ਨਵੀਂ ਦਿੱਲੀ (ਸਮਾਜਵੀਕਲੀ) – ਵਿੱਤ ਮੰਤਰਾਲੇ ਨੇ ਅੱਜ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਜਨ ਧਨ ਖਾਤਿਆਂ ਬਾਰੇ ਫੈਲਾਈਆਂ ਜਾ ਰਹੀਆਂ ਅਫ਼ਵਾਹਾਂ ’ਤੇ ਯਕੀਨ ਨਾ ਕਰਨ। ਮੰਤਰਾਲੇ ਨੇ ਕਿਹਾ ਕਿ ਪ੍ਰਧਾਨ ਮੰਤਰੀ ਜਨ ਧਨ ਯੋਜਨਾ ਤਹਿਤ ਜਿਨ੍ਹਾਂ ਔਰਤਾਂ ਦੇ ਖਾਤੇ ਖੁੱਲ੍ਹੇ ਸਨ, ਉਨ੍ਹਾਂ ਵਿੱਚ ਅਪਰੈਲ ਮਹੀਨੇ ਲਈ 500 ਰੁਪਏ ਜਮ੍ਹਾਂ ਕਰਵਾ ਦਿੱਤੇ ਗਏ ਹਨ ਤੇ ਅਗਲੇ ਦੋ ਮਹੀਨਿਆਂ ਵਿੱਚ ਦੋ ਬਰਾਬਰ ਕਿਸ਼ਤਾਂ ਤਹਿਤ 1000 ਰੁਪਏ ਹੋਰ ਖਾਤਿਆਂ ਵਿੱਚ ਪਾਏ ਜਾਣਗੇ।
ਇਸ ਦੌਰਾਨ ਸਰਕਾਰੀ ਮਾਲਕੀ ਵਾਲੇ ਐੱਸਬੀਆਈ (ਭਾਰਤੀ ਸਟੇਟ ਬੈਂਕ), ਜਿਸ ਵਿੱਚ ਪ੍ਰਧਾਨ ਮੰਤਰੀ ਜਨ ਧਨ ਯੋਜਨਾ ਤਹਿਤ ਸਭ ਤੋਂ ਵੱਧ ਖਾਤੇ ਖੁੱਲ੍ਹੇ ਹਨ, ਨੇ ਲਾਭਪਾਤਰੀਆਂ ਨੂੰ ਅਪੀਲ ਕੀਤੀ ਕਿ ਉਹ ਇਨ੍ਹਾਂ ਅਫ਼ਵਾਹਾਂ ’ਤੇ ਭੋਰਾ ਵੀ ਯਕੀਨ ਨਾ ਕਰਨ ਕਿ ਇਨ੍ਹਾਂ ਖਾਤਿਆਂ ਵਿੱਚ ਪਾਈ 500-500 ਰੁਪਏ ਦੀ ਰਾਸ਼ੀ ਜੇਕਰ ਜਲਦੀ ਨਾ ਕਢਵਾਈ ਤਾਂ ਸਰਕਾਰ ਇਸ ਨੂੰ ਵਾਪਸ ਲੈ ਲਏਗੀ। ਇਨ੍ਹਾਂ ਅਫ਼ਵਾਹਾਂ ਕਰਕੇ ਹੀ ਬੈਂਕਾਂ ਦੇ ਬਾਹਰ ਲੰਮੀਆਂ ਕਤਾਰਾਂ ਲਾ ਕੇ ਲੋਕ ਸਮਾਜਿਕ ਦੂਰੀ ਬਣਾ ਕੇ ਰੱਖਣ ਲਈ ਜਾਰੀ ਦਿਸ਼ਾ ਨਿਰਦੇਸ਼ਾਂ ਦਾ ਮਜ਼ਾਕ ਬਣਾ ਰਹੇ ਹਨ।
ਵਿੱਤੀ ਸੇਵਾਵਾਂ ਵਿਭਾਗ ਨੇ ਟਵੀਟ ਕੀਤਾ ਕਿ ਸਰਕਾਰ ਨੇ ਸਬੰਧਤ ਜਨ ਧਨ ਖਾਤਿਆਂ ’ਚ 500-500 ਰੁਪਏ ਜਮ੍ਹਾਂ ਕੀਤੇ ਹਨ ਤੇ ਲਾਭਪਾਤਰੀ ਮਰਜ਼ੀ ਮੁਤਾਬਕ ‘ਕਿਸੇ ਵੇਲੇ’ ਵੀ ਇਸ ਨੂੰ ਕਢਵਾ ਸਕਦੇ ਹਨ। ਐੱਸਬੀਆਈ ਨੇ ਆਪਣੇ ਗਾਹਕਾਂ ਨੂੰ ਯਕੀਨ ਦਿਵਾਇਆ ਕਿ ਖਾਤੇ ਵਿੱਚ ਪਈ ਰਾਸ਼ੀ ਨੂੰ ਨਾ ਬਲਾਕ ਕੀਤਾ ਜਾਵੇਗਾ ਤੇ ਨਾ ਹੀ ਇਹ ਸਰਕਾਰ ਨੂੰ ਮੋੜੀ ਜਾਵੇਗੀ।