ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਨੇ ਅੱਜ ਭਾਜਪਾ ’ਤੇ ਦੇਸ਼ ਦੇ ਸੰਵਿਧਾਨ ਤੇ ਲੋਕਤੰਤਰ ਨੂੰ ਤਬਾਹ ਕਰਨ ਦੀ ਪੂਰੀ ਤਿਆਰੀ ਕਰਨ ਦਾ ਦੋਸ਼ ਲਗਾਉਂਦਿਆਂ ਕਿਹਾ ਕੇਂਦਰ ਦੀ ਸਭ ਤੋਂ ਕਮਜ਼ੋਰ ਨਰਿੰਦਰ ਮੋਦੀ ਸਰਕਾਰ ’ਚ ਜਨਤਾ ਦੇ ਬੁਨਿਆਦੀ ਸਵਾਲਾਂ ਦਾ ਸਾਹਮਣਾ ਕਰਨ ਦੀ ਹਿੰਮਤ ਨਹੀਂ ਹੈ।
ਪ੍ਰਿਯੰਕਾ ਨੇ ਅਯੁੱਧਿਆ ’ਚ ਕਾਂਗਰਸ ਉਮੀਦਵਾਰ ਨਿਰਮਲ ਖੱਤਰੀ ਦੀ ਹਮਾਇਤ ’ਚ ਕੀਤੀ ਗਈ ਜਨਤਕ ਰੈਲੀ ’ਚ ਭਾਜਪਾ ’ਤੇ ਹਮਲਾ ਬੋਲਦਿਆਂ ਕਿਹਾ, ‘ਇਨ੍ਹਾਂ ਲੋਕਾਂ ਨੇ ਸੰਵਿਧਾਨ, ਲੋਕਤੰਤਰ ਅਤੇ ਸੰਸਥਾਵਾਂ ਨੂੰ ਤਬਾਹ ਕਰਨ ਦੀ ਪੂਰੀ ਤਿਆਰੀ ਕਰ ਲਈ ਹੈ। ਸੰਵਿਧਾਨ ਅਤੇ ਲੋਕਤੰਤਰ ਲੋਕਾਂ ਨੂੰ ਮਜ਼ਬੂਤ ਬਣਾਉਂਦੇ ਹਨ। ਇਹ ਲੋਕ ਕੰਮ ਕਰਨ ਦੀ ਥਾਂ ਸਿਰਫ਼ ਗੱਲਾਂ ਕਰਦੇ ਹਨ ਇਸ ਲਈ ਇਹ ਤੁਹਾਨੂੰ ਮਜ਼ਬੂਤ ਨਹੀਂ ਹੋਣ ਦੇਣਾ ਚਾਹੁੰਦੇ। ਦੇਸ਼ ’ਚ ਇਸ ਤੋਂ ਕਮਜ਼ੋਰ ਸਰਕਾਰ ਹੋਰ ਕੋਈ ਨਹੀਂ ਰਹੀ।’ ਉਨ੍ਹਾਂ ਕੇਂਦਰ ਦੀ ਮੋਦੀ ਸਰਕਾਰ ਨੂੰ ਟਕੋਰ ਕਰਦਿਆਂ ਕਿਹਾ, ‘ਜਨਤਾ ਦੀ ਆਵਾਜ਼ ਸੁਣਨਾ ਸਭ ਤੋਂ ਵੱਡੀ ਸਿਆਸੀ ਸ਼ਕਤੀ ਹੈ। ਸਰਕਾਰ ਤੁਹਾਡੀ ਗੱਲ ਨਹੀਂ ਸੁਣ ਰਹੀ, ਇਹ ਤਾਕਤ ਨਹੀਂ ਕਮਜ਼ੋਰੀ ਹੈ। ਉਹ (ਪ੍ਰਧਾਨ ਮੰਤਰੀ) ਪਿੰਡ-ਪਿੰਡ ਇਸ ਲਈ ਨਹੀਂ ਜਾਂਦੇ ਕਿਉਂਕਿ ਉੱਥੇ ਸੱਚਾਈ ਦਿਖਾਈ ਦਿੰਦੀ ਹੈ।’ ਉਨ੍ਹਾਂ ਕਿਹਾ ਕਿ ਵਾਰਾਣਸੀ ਦੀ ਜਨਤਾ ਇਸ ਗੱਲ ਦੀ ਗਵਾਹ ਹੈ ਕਿ ਪ੍ਰਧਾਨ ਮੰਤਰੀ ਆਪਣੇ ਸਾਰੇ ਕਾਰਜਕਾਲ ਦੌਰਾਨ ਆਪਣੇ ਹੀ ਸੰਸਦੀ ਹਲਕੇ ਦੇ ਪੇਂਡੂ ਇਲਾਕਿਆਂ ’ਚ ਨਹੀਂ ਗਏ। ਉਹ ਅਮਰੀਕਾ, ਚੀਨ, ਜਪਾਨ ਅਤੇ ਅਫਰੀਕਾ ਸਮੇਤ ਬਾਕੀ ਸਾਰੀ ਦੁਨੀਆਂ ਘੁੰਮ ਆਏ ਪਰ ਆਪਣੇ ਹੀ ਸੰਸਦੀ ਹਲਕੇ ਲਈ ਉਨ੍ਹਾਂ ਨੂੰ ਸਮਾਂ ਨਹੀਂ ਮਿਲਿਆ। ਇਸੇ ਦੌਰਾਨ ਪ੍ਰਿਯੰਕਾ ਗਾਂਧੀ ਨੇ ਫੈਜ਼ਾਬਾਦ ’ਚ ਰੋਡ ਸ਼ੋਅ ਵੀ ਕੀਤਾ।
INDIA ਲੋਕਾਂ ਦੇ ਸਵਾਲਾਂ ਤੋਂ ਡਰਦੇ ਨੇ ਮੋਦੀ: ਪ੍ਰਿਯੰਕਾ