ਬਸਪਾ ਸੁਪਰੀਮੋ ਮਾਇਆਵਤੀ ਤੇ ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਨੇ ਅੱਜ ਭਾਜਪਾ ’ਤੇ ਸਿਆਸੀ ਹਮਲਾ ਬੋਲਦਿਆਂ ਕਿਹਾ ਕਿ ਲੋਕ ਸਭਾ ਚੋਣਾਂ ਦੇ ਸ਼ੁਰੂਆਤੀ ਤਿੰਨ ਗੇੜਾਂ ’ਚ ਭਾਜਪਾ ਦਾ ਖਾਤਾ ਵੀ ਨਹੀਂ ਖੁੱਲ੍ਹ ਸਕੇਗਾ ਅਤੇ ਭਾਜਪਾ ਦੇ ਨਾਲ ਨਾਲ ਕਾਂਗਰਸ ਵੀ ਝੂਠੇ ਵਾਅਦੇ ਕਰ ਰਹੀ ਹੈ।
ਮਾਇਆਵਤੀ ਨੇ ਇੱਥੇ ਸਪਾ ਉਮੀਦਵਾਰ ਆਜ਼ਮ ਖਾਂ ਦੇ ਹੱਕ ’ਚ ਗੱਠਜੋੜ ਦੀ ਸਾਂਝੀ ਰੈਲੀ ’ਚ ਸਪਾ ਪ੍ਰਧਾਨ ਅਖਿਲੇਸ਼ ਯਾਦਵ ਦੀ ਮੌਜੂਦਗੀ ’ਚ ਕਿਹਾ, ‘ਭਾਜਪਾ ਦੇ ਹਵਾ ਹਵਾਈ ਤੇ ਝੂਠੇ ਚੋਣ ਮੈਨੀਫੈਸਟੋ ਦੇ ਧੋਖੇ ’ਚ ਨਾ ਆਓ। ਭਾਜਪਾ ਨੇ ਦੇਸ਼ ਦੀ ਜਨਤਾ ਨਾਲ ਜੋ ਚੰਗੇ ਦਿਨ ਲਿਆਉਣ ਦੇ ਚੋਣ ਵਾਅਦੇ ਕੀਤੇ ਸੀ, ਉਹ ਕੇਂਦਰ ਦੀ ਸਾਬਕਾ ਕਾਂਗਰਸ ਸਰਕਾਰ ਦੀ ਤਰ੍ਹਾਂ ਹੀ ਖੋਖਲੇ ਸਾਬਤ ਹੋਏ ਹਨ।’ ਉਨ੍ਹਾਂ ਕਿਹਾ, ‘ਭਾਜਪਾ ਦਾ ਸਭ ਦਾ ਸਾਥ ਸਭ ਦਾ ਵਿਕਾਸ ਦਾ ਨਾਅਰਾ ਜੁਮਲੇਬਾਜ਼ੀ ਬਣ ਕੇ ਰਹਿ ਗਿਆ ਹੈ। ਅਜਿਹੇ ਹੀ ਚੋਣ ਵਾਅਦੇ ਕਾਂਗਰਸ ਵੀ ਕਰ ਰਹੀ ਹੈ।’
ਅਖਿਲੇਸ਼ ਨੇ ਕਿਹਾ, ‘ਸਾਨੂੰ ਯਕੀਨ ਹੈ ਕਿ ਪਹਿਲੇ ਤੇ ਦੂਜੇ ਗੇੜ ’ਚ ਭਾਜਪਾ ਦਾ ਕੋਈ ਖਾਤਾ ਨਹੀਂ ਖੁੱਲ੍ਹ ਰਿਹਾ। ਤੀਜੇ ਗੇੜ ’ਚ ਵੀ ਭਾਜਪਾ ਦਾ ਖਾਤਾ ਖੁੱਲ੍ਹਣ ਵਾਲਾ ਨਹੀਂ ਹੈ।’ ਬਸਪਾ ਸੁਪਰੀਮੋ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਪੂਰੇ ਦੇਸ਼ ’ਚ ਨੋਟਬੰਦੀ ਤੇ ਜੀਐੱਸਟੀ ਦੇ ਫ਼ੈਸਲੇ ਬਿਨਾਂ ਕਿਸੇ ਤਿਆਰੀ ਦੇ ਜਲਦਬਾਜ਼ੀ ਨਾਲ ਲਾਗੂ ਕੀਤੇ। ਇਸ ਨਾਲ ਦੇਸ਼ ’ਚ ਗਰੀਬੀ ਤੇ ਬੇਰੁਜ਼ਗਾਰੀ ਵਧੀ ਹੈ। ਛੋਟੇ ਤੇ ਦਰਮਿਆਨੇ ਕਾਰੋਬਾਰੀ ਦੁਖੀ ਹਨ। ਅਖਿਲੇਸ਼ ਨੇ ਕਿਹਾ ਕਿ ਦੇਸ਼ ਇਸ ਸਮੇਂ ਨਾਜ਼ੁਕ ਦੌਰ ’ਚੋਂ ਲੰਘ ਰਿਹਾ ਹੈ। ਅਜਿਹਾ ਕੋਈ ਵਰਗ ਨਹੀਂ ਬਚਿਆ ਜੋ ਦੁਖੀ ਨਾ ਹੋਵੇ। ਉਨ੍ਹਾਂ ਕਿਹਾ ਕਿ ਕਿਸਾਨਾਂ ਦਾ ਜਿਉਣਾ ਮੁਸ਼ਕਲ ਹੋ ਗਿਆ ਹੈ ਤੇ ਨੌਜਵਾਨਾਂ ਨੂੰ ਰੁਜ਼ਗਾਰ ਨਹੀਂ ਮਿਲ ਰਿਹਾ।
INDIA ਲੋਕਾਂ ਨਾਲ ਝੂਠੇ ਵਾਅਦੇ ਕਰ ਰਹੀਆਂ ਹਨ ਭਾਜਪਾ ਤੇ ਕਾਂਗਰਸ: ਮਾਇਆਵਤੀ