(ਸਮਾਜ ਵੀਕਲੀ)
ਸਰਕਾਰ ਵੱਲੋਂ ਬਣਾਏ ਕਾਲ਼ੇ ਕਾਨੂੰਨ ਤੇ ਧੱਕੇ ਨਾਲ ਲੋਕਾਂ ਤੇ ਲਾਗੂ ਕਰਨ ਦੇ ਫ਼ੈਸਲੇ ਦਾ ਵਿਰੋਧ ਪੰਜਾਬ ਚੋਂ ਸ਼ੁਰੂ ਹੋਇਆ ਤੇ ਅੱਜ ਇਕੱਲੇ ਭਾਰਤ ਹੀ ਨਹੀਂ ਬਲਕਿ ਸਮੁੱਚੀ ਦੁਨੀਆਂ ‘ਚ ਪਹੁੰਚ ਗਿਆ। ਪੰਜਾਬ ਵਿੱਚ ਪਿਛਲੇ ਦੋ ਮਹੀਨਿਆਂ ਤੋਂ ਚੱਲ ਰਹੇ ਵਿਰੋਧ ਦਾ ਲੋਕਾਂ ਵੱਲੋਂ ਪੂਰਾ ਸਹਿਯੋਗ ਦਿੱਤਾ ਗਿਆ ਜਿਸ ਦੀ ਬਦੌਲਤ ਅੱਜ ਪੰਜਾਬ ਹੀ ਨਹੀਂ ਪੂਰੇ ਦੇਸ਼ ਦੇ ਹਿੱਸਿਆਂ ‘ਚ ਲੋਕਾਂ ਨੇ ਇਕੱਠੇ ਹੋ ਕੇ ਦਿੱਲੀ ਨੂੰ ਘੇਰਾ ਪਾ ਲਿਆ।
ਦਿੱਲੀ ਮੋਰਚੇ ਦੀ ਵੱਖਰੀ ਗੱਲ ਜੋ ਇਸ ਨੂੰ ਸਭ ਅੰਦੋਲਨਾਂ ਤੋਂ ਵੱਖਰੇ ਰੂਪ ਵਿੱਚ ਪੇਸ਼ ਕਰਦੀ ਹੈ, ਉਹ ਹੈ ਏਕਤਾ, ਜਿੱਥੇ ਹਰ ਧਰਮ ,ਜਾਤ ਦੇ ਲੋਕ, ਕੋਈ ਵੀ ਕਿੱਤਾ ਕਰਨ ਵਾਲਾ ਇਨਸਾਨ, ਵਿਦਿਆਰਥੀ, ਸਭ ਰਲ ਕੇ ਆਪਣਾ ਯੋਗਦਾਨ ਪਾ ਰਹੇ ਹਨ। ਕਹਿੰਦੇ ਨੇ ਕੀ ਏਕੇ ਵਿੱਚ ਬੜੀ ਬਰਕਤ ਹੁੰਦੀ ਹੈ, ਜੇ ਕਰ ਲੋਕਾਂ ਵਿੱਚ ਏਕਾ ਹੋਵੇ ਇਹੋ ਜਿਹਾ ਕੋਈ ਵੀ ਮਸਲਾ ਨਹੀਂ ਜਿਸ ਦਾ ਹੱਲ ਨਾ ਪਾਇਆ ਜਾ ਸਕੇ। ਦਿੱਲੀ ਮੋਰਚਾ ਜੋ ਕਿ ਏਕਤਾ, ਸਬਰ, ਅਹਿੰਸਕ ਰੂਪ ਵਿੱਚ ਬੜੇ ਹੀ ਅਦਬ ਤਰੀਕੇ ਨਾਲ ਨਿੱਤ ਨਵੇਂ ਪੜਾਅ ਵੱਲ ਵੱਧ ਰਿਹਾ ਹੈ। ਪੰਜਾਬ ਤੇ ਹਰਿਆਣਾ ਨੂੰ ਇਹਨਾਂ ਸਰਕਾਰਾਂ ਨੇ ਹੁਣ ਤੱਕ ਵੋਟਾਂ ਦੀ ਰਾਜਨੀਤੀ ਕਰਦਿਆਂ ਵੱਖ ਵੱਖ ਮੁੱਦਿਆਂ ਤੇ ਜਿਵੇਂ ਕੀ ਐਸ.ਵਾਈ.ਐਲ, ਚੰਡੀਗੜ੍ਹ, ਭਾਸ਼ਾ ਦੇ ਮੁੱਦਿਆਂ ਤੇ ਦੋ ਫਾੜ ਕਰਕੇ ਰੱਖਿਆ ਹੋਇਆ ਸੀ, ਅੱਜ ਕਿਸਾਨੀ ਸੰਘਰਸ਼ ਨੇ ਦੋਵੇਂ ਭਰਾਵਾਂ ਨੂੰ ਇਕੱਠੇ ਕਰਕੇ ਇੱਕ ਸਟੇਜ ਤੇ ਬਿਠਾ ਦਿੱਤਾ ਹੈ।
ਲੋਕ ਸਿਆਸੀ ਪਾਰਟੀਆਂ ਦੇ ਪਿੰਡਾਂ ਵਿੱਚ ਬਣਾਏ ਧੜੇਬੰਦੀਆਂ ਨੂੰ ਨਾਕਾਰ ਕੇ ਏਕੇ ਦੀ ਬੜੀ ਵੱਖਰੀ ਮਿਸਾਲ ਪੇਸ਼ ਕੀਤੀ ਹੈ। ਲੋਕਾਂ ਦੇ ਏਕੇ ਨੇ ਸਰਕਾਰਾਂ ਨੂੰ ਇਕ ਵੱਖਰੀ ਚਿੰਤਾ ਵਿੱਚ ਪਾ ਦਿੱਤਾ ਹੈ। ਪਿੰਡਾਂ ਤੋਂ ਲੋਕ ਵੀ ਆਪਣੀਆਂ ਪੁਰਾਣੀਆਂ ਰੰਜਸ਼ਾਂ ਨੂੰ ਪਿੰਡਾਂ ਵਿੱਚ ਛੱਡ ਕੇ, ਏਕੇ ਦੇ ਰੂਪ ਵਿੱਚ ਸਰਕਾਰਾਂ ਨਾਲ ਮੱਥਾ ਲਾਉਣ ਦਿੱਲੀ ਪਹੁੰਚੇ ਹੋਏ ਹਨ। ਪਿੰਡਾਂ ਵਿੱਚ ਜੋ ਲੋਕ ਸਰਪੰਚੀ ਦੀਆਂ ਵੋਟਾਂ ਵਿੱਚ ਵੱਖ-ਵੱਖ ਸਿਆਸੀ ਪਾਰਟੀਆਂ ਨੂੰ ਸਮਰਥਨ ਦਿੰਦੇ ਸਨ ਤੇ ਝੂਠੀ ਜਿੱਤ ਖਾਤਰ ਇਕ ਦੂਜੇ ਦਿਨ ਸਿਰ ਪਾੜਣ ਲਈ ਜਾਂਦੇ ਸਨ , ਅੱਜ ਇੱਕ ਇੱਕ ਇੱਟ ਦੇ ਰੂਪ ਵਿੱਚ ਕੰਧ ਬਣ ਕੇ ਸਰਕਾਰ ਦੇ ਸਾਹਮਣੇ ਖੜ੍ਹੇ ਹਨ।
ਉਹੀ ਏਕੇ ਦੀ ਕੰਧ ਅੱਜ ਦਿੱਲੀ ਬਾਰਡਰ ਤੇ ਸੰਘਰਸ਼ ਨੂੰ ਮਜ਼ਬੂਤ ਕਰਨ ਵਿੱਚ ਦੇਸੀ ਘਿਓ ਦਾ ਕੰਮ ਕਰ ਰਹੀ ਹੈ। ਪੰਜਾਬ ਦੀਆਂ ਬੱਤੀ ਜਥੇਬੰਦੀਆਂ ਜੋ ਕਿ ਅੱਜ ਤੱਕ ਦੇ ਇਤਿਹਾਸ ਵਿੱਚ ਕਦੇ ਵੀ ਇੱਕ ਮੰਚ ਤੇ ਇਕੱਠੇ ਨਹੀਂ ਹੋਈਆਂ ਸਨ, ਅੱਜ ਉਹਨਾਂ ਦੇ ਏਕੇ ਨੇ ਜੰਗ ਨੂੰ ਇੱਕ ਹੋਸਲਾ ਦਿੱਤਾ ਹੋਇਆ ਹੈ। ਲੋਕਾਂ ਦੇ ਏਕੇ ਨੂੰ ਵੇਖ ਕੇ ਪੂਰੀ ਦੁਨੀਆ ਦੇ ਵਿੱਚ ਵੱਸਦੇ ਭਾਰਤੀ ਲੋਕ ਸੰਘਰਸ਼ ਨੂੰ ਪੂਰੀ ਹਮਾਇਤ ਦੇ ਰਹੇ ਹਨ। ਸੰਘਰਸ਼ ਵਿੱਚ ਕਿਸੇ ਵੀ ਵਸਤੂ ਦੀ ਕੋਈ ਵੀ ਕਮੀ ਨਹੀਂ, ਸਗੋਂ ਲੋੜ ਨਾਲ਼ੋਂ ਵੱਧ ਹਰ ਚੀਜ਼ ਉੱਥੇ ਮੁਫ਼ਤ ਵਿੱਚ ਮਿਲ ਰਹੀ ਹੈ।
ਲੋਕਾਂ ਦੇ ਏਕੇ ਤੇ ਜੰਗ ਦੇ ਹੋਸ਼ਲਿਆ ਨੂੰ ਵੇਖਦਿਆਂ ਵਿਦੇਸ਼ਾਂ ਵਿੱਚ ਬੈਠੇ ਭਾਰਤੀ ਖ਼ਾਸ ਕਰ ਪੰਜਾਬੀ ਭਾਈਚਾਰੇ ਦੇ ਲੋਕ ਆਪਣੀ ਕਮਾਈ ਵਿੱਚੋਂ ਦਸਵੰਧ ਕੱਢ ਕੇ ਇਸ ਕਿਸਾਨੀ ਸੰਘਰਸ਼ ਨੂੰ ਭੇਜ ਰਹੇ ਹਨ। ਸ਼ੰਘਰਸ਼ ਦੀ ਥਾਂ ਦੇ ਨਾਲ ਲੱਗਦੇ ਇਲਾਕੇ ਦੇ ਲੋਕ ਵੀ ਆਪਣੀ ਸਮਰੱਥਾ ਅਨੁਸਾਰ ਤਿਲ ਫੁੱਲ ਲੈਕੇ ਸੰਘਰਸ਼ ਵਿੱਚ ਬੈਠੇ ਲੋਕਾਂ ਦੀ ਪੂਰੀ ਮਦਦ ਕਰ ਰਹੇ ਹਨ। ਦਿੱਲੀ ਦੇ ਲੋਕ ਆਪਣਾ ਗੱਡੀਆਂ ਵਿੱਚ ਸਮਾਨ ਭਰ-ਭਰ ਕੇ ਲੋਕਾਂ ਦੀ ਸੇਵਾ ਵਿੱਚ ਨਿੱਤ ਹਾਜ਼ਰ ਹੁੰਦੇ ਹਨ ਤੇ ਲੋਕਾਂ ਨੂੰ ਜੇ ਕੋਈ ਮੁਸ਼ਕਿਲ ਆ ਰਹੀ ਹੈ ਉਹ ਪੁੱਛ ਕੇ ਤੇ ਅਗਲੇ ਦਿਨ ਉਸ ਮੁਸ਼ਕਲ ਦਾ ਹੱਲ ਲੈਕੇ ਲੋਕਾਂ ਦੀ ਮਦਦ ਕਰਨ ਪਹੁੰਚ ਜਾਂਦੇ ਹਨ।
ਲੋਕ ਕੋਈ ਤਿਉਹਾਰ ਜਾਂ ਕੋਈ ਵੀ ਧਾਰਮਿਕ ਸਮਾਗਮ ਵਿੱਚ ਬਿਨਾਂ ਕਿਸੇ ਭੇਦ ਭਾਵ ਦੇ ਇੱਕਠੇ ਹੋ ਕੇ ਏਕਤਾ ਦਾ ਪ੍ਰਤੀਕ ਬਣਦੇ ਹਨ ਇਵੇਂ ਹੀ ਅੱਜ ਕਿਸਾਨੀ ਸ਼ੰਘਰਸ ਵਿੱਚ ਇਕ ਦੂਜੇ ਦੇ ਮੋਢੇ ਨਾਲ ਮੋਢਾ ਲਾ ਕੇ ਖੜੇ ਹੋਏ ਹਨ। ਨਵੇਂ ਸਾਲ ਦੇ ਚੜ੍ਹਨ ਦੀ ਖ਼ੁਸ਼ੀ ਦੇ ਵਿੱਚ ਸਿੰਘੂ ਬਾਰਡਰ ਤੇ ਸਜਾਏ ਗਏ ਨਗਰ ਕੀਰਤਨ, ਜਿਸ ਵਿੱਚ ਧਰਨੇ ਤੇ ਪਹੁੰਚੇ ਹਰ ਧਰਮ ਦੇ ਲੋਕਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ ਤੇ ਗੁਰੂ ਮਹਾਰਾਜ ਦਾ ਓਟ ਆਸਰਾ ਲੈਂਦੇ ਹੋਏ ਕਿਸਾਨੀ ਸੰਘਰਸ਼ ਵਿੱਚ ਏਕਾ ਬਣਾਈ ਰੱਖਣ ਤੇ ਜਿੱਤ ਦੀ ਅਰਦਾਸ ਕੀਤੀ ਗਈ। ਨਗਰ ਕੀਰਤਨ ਦਾ ਇੱਕਠ ਤੇ ਲੋਕਾਂ ਦਾ ਉਤਸ਼ਾਹ ਵੇਖਦਿਆਂ ਹਰ ਇਨਸਾਨ ਵਿੱਚ ਇਕ ਵੱਖਰੀ ਤਰੰਗ ਵੇਖਣ ਨੂੰ ਮਿਲੀ, ਜੋ ਕਹਿ ਰਹੀ ਸੀ ਕਿ ਅਸੀ ਸਾਰੇ ਇੱਕ ਹਾਂ ਤੇ ਅਪਣੇ ਹੱਕਾਂ ਲਈ ਆਖਰੀ ਦਿਨ ਤੱਕ ਲੜਦੇ ਰਹਾਂਗੇ। ਇਸ ਨਵੇਂ ਸਾਲ ਦੇ ਸਮਾਗਮ ਨੇ ਪੂਰੀ ਦੁਨੀਆ ਵਿੱਚ ਸੰਘਰਸ਼ ਦੇ ਏਕੇ ਤੇ ਹੌਸਲੇ ਦੀ ਝੰਡੀ ਹੋਰ ਉੱਚੀ ਕਰ ਦਿੱਤੀ।
ਮਨਿੰਦਰ ਸਿੰਘ ਘੜਾਮਾਂ
9779390233