ਅੰਮ੍ਰਿਤਸਰ (ਸਮਾਜਵੀਕਲੀ) – ਕਰੋਨਾਵਾਇਰਸ ਦੇ ਵਧ ਰਹੇ ਪ੍ਰਕੋਪ ਦੌਰਾਨ ਸ਼ਹਿਰ ਵਿਚੋਂ ਕੁੱਝ ਥਾਵਾਂ ਤੋਂ ਕੁਝ ਅਜਿਹੇ ਵਿਅਕਤੀ ਕਰੋਨਾ ਪੀੜਤ ਪਾਏ ਗਏ ਹਨ, ਜਿਨਾਂ ਦਾ ਵਿਦੇਸ਼ ਯਾਤਰਾ ਜਾਂ ਵਿਦੇਸ਼ ਤੋਂ ਆਏ ਯਾਤਰੂਆਂ ਨਾਲ ਕੋਈ ਸਬੰਧ ਨਹੀਂ ਹੈ। ਇਸ ਢੰਗ ਤਰੀਕੇ ਕਰੋਨਾਵਾਇਰਸ ਦੇ ਫੈਲਣ ਤੋਂ ਸਿਹਤ ਵਿਭਾਗ ਚਿੰਤਤ ਹੈ।
ਅੰਮ੍ਰਿਤਸਰ ਨਾਲ ਸਬੰਧਤ ਕਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ 9 ਹੋ ਚੁੱਕੀ ਹੈ। ਇਨ੍ਹਾਂ ਵਿਚੋਂ ਤਿੰਨ ਮਰੀਜ਼ ਅਜਿਹੇ ਹਨ, ਜਿਨ੍ਹਾਂ ਦਾ ਵਿਦੇਸ਼ ਯਾਤਰਾ ਜਾਂ ਵਿਦੇਸ਼ ਤੋਂ ਆਏ ਯਾਤਰੂਆ ਨਾਲ ਕੋਈ ਸਬੰਧ ਨਹੀਂ ਸੀ। ਇਨ੍ਹਾਂ ਵਿੱਚ ਕ੍ਰਿਸ਼ਨਾ ਨਗਰ ਨੇੜੇ ਅਮਰਕੋਟ ਮੁਹੱਲੇ ਦਾ ਸਿਲਾਈ ਕਢਾਈ ਕਰਨ ਵਾਲਾ ਵਿਅਕਤੀ ਅਤੇ ਉਸ ਦੀ ਪਤਨੀ ਦੋਵੇਂ ਸ਼ਾਮਲ ਹਨ।
ਇਸ ਤੋਂ ਇਲਾਵਾ ਨਗਰ ਨਿਗਮ ਦੇ ਸਾਬਕਾ ਅਧਿਕਾਰੀ ਜਸਵਿੰਦਰ ਸਿੰਘ, ਜਿਨ੍ਹਾਂ ਦੀ ਕਰੋਨਾ ਪੀੜਤ ਹੋਣ ਕਾਰਨ ਹੀ ਮੌਤ ਹੋਈ ਹੈ, ਦਾ ਵੀ ਕੋਈ ਯਾਤਰਾ ਰਿਕਾਰਡ ਨਹੀਂ ਹੈ। ਹੁਣ ਤਕ ਇਨ੍ਹਾਂ ਨੂੰ ਕਰੋਨਾ ਦੀ ਲਾਗ ਕਿਵੇਂ ਲੱਗੀ, ਇਸ ਬਾਰੇ ਕੁਝ ਵੀ ਪਤਾ ਨਹੀਂ ਲਗ ਸਕਿਆ ਹੈ।
ਸਿਹਤ ਵਿਭਾਗ ਇਸ ਨੂੰ ਲੈ ਕੇ ਚਿੰਤਤ ਹੈ। ਇਸ ਢੰਗ ਤਰੀਕੇ ਨਾਲ ਕਰੋਨਾ ਦੇ ਫੈਲਣ ਨੂੰ ਭਿਆਨਕ ਮੰਨਿਆ ਜਾ ਰਿਹਾ ਹੈ। ਜੇ ਸਮਾਜ ਵਿਚ ਇਸ ਢੰਗ ਤਰੀਕੇ ਕਰੋਨਾ ਫੈਲਣਾ ਸ਼ੁਰੂ ਹੁੰਦਾ ਹੈ ਤਾ ਇਸ ਦੇ ਸਿੱਟੇ ਗੰਭੀਰ ਹੋ ਸਕਦੇ ਹਨ। ਮੌਜੂਦਾ ਸਥਿਤੀ ਵਿਚ ਕਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਗਲੀ ਮੁਹੱਲਿਆਂ ਵਿਚ ਘਰਾਂ ਤੋਂ ਬਾਹਰ ਆਉਣ ਵਾਲੇ ਲੋਕਾਂ ਨੂੰ ਰੋਕਣ ਲਈ ਅਤੇ ਘਰਾਂ ਵਿਚ ਰਹਿਣ ਲਈ ਮਜਬੂਰ ਕਰਨ ਵਾਸਤੇ ਹੁਣ ਡਰੌਨ ਦੀ ਮਦਦ ਵੀ ਲਈ ਜਾ ਰਹੀ ਹੈ।
ਪੁਲੀਸ ਅਧਿਕਾਰੀਆਂ ਨੇ ਆਖਿਆ ਕਿ ਡਰੋਨ ਦੀ ਮਦਦ ਨਾਲ ਗਲੀ ਮੁਹੱਲਿਆਂ ਦੀ ਸਥਿਤੀ ’ਤੇ ਨਜ਼ਰ ਰੱਖੀ ਜਾਵੇਗੀ। ਜਿਨ੍ਹਾਂ ਥਾਵਾਂ ਤੋਂ ਅਜਿਹੀਆਂ ਸ਼ਿਕਾਇਤਾਂ ਆਈਆਂ ਹਨ, ਉਥੇ ਪਹਿਲ ਦੇ ਅਧਾਰ ’ਤੇ ਡਰੋਨ ਨਾਲ ਨਿਗਰਾਨੀ ਸ਼ੁਰੂ ਕੀਤੀ ਗਈ ਹੈ। ਉਲੰਘਣਾ ਕਰਨ ਵਾਲਿਆ ਨੂੰ ਇਕ ਵਾਰ ਚਿਤਾਵਨੀ ਦੇਣ ਤੋਂ ਬਾਅਦ ਮੁੜ ਕੇਸ ਵੀ ਦਰਜ ਕੀਤੇ ਜਾਣਗੇ।