ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਦੁਕਾਨਾਂ ਦੇ ਬੂਹੇ ਖੋਲ੍ਹਣੇ ਹੋਏ ਮੁਸ਼ਕਲ

ਬੁਢਲਾਡਾ- ਸ਼ਹਿਰ ਦੇ ਦੋ ਵਾਰਡਾਂ 19 ਅਤੇ 17 ਦੇ ਲੋਕ ਗਲੀਆਂ ਵਿੱਚ ਫਿਰਦੇ ਸੀਵਰੇਜ ਦੇ ਗੰਦੇ ਪਾਣੀ ਦੇ ਬੇਲਗਾਮ ਪ੍ਰਬੰਧਾਂ ਤੋਂ ਬਹੁਤ ਦੁਖੀ ਹਨ। ਸ਼ਹਿਰ ਦੀ ਭੀਖੀ ਰੋਡ ਦੀਆਂ ਗੰਦੇ ਪਾਣੀ ਦੀ ਨਿਕਾਸੀ ਵਾਲੀਆਂ ਨਾਲੀਆਂ ਗੰਦੇ ਪਾਣੀ ਨਾਲ ਓਵਰਫਲੋਅ ਹੋ ਕੇ ਪਾਣੀ ਦਾ ਰੁਖ਼ ਸੜਕ ਵਾਲੇ ਪਾਸੇ ਵਧਾ ਰਹੀਆਂ ਹਨ। ਭੀਖੀ ਰੋਡ ਦੇ 19 ਨੰਬਰ ਵਾਰਡ ਦੀਆਂ ਨਾਲੀਆਂ ਵਾਲੇ ਦੁਕਾਨਦਾਰਾਂ ਨੂੰ ਆਪਣੀਆਂ ਦੁਕਾਨਾਂ ਦੇ ਬੂਹੇ ਖੋਲ੍ਹਣੇ ਵੀ ਮੁਸ਼ਕਲ ਹੋ ਗਏ ਹਨ। ਅਮਰਾਨ ਬੈਟਰੀਜ਼ ਦੇ ਮਾਲਕ ਅਸ਼ੋਕ ਹੰਸ ਦਾ ਕਹਿਣਾ ਹੈ ਕਿ ਨਗਰ ਕੌਂਸਲ ਅਧਿਕਾਰੀਆਂ ਦਾ ਕੋਈ ਬਾਲੀ ਵਾਰਸ ਨਹੀਂ ਹੈ। ਨਾਲੀਆਂ ਦੀ ਸਫ਼ਾਈ ਨਾ ਹੋਣ ਕਾਰਨ ਗੰਦੇ ਪਾਣੀ ਨਾਲ ਦੋ ਹੱਥ ਦੁਕਾਨਦਾਰਾਂ ਨੂੰ ਖੁਦ ਹੀ ਕਰਨੇ ਪੈ ਰਹੇ ਹਨ। ਇਸ ਤਰ੍ਹਾਂ ਵਾਰਡ ਨੰਬਰ 17 ਵਿਚਲੀ ਬਰ੍ਹੇ ਰੋਡ ’ਤੇ ਸਥਿਤ ਦੋਧੀਆਂ ਵਾਲੀ ਗਲੀ ਦੇ ਹੰਸਾ ਸਿੰਘ, ਹਾਕਮ ਸਿੰਘ, ਪਰਵੀਨ, ਘੋਚੀ ਅਤੇ ਕਾਲੇ ਨੇ ਦੱਸਿਆ ਕਿ ਗਲੀ ਦੇ ਗੰਦੇ ਪਾਣੀ ਦੀ ਨਿਕਾਸੀ ਲਈ ਕਈ ਵਾਰ ਕੌਂਸਲ ਦੇ ਧਿਆਨ ਵਿੱਚ ਲਿਆਂਦਾ ਗਿਆ ਹੈ। ਉਨ੍ਹਾਂ ਕਿਹਾ ਕਿ ਗੰਦੇ ਪਾਣੀ ਦੀ ਦਾਸਤਾਂ ਲਈ ਕਿਸੇ ਵੀ ਅਧਿਕਾਰੀ ਦੇ ਕੰਨ ’ਤੇ ਜੂੰ ਨਹੀਂ ਸਰਕਦੀ। ਨਗਰ ਕੌਂਸਲ ਦੇ ਪ੍ਰਧਾਨ ਬਲਵਿੰਦਰ ਸਿੰਘ ਕਾਕਾ ਕੋਚ ਨੇ ਕਿਹਾ ਕਿ ਉਂਜ ਤਾਂ ਵਾਰਡ ਦੇ ਐੱਮਸੀ ਨੂੰ ਹੀ ਆਪਣੇ ਵਾਰਡ ਦਾ ਸਮੇਂ ਸਮੇਂ ’ਤੇ ਖਿਆਲ ਰੱਖਣਾ ਚਾਹੀਦਾ ਹੈ ਪਰ ਸ਼ਹਿਰ ਵਿੱਚ ਕਈ ਥਾਵਾਂ ’ਤੇ ਸੀਵਰੇਜ ਬੰਦ ਹੋਣ ਕਾਰਨ ਇਸ ਨੂੰ ਖੋਲ੍ਹਣ ਦੇ ਯਤਨ ਜਾਰੀ ਹਨ। ਇੱਕ ਦੋ ਦਿਨਾਂ ਵਿੱਚ ਗੰਦੇ ਪਾਣੀ ਦੀ ਸਮੱਸਿਆ ਦੂਰ ਹੋ ਜਾਵੇਗੀ।

Previous articleਮੋਦੀ-ਅਮਿਤ ਸ਼ਾਹ ਦੀ ਜੋੜੀ ਖ਼ਿਲਾਫ਼ ਕੱਢੀ ਭੜਾਸ
Next articleਲੋਕ ਰੋਹ: ਸੜਕ ’ਤੇ ਲਾਸ਼ ਰੱਖ ਕੇ ਮੁੱਖ ਚੌਕ ’ਚ ਧਰਨਾ