ਕਰਫਿਊ ਦਾ ਤੀਜਾ ਦਿਨ
ਕਰਫਿਊ ਦੀ ਉਲੰਘਣਾ ਕਰਨ ’ਤੇ 280 ਹੋਰ ਵਿਅਕਤੀ ਹਿਰਾਸਤ ਵਿੱਚ ਲਏ;
ਪੁਲੀਸ ਨੇ ਹੈਲਪਲਾਈਨ ਨੰਬਰ ਜਾਰੀ ਕੀਤਾ
ਚੰਡੀਗੜ੍ਹ- ਪੰਜਾਬ ਸਰਕਾਰ ਵੱਲੋਂ ਰਾਜ ਅੰਦਰ ਕਰੋਨਾਵਾਇਰਸ ਦੇ ਟਾਕਰੇ ਲਈ ਲਾਏ ਗਏ ਕਰਫਿਊ ਨੂੰ ਲਾਗੂ ਕਰਨ ਲਈ ਪੁਲੀਸ ਵੱਲੋਂ ਸਖ਼ਤੀ ਅਤੇ ਮਿਲਵਰਤਣ ਦੋਵੇਂ ਬਰਾਬਰ ਜਾਰੀ ਰੱਖੇ ਗਏ। ਪੁਲੀਸ ਵੱਲੋਂ ਸੂਬੇ ਦੇ ਲੋਕ ਸੰਪਰਕ ਵਿਭਾਗ ਰਾਹੀਂ ਦਿੱਤੀਆਂ ਰਿਪੋਰਟਾਂ ਮੁਤਾਬਕ ਜਿੱਥੇ ਪਿੰਡਾਂ ਤੇ ਸ਼ਹਿਰਾਂ ਦੇ ਲੋਕਾਂ ਨੂੰ ਨਿੱਤ ਵਰਤੋਂ ਦੀਆਂ ਵਸਤਾਂ ਖਾਸ ਕਰ ਰਾਸ਼ਨ ਅਤੇ ਸਬਜ਼ੀਆਂ ਆਦਿ ਮੁਹੱਈਆ ਕਰਾਉਣ ਦੀ ਡਿਊਟੀ ਨਿਭਾਈ ਗਈ ਉਥੇ ਲੋਕਾਂ ਨੂੰ ਸਖ਼ਤੀ ਨਾਲ ਘਰਾਂ ਅੰਦਰ ਬੈਠੇ ਰਹਿਣ ਲਈ ਕਦਮ ਵੀ ਚੁੱਕਣੇ ਪਏ। ਸੂਤਰਾਂ ਮੁਤਾਬਕ ਕਰਫਿਊ ਦੇ ਤੀਜੇ ਦਿਨ ਅੱਜ 180 ਦੇ ਕਰੀਬ ਪਰਚੇ ਦਰਜ ਕੀਤੇ ਗਏ ਅਤੇ 280 ਦੇ ਕਰੀਬ ਵਿਅਕਤੀਆਂ ਨੂੰ ਪਾਬੰਦੀਆਂ ਨਾ ਮੰਨਣ ਦੇ ਦੋਸ਼ਾਂ ਤਹਿਤ ਹਿਰਾਸਤ ਵਿੱਚ ਲਿਆ ਗਿਆ। ਉਧਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਜਨਤਕ ਜਥੇਬੰਦੀਆਂ ਨੇ ਪੰਜਾਬ ਪੁਲੀਸ ਵੱਲੋਂ ਕਰਫਿਊ ਲਾਗੂ ਕਰਨ ਲਈ ਅਪਣਾਏ ਗਏ ਗੈਰ-ਮਨੁੱਖੀ ਰਵੱਈਏ ਦੀ ਨਿੰਦਾ ਕਰਦਿਆਂ ਕਿਹਾ ਕਿ ਸੰਕਟ ਦੀ ਘੜੀ ’ਚ ਲੋਕਾਂ ਨੂੰ ਦਲੀਲ ਨਾਲ ਪੇਸ਼ ਆਉਣਾ ਚਾਹੀਦਾ ਹੈ। ਪੰਜਾਬ ਪੁਲੀਸ ਨੇ ਆਮ ਜਨਤਾ ਲਈ ਇੱਕ ਸਮਰਪਿਤ ਨੰਬਰ ‘112’ ਦਾ ਐਲਾਨ ਕੀਤਾ ਹੈ ਜੋ ਕਰਫਿਊ ਨਾਲ ਜੁੜੇ ਕਿਸੇ ਵੀ ਪੁਲੀਸ ਮਸਲੇ ਨੂੰ ਹੱਲ ਕਰਨ ਲਈ ਕਰਫਿਊ ਹੈਲਪਲਾਈਨ ਵਜੋਂ ਸਹਾਇਤਾ ਕਰੇਗਾ। ਪੰਜਾਬ ਪੁਲੀਸ ਦੇ ਬੁਲਾਰੇ ਨੇ ਦੱਸਿਆ ਕਿ ਸੂਬੇ ਦਾ ਕੋਈ ਵੀ ਵਿਅਕਤੀ ਐਮਰਜੈਂਸੀ ਦੌਰਾਨ ਹਸਪਤਾਲ ਜਾਣ, ਖਾਣੇ, ਕਰਿਆਨਾ, ਦਵਾਈਆਂ ਦੀ ਸਪਲਾਈ, ਐੱਲਪੀਜੀ ਸਿਲੰਡਰ ਵਰਗੀਆਂ ਸਹੂਲਤਾਂ ਦੀ ਜਾਣਕਾਰੀ ਜਾਂ ਮਦਦ ਲਈ ਹੈਲਪਲਾਈਨ ਨੰਬਰ 112 ਡਾਇਲ ਕਰ ਸਕਦਾ ਹੈ। ਜ਼ਰੂਰੀ ਸਾਮਾਨ ਲਿਜਾਣ ਵਾਲੇ ਟਰੱਕਾਂ ਦੀ ਬੇਰੋਕ ਆਵਾਜਾਈ ਅਤੇ ਈ-ਕਾਮਰਸ ਕੰਪਨੀਆਂ ਵੱਲੋਂ ਸਾਮਾਨ ਦੀ ਵੰਡ ਵਿੱਚ ਮੁਸ਼ਕਲ ਬਾਰੇ ਇਸ ਨੰਬਰ ’ਤੇ ਫੋਨ ਕੀਤਾ ਜਾ ਸਕਦਾ ਹੈ।
ਪੰਜਾਬ ਪੁਲੀਸ ਨੇ ਕਰਫਿਊ ਲਾਗੂ ਕਰਾਉਣ ਲਈ ਲਗਾਤਾਰ ਤੀਜੇ ਦਿਨ ਵੀ ਸਖ਼ਤੀ ਕੀਤੀ ਅਤੇ ਲੋਕਾਂ ਨੂੰ ਘਰਾਂ ਅੰਦਰ ਰਹਿਣ ਲਈ ਤਾੜਨਾ ਵੀ ਕੀਤੀ। ਪੁਲੀਸ ਵੱਲੋਂ ਹਰੇਕ ਜ਼ਿਲ੍ਹੇ ਵਿੱਚ ਪਾਬੰਦੀਆਂ ਤੋੜਨ ਵਾਲੇ ਲੋਕਾਂ ਖਿਲਾਫ਼ ਕਾਰਵਾਈ ਅਮਲ ਵਿੱਚ ਲਿਆਂਦੀ ਹੈ। ਜ਼ਿਆਦਾ ਮਾਮਲੇ ਜਲੰਧਰ ਸ਼ਹਿਰ, ਤਰਨਤਾਰਨ, ਕਪੂਰਥਲਾ, ਫਤਹਿਗੜ੍ਹ ਸਾਹਿਬ, ਲੁਧਿਆਣਾ ਆਦਿ ਜ਼ਿਲ੍ਹਿਆਂ ਵਿੱਚ ਦਰਜ ਕੀਤੇ ਗਏ। ਪੁਲੀਸ ਵੱਲੋਂ ਤਿੰਨ ਦਿਨਾਂ ਦੌਰਾਨ 700 ਦੇ ਕਰੀਬ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਅਤੇ ਕਾਨੂੰਨੀ ਕਾਰਵਾਈ ਤੋਂ ਬਾਅਦ ਬਹੁਤਿਆਂ ਨੂੰ ਜ਼ਮਾਨਤ ’ਤੇ ਰਿਹਾਅ ਕਰ ਦਿੱਤਾ ਗਿਆ। ਅੱਜ ਵੀ 280 ਦੇ ਕਰੀਬ ਵਿਅਕਤੀਆਂ ਨੂੰ ਹਿਰਾਸਤ ਵਿੱਚ ਲੈਣ ਦੀਆਂ ਰਿਪੋਰਟਾਂ ਹਨ। ਸੂਬੇ ਦੇ ਪਿੰਡਾਂ ਵਿੱਚ ਪਾਬੰਦੀਆਂ ਕਾਰਨ ਵੱਖਰੇ ਕਿਸਮ ਦੀਆਂ ਸਮੱਸਿਆਵਾਂ ਸਾਹਮਣੇ ਆ ਰਹੀਆਂ ਹਨ। ਇਕੱਤਰ ਕੀਤੀ ਜਾਣਕਾਰੀ ਮੁਤਾਬਕ ਪਿੰਡਾਂ ਵਿੱਚ ਸਥਿਤ ਛੋਟੇ ਦੁਕਾਨਦਾਰਾਂ ਅਤੇ ਮੈਡੀਕਲ ਸਟੋਰਾਂ ’ਤੇ ਸਟਾਕ ਖ਼ਤਮ ਹੋਣ ਨੇੜੇ ਹੈ। ਸਰਦੇ-ਪੁੱਜਦੇ ਲੋਕਾਂ ਨੇ ਪਾਬੰਦੀਆਂ ਕਾਰਨ ਸਾਮਾਨ ਤਾਂ ਖ਼ਰੀਦ ਲਿਆ ਹੈ ਪਰ ਪਿੰਡਾਂ ਦੀ ਗਰੀਬ ਵਸੋਂ, ਜਿਨ੍ਹਾਂ ਰੋਜ਼ਾਨਾ ਹੀ ਖ਼ਰੀਦ ਕੇ ਖਾਣਾ ਹੁੰਦਾ ਹੈ, ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਪੰਜਾਬ ਸਰਕਾਰ ਵੱਲੋਂ ਲਗਾਈਆਂ ਗਈਆਂ ਪਾਬੰਦੀਆਂ ਦੌਰਾਨ ਸਭ ਤੋਂ ਜ਼ਿਆਦਾ ਮਾੜੀ ਹਾਲਤ ਘਰਾਂ ਵਿੱਚੋਂ ਨਿੱਤ ਦਿਨ ਦੀਆਂ ਵਸਤਾਂ ਦੇ ਹਾਸਲ ਨਾ ਹੋਣ ਕਾਰਨ ਲੋਕਾਂ ਦੀ ਹੋਈ ਪਈ ਹੈ। ਸਰਕਾਰ ਅਤੇ ਪੁਲੀਸ ਵੱਲੋਂ ਲੋਕਾਂ ਨੂੰ ਵਸਤਾਂ ਪਹੁੰਚਾਉਣ ਦੇ ਦਾਅਵੇ ਤਾਂ ਕੀਤੇ ਗਏ ਹਨ ਪਰ ਲੋਕਾਂ ਨੇ ਸੋਸ਼ਲ ਮੀਡੀਆ ਰਾਹੀਂ ਆਪਣੀਆਂ ਤਕਲੀਫਾਂ ਜਨਤਕ ਕੀਤੀਆਂ ਹਨ। ਚੰਡੀਗੜ੍ਹ ਵਿੱਚ ਵੀ ਲੋਕਾਂ ਨੂੰ ਦੁਸ਼ਵਾਰੀਆਂ ਦਾ ਸਾਹਮਣਾ ਕਰਨਾ ਪਿਆ ਹੈ ਹਾਲਾਂਕਿ ਕੁਝ ਸੈਕਟਰਾਂ ਵਿੱਚ ਸਰਕਾਰੀ ਬੱਸਾਂ ਰਾਹੀਂ ਸਬਜ਼ੀਆਂ ਲੋਕਾਂ ਤੱਕ ਪੁੱਜਦੀਆਂ ਕੀਤੀਆਂ ਗਈਆਂ ਤੇ ਰਾਸ਼ਨ ਦੀਆਂ ਦੁਕਾਨਾਂ ਖੋਲ੍ਹ ਕੇ ਪੁਲੀਸ ਤਾਇਨਾਤ ਕਰਕੇ ਲੋਕਾਂ ਨੂੰ ਰਾਸ਼ਨ ਲੈਣ ਦੀ ਖੁੱਲ੍ਹ ਵੀ ਦਿੱਤੀ ਗਈ। ਚੰਡੀਗੜ੍ਹ ਦੇ ਕੁਝ ਸੈਕਟਰਾਂ ’ਚ ਵੇਰਕਾ ਅਤੇ ਵੀਟਾ ਦੇ ਬੂਥਾਂ ’ਤੇ ਲੋਕਾਂ ਦੀ ਭੀੜ ਜ਼ਰੂਰ ਦੇਖੀ ਗਈ। ਯੂਟੀ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਕਿਹਾ ਕਿ ਇੱਕ-ਦੋ ਦਿਨਾਂ ਤੱਕ ਲੋਕਾਂ ਦੀਆਂ ਸਾਰੀਆਂ ਮੁਸ਼ਕਲਾਂ ਹੱਲ ਕਰ ਦਿੱਤੀਆਂ ਜਾਣਗੀਆਂ। ਇੱਕ ਅਧਿਕਾਰੀ ਮੁਤਾਬਕ ਨਵਾਂ ਪ੍ਰਬੰਧ ਕਾਇਮ ਕਰਨ ਨੂੰ ਥੋੜਾ ਸਮਾਂ ਤਾਂ ਲੱਗ ਹੀ ਜਾਂਦਾ ਹੈ। ਲੋਕਾਂ ਨੇ ਕਿਹਾ ਕਿ ਕਰੋਨਾਵਾਇਰਸ ਦੇ ਖਤਰੇ ਨੂੰ ਦੇਖਦਿਆਂ ਪਾਬੰਦੀਆਂ ਦਾ ਤਾਂ ਉਹ ਸਵਾਗਤ ਕਰਦੇ ਹਨ ਅਤੇ ਘਰਾਂ ਅੰਦਰ ਦੜ ਕੇ ਰਹਿਣ ਲਈ ਵੀ ਤਿਆਰ ਹਨ ਪਰ ਸਰਕਾਰ ਅਤੇ ਪ੍ਰਸ਼ਾਸਨ ਨੂੰ ਜ਼ਰੂਰੀ ਵਸਤਾਂ ਅਤੇ ਦਵਾਈਆਂ ਦੀ ਸਪਲਾਈ ਰੋਜ਼ਾਨਾ ਯਕੀਨੀ ਬਣਾਉਣ ਦੀ ਲੋੜ ਹੈ। ਲੁਧਿਆਣਾ, ਪਟਿਆਲਾ, ਮੁਹਾਲੀ, ਜਲੰਧਰ ਅਤੇ ਅੰਮ੍ਰਿਤਸਰ ਤੋਂ ਮਿਲੀਆਂ ਰਿਪੋਰਟਾਂ ਮੁਤਾਬਕ ਪ੍ਰਸ਼ਾਸਨ ਵੱਲੋਂ ਜੋ ਨੰਬਰ ਮੁਹੱਈਆ ਕਰਵਾਏ ਗਏ ਹਨ, ਉਹ ਹਾਲ ਦੀ ਘੜੀ ਉਨ੍ਹਾਂ ਨੰਬਰਾਂ ਅਤੇ ਦੁਕਾਨਾਂ ਰਾਹੀਂ ਮੁਕੰਮਲ ਰੂਪ ਵਿੱਚ ਸਹੂਲਤਾਂ ਸੰਭਵ ਨਹੀਂ ਹੋ ਸਕਦੀਆਂ ਅਤੇ ਪ੍ਰਸ਼ਾਸਨ ਨੇ ਵੀ ਦੁਕਾਨਦਾਰਾਂ ਨੂੰ ਮਾਲ ਵੇਚਣ ਦੀ ਪ੍ਰਵਾਨਗੀ ਦੇਣ ’ਚ ਦੇਰੀ ਕਰ ਦਿੱਤੀ ਹੈ ਜਿਸ ਕਰਕੇ ਪ੍ਰੇਸ਼ਾਨੀਆਂ ਖੜ੍ਹੀਆਂ ਹੋਈਆਂ
।