਰ ਸੀਤਾ ਰਾਮ ਮਜ਼ਦੂਰੀ ਕਰਨ ਮਗਰੋਂ ਸਾਈਕਲ ਉੱਤੇ ਘਰ ਪਰਤ ਰਿਹਾ ਸੀ ਤਾਂ ਮੋਗਾ ਮੁੱਖ ਚੌਕ ਵਿੱਚ ਜੁਝਾਰ ਬੱਸ ਨੇ ਉਸ ਨੂੰ ਆਪਣੀ ਲਪੇਟ’ਚ ਲੈ ਲਿਆ ਅਤੇ ਉਸ ਦੀ ਇਲਾਜ ਦੌਰਾਨ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਫਰੀਦਕੋਟ ਵਿੱਚ 2 ਫ਼ਰਵਰੀ ਨੂੰ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਭਾਵੇਂ ਪੁਲੀਸ ਨੇ ਮੁਲਜ਼ਮ ਡਰਾਈਵਰ ਖ਼ਿਲਾਫ਼ ਕੇਸ ਦਰਜ ਕਰ ਲਿਆ ਪਰ ਪੁਲੀਸ ਨੇ ਨਾਂ ਤਾਂ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਅਤੇ ਨਾ ਹੀ ਬੱਸ ਨੂੰ ਕਬਜ਼ੇ ਵਿੱਚ ਲਿਆ ਹੈ। ਉਨ੍ਹਾਂ ਕਿਹਾ ਕਿ ਮ੍ਰਿਤਕ ਦੀ ਪਤਨੀ ਤੇ ਛੋਟੇ ਬੱਚੇ ਹਨ। ਉਨ੍ਹਾਂ ਪੀੜਤ ਪਰਿਵਾਰ ਨੂੰ 5 ਲੱਖ ਰੁਪਏ ਮੁਆਵਜ਼ਾ ਦੇਣ ਦੀ ਵੀ ਮੰਗ ਕੀਤੀ। ਉਨ੍ਹਾਂ ਦੋਸ਼ ਲਾਇਆ ਕਿ ਪੁਲੀਸ ਪੀੜਤ ਪਰਿਵਾਰ ਨੂੰ ਇਨਸਾਫ਼ ਦੇਣ ਦੀ ਥਾਂ ਉੱਚੀ ਪਹੁੰਚ ਵਾਲੇ ਤੇ ਪ੍ਰਭਾਵਸ਼ਾਲੀ ਵਿਅਕਤੀ ਦੀ ਮਾਲਕੀ ਵਾਲੀ ਜੁਝਾਰ ਬੱਸ ਦੇ ਮਾਲਕਾਂ ਦਾ ਪੱਖ ਪੂਰ ਰਹੀ ਹੈ।
INDIA ਲੋਕ ਰੋਹ: ਸੜਕ ’ਤੇ ਲਾਸ਼ ਰੱਖ ਕੇ ਮੁੱਖ ਚੌਕ ’ਚ ਧਰਨਾ