ਲੋਕ ਮੌਤ ਦੀ ਨੀਂਦ ਸੌਂ ਰਹੇ ਨੇ ਤੇ ਪ੍ਰਸ਼ਾਸਨ ਬੇਪ੍ਰਵਾਹੀ ਦੀ

ਫੁੱਲੋਖਾਰੀ ਰਿਫ਼ਾਈਨਰੀ ਰਾਮਾਂ ਮੰਡੀ ਨੂੰ ਦਿੱਲੀ ਤੋਂ ਆਉਣ ਤੇ ਜਾਣ ਵਾਲੇ ਇਹ ਵੱਡੇ ਗੈਸ ਟੈਂਕਰ ਪਹਿਲਾਂ ਵੀ ਕਈ ਹਾਦਸਿਆਂ ਦਾ ਕਾਰਨ ਬਣ ਚੁੱਕੇ ਹਨ ਪਰ ਸਰਕਾਰਾਂ ਤੇ ਪ੍ਰਸ਼ਾਸਨ ਬੇਪ੍ਰਵਾਹੀ ਨੀਂਦ ਵਿੱਚ ਹਨ। ਨਿਯਮਾਂ ਤੋਂ ਉਲਟ ਗਲਤ ਰੂਟ ’ਤੇ ਆ ਰਹੇ ਹਨ ਟੈਂਕਰਾਂ ਨੂੰ ਬੰਦ ਕਰਵਾਉਣ ਲਈ ਪਹਿਲਾਂ ਵੀ ਕਈ ਵਾਰ ਸਰਦੂਲਗੜ੍ਹ ਵਾਸੀਆਂ ਨੇ ਸਿਵਲ ਅਤੇ ਪੁਲੀਸ ਅਧਿਕਾਰੀਆਂ ਕੋਲ ਮੰਗ ਕੀਤੀ ਪਰ ਇਸ ਪਾਸੇ ਕਿਸੇ ਨੇ ਕੋਈ ਧਿਆਨ ਨਹੀਂ ਦਿੱਤਾ। ਦਿੱਲੀ ਤੋਂ ਫੁੱਲੋਖਾਰੀ ਰਿਫ਼ਾਈਨਰੀ ਰਾਮਾਂ ਮੰਡੀ ਵਿਖੇ ਗੈਸ ਜਾਂ ਹੋਰ ਸਾਮਾਨ ਦੀ ਢੋਆ-ਢੁਆਈ ਲਈ ਵੱਡੇ ਟੈਂਕਰ ਤੇ ਟਰਾਲੇ ਆਉਂਦੇ ਹਨ। ਇਨ੍ਹਾਂ ਦਾ ਅਸਲੀ ਰੂਟ ਦਿੱਲੀ ਤੋਂ ਹਿਸਾਰ, ਫ਼ਤਿਆਬਾਦ, ਰਤੀਆ, ਬੁਢਲਾਡਾ ਵਾਇਆ ਮਾਨਸਾ ਤਲਵੰਡੀ ਸਾਬੋ ਤੋਂ ਰਾਮਾਂ ਮੰਡੀ ਰਿਫਾਈਨਰੀ ਤੱਕ ਦਾ ਹੈ ਪਰ ਟਰਾਂਸਪੋਰਟਰਾਂ ਨੇ ਕਥਿਤ ਮਿਲੀਭੁਗਤ ਕਰਕੇ ਇਸ ਦਾ ਰੂਟ ਵਾਇਆ ਸਰਦੂਲਗੜ੍ਹ ਕਰਵਾ ਲਿਆ ਹੈ, ਜਿਸ ਕਾਰਨ ਸਰਦੂਲਗੜ੍ਹ ਦੀਆਂ ਤੰਗ ਸੜਕਾਂ ’ਤੇ ਇਹ ਟਰਾਲੇ ਅਤੇ ਟੈਂਕਰ ਹਾਦਸਿਆਂ ਦਾ ਕਾਰਨ ਬਣਦੇ ਹਨ। ਨਿਯਮਾਂ ਦੇ ਉਲਟ ਆਪਣੇ ਰੂਟ ਦੀ ਤਬਦੀਲੀ ਕਰਦਿਆਂ ਪਹਿਲਾਂ ਹਿਸਾਰ, ਫਤਿਆਬਾਦ ਤੋਂ ਵਾਇਆ ਡਿੰਗ ਮੰਡੀ, ਸਰਦੂਲਗੜ੍ਹ ਤੇ ਰੋੜੀ ਤੋਂ ਹੁੰਦੇ ਹੋਏ ਤਲਵੰਡੀ ਸਾਬੋ ਤੇ ਰਿਫਾਈਨਰੀ ਰਾਮਾਂ ਮੰਡੀ ਪਹੁੰਚਦੇ ਸਨ। 7-8 ਮਹੀਨਾ ਪਹਿਲਾਂ ਰੋੜੀ ਨਜ਼ਦੀਕ ਟਰਾਲੇ ਹੇਠ ਆ ਕੇ ਬੱਚੇ ਦੀ ਮੌਤ ਹੋ ਗਈ ਸੀ, ਜਿਸ ਕਰਕੇ ਪਿੰਡ ਵਾਸੀਆਂ ਨੇ ਰਿਫਾਈਨਰੀ ਨੂੰ ਜਾਣ ਵਾਲੇ ਇਨ੍ਹਾਂ ਟੈਂਕਰਾਂ ਤੇ ਟਰਾਲਿਆਂ ’ਤੇ ਰੋਕ ਲਗਾ ਦਿੱਤੀ। ਉਸ ਤੋਂ ਬਾਅਦ ਚਾਲਕਾਂ ਅਤੇ ਕੰਪਨੀ ਮਾਲਕਾਂ ਨੇ ਇਨ੍ਹਾਂ ਦਾ ਰੂਟ ਸਰਦੂਲਗੜ੍ਹ ਤੋਂ ਝੁਨੀਰ, ਜਵਾਹਰਕੇ ਕੈਂਚੀਆਂ ਵੱਲ ਕਰ ਦਿੱਤਾ। ਇਹ ਤਿੰਨ-ਤਿੰਨ ਜਾਂ ਚਾਰ-ਚਾਰ ਇਕੱਠੇ ਤੁਰਦੇ ਹਨ, ਜਿਸ ਕਰਕੇ ਮਾਨਸਾ-ਸਰਦੂਲਗੜ੍ਹ ਸੜਕ ’ਤੇ ਦੂਸਰੇ ਵਾਹਨ ਚਾਲਕਾਂ ਤੇ ਰਾਹਗੀਰਾਂ ਨੂੰ ਇਨ੍ਹਾਂ ਟੈਂਕਰਾਂ ਤੇ ਟਰਾਲਾ ਚਾਲਕਾਂ ਤੋਂ ਸਾਈਡ ਲੈਣੀ ਮੁਸ਼ਕਲ ਹੋ ਜਾਂਦੀ ਹੈ ਤੇ ਕਾਫ਼ੀ ਇੰਤਜ਼ਾਰ ਕਰਨਾ ਪੈਂਦਾ ਹੈ। ਇਸ ਕਾਰਨ ਜਾਮ ਵੀ ਲੱਗ ਜਾਂਦੇ ਹਨ। ਸਰਦੂਲਗੜ੍ਹ ਇਲਾਕਾ ਵਾਸੀਆਂ ਦੀ ਮੰਗ ਹੈ ਕਿ ਇਨ੍ਹਾਂ ਗੈਸ ਵਾਲੇ ਟੈਂਕਰਾਂ ਤੇ ਟਰਾਲਿਆਂ ਨੂੰ ਇਸ ਰੂਟ ਤੋਂ ਬਦਲ ਕੇ ਕਿਸੇ ਹੋਰ ਰਸਤੇ ਪਾਇਆ ਜਾਵੇ ਤਾਂ ਕਿ ਇਨ੍ਹਾਂ ਕਾਰਨ ਹੋਣ ਵਾਲੇ ਹਾਦਸਿਆਂ ਨੂੰ ਟਾਲਿਆ ਜਾ ਸਕੇ।

Previous articleਸੀਨੀਅਰ ਕਾਂਗਰਸੀ ਆਗੂ ਹੰਸ ਰਾਜ ਭਾਰਦਵਾਜ ਦਾ ਦੇਹਾਂਤ
Next articleਯੂਐੱਨਓ ’ਚ ਗੂੰਜਿਆ ਨਕੋਦਰ ਬੇਅਦਬੀ ਕਾਂਡ ਦਾ ਮੁੱਦਾ