ਲੋਕਾਂ ਦੇ ਸਹਿਯੋਗ ਸਦਕਾ ਮਿਹਨਤ ਕਰਨ ਦੀ ਤਾਕਤ ਵਧੀ: ਚੰਨੀ

ਚਮਕੌਰ ਸਾਹਿਬ (ਸਮਾਜ ਵੀਕਲੀ):  ਮੁੱਖ ਮੰਤਰੀ ਤੇ ਹਲਕੇ ਤੋਂ ਕਾਂਗਰਸੀ ਉਮੀਦਵਾਰ ਚਰਨਜੀਤ ਸਿੰਘ ਚੰਨੀ ਨੇ ਆਪਣੀ ਚੋਣ ਮੁਹਿੰਮ ਨੂੰ ਤੇਜ਼ ਕਰਦਿਆਂ ਹਲਕੇ ਦੇ ਪਿੰਡਾਂ ਫਿਰੋਜ਼ਪੁਰ, ਸਿਲੋਮਾਸਕੋ, ਬੇਲਾ, ਬਜੀਦਪੁਰ, ਖਾਨਪੁਰ, ਰੁਕਾਲੀ, ਟੱਪਰੀਆਂ ਅਮਰ ਸਿੰਘ, ਫਤਿਹਪੁਰ, ਚੁਹੜ ਮਾਜਰਾ ਅਤੇ ਸੰਧੂਆਂ ਸਮੇਤ ਹੋਰ ਕਈ ਪਿੰਡਾਂ ਵਿੱਚ ਘਰ-ਘਰ ਜਾ ਕੇ ਚੋਣ ਪ੍ਰਚਾਰ ਕੀਤਾ। ਇਨ੍ਹਾਂ ਪਿੰਡਾਂ ਵਿੱਚ ਮੁੱਖ ਮੰਤਰੀ ਨੇ ਚੋਣ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਤੁਹਾਡੇ ਲਗਾਤਾਰ ਵੱਧਦੇ ਸਹਿਯੋਗ ਨਾਲ ਹਲਕੇ ਦੇ ਵਿਕਾਸ ਲਈ ਸਖਤ ਮਿਹਨਤ ਕਰਨ ਦੀ ਤਾਕਤ ਵਧਦੀ ਹੈ। ਉਨ੍ਹਾਂ ਕਿਹਾ ਕਿ ਐਨੇ ਸਾਲਾਂ ਤੋਂ ਤੁਹਾਡੇ ਕੋਲੋਂ ਮਿਲ ਰਹੇ ਪਿਆਰ ਅਤੇ ਸਮਰਥਨ ਲਈ ਮੈਂ ਹਮੇਸ਼ਾ ਤੁਹਾਡਾ ਰਿਣੀ ਰਹਾਂਗਾ। ਉਨ੍ਹਾਂ ਕਿਹਾ ਕਿ ਅੱਗੇ ਤੋਂ ਤੁਹਾਡੇ ਤੋਂ ਇਸੇ ਸਾਥ ਦੀ ਉਮੀਦ ਰਹੇਗੀ।

ਚੰਨੀ ਨੇ ਕਿਹਾ ਕਿ ਜਿਸ ਤਰ੍ਹਾਂ ਉਨ੍ਹਾਂ ਨੇ ਆਪਣੇ ਥੋੜ੍ਹੇ ਸਮੇਂ ਦੇ ਕਾਰਜਕਾਲ ਵਿੱਚ ਲੋਕ ਹਿਤੂ ਫੈਸਲੇ ਲਏ ਹਨ ਉਨ੍ਹਾਂ ਨੂੰ ਭਵਿੱਖ ਵਿੱਚ ਲਾਗੂ ਰੱਖਣ ਲਈ ਸੂਬੇ ਵਿੱਚ ਮੁੜ ਕਾਂਗਰਸ ਪਾਰਟੀ ਦੀ ਸਰਕਾਰ ਆਉਣੀ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦੀ ਕੁਰਸੀ ਵਿੱਚ ਅਜਿਹੀ ਤਾਕਤ ਹੈ ਕਿ ਇਸ ਨੂੰ ਥੋੜ੍ਹਾ ਜਿਹਾ ਹਿਲਾਉਣ ਨਾਲ ਹੀ ਹਲਕੇ ਲਈ ਪੈਸੇ ਦੇ ਅੰਬਾਰ ਲੱਗ ਜਾਂਦੇ ਹਨ ਅਤੇ ਤੁਸੀ ਸਾਰਿਆਂ ਨੇ ਦੇਖਿਆ ਵੀ ਹੈ ਕਿ ਜਦੋਂ ਉਹ ਖੁਦ ਵਿਧਾਇਕ ਤੇ  ਮੰਤਰੀ ਸਨ ਤਾਂ ਹਲਕੇ ਦੇ ਪਿੰਡਾਂ ਨੂੰ ਕਿੰਨੀਆਂ ਥੋੜ੍ਹੀਆਂ ਗਰਾਂਟਾਂ ਮਿਲਦੀਆਂ ਸਨ ਅਤੇ ਜਦੋਂ ਉਨ੍ਹਾਂ ਨੇ ਮੁੱਖ ਮੰਤਰੀ ਦਾ ਅਹੁਦਾ ਸੰਭਾਲਿਆ ਤਾਂ ਹਰੇਕ ਪਿੰਡ ਨੂੰ ਕਰੋੜਾਂ ਰੁਪਏ ਦੀਆਂ ਗਰਾਂਟਾਂ ਮਿਲੀਆਂ ਹਨ। ਦੂਜੇ ਪਾਸੇ ਚੰਨੀ ਦੀ ਪਿੰਡਾਂ ਵਿੱਚ ਚੋਣ ਪ੍ਰਚਾਰ ਕਰ ਰਹੇ ਸਾਬਕਾ ਡਾਇਰੈਕਟਰ ਦਵਿੰਦਰ ਸਿੰਘ ਜਟਾਣਾ ਨੇ ਕਿਹਾ ਕਿ ਚੰਨੀ ਲੋਕ ਪੱਖੀ ਆਗੂ ਹਨ ਅਤੇ ਉਹ ਅਜਿਹੇ ਮੁੱਖ ਮੰਤਰੀ ਹਨ, ਜਿਨ੍ਹਾਂ ਥੋੜ੍ਹੇ ਸਮੇਂ ਵਿੱਚ ਪੰਜਾਬ ਨੂੰ ਤਰੱਕੀ ਦੇ ਰਸਤੇ ’ਤੇ ਅੱਗੇ ਵਧਾਉਣ ਲਈ ਪੰਜਾਬ ਅਤੇ ਪੰਜਾਬੀਆਂ ਦੇ ਹਿੱਤ ਵਿੱਚ ਫੈਸਲੇ ਲਏ ਹਨ। ਇਸ ਮੌਕੇ ਚੇਅਰਮੈਨ ਕਰਨੈਲ ਸਿੰਘ, ਵਾਇਸ ਚੇਅਰਮੈਨ ਤਰਲੋਚਨ ਸਿੰਘ ਭੰਗੂ, ਡਾਇਰੈਕਟਰ ਗਿਆਨ ਸਿੰਘ, ਸਰਪੰਚ ਲਖਵਿੰਦਰ ਸਿੰਘ, ਸਮਿਤੀ ਮੈਂਬਰ ਜਸਵੀਰ ਸਿੰਘ ਅਤੇ ਡਾ. ਬਲਵਿੰਦਰ ਸਿੰਘ ਆਦਿ ਹਾਜ਼ਰ ਸਨ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਇੰਟਰਨਸ਼ਿਪ ਦੀ ਆਖਰੀ ਤਰੀਕ ਵਿੱਚ ਵਾਧੇ ਲਈ ਵਿਦਿਆਰਥੀ ਸਰਕਾਰ ਨੂੰ ਅਰਜ਼ੀ ਦੇਣ: ਸੁਪਰੀਮ ਕੋਰਟ
Next articleਬੈਲਟ ਪੇਪਰ ਰਾਹੀਂ ਵੋਟਿੰਗ ਕਰਵਾਉਣ ’ਤੇ ਉੱਠੇ ਸਵਾਲ