– ਸ਼ਾਮ ਸਿੰਘ, ਅੰਗ ਸੰਗ
ਭਾਰਤ ਦੇ ਨੇਤਾ ਜਿੰਨੇ ਮਰਜ਼ੀ ਦਮਗਜੇ ਮਾਰੀ ਜਾਣ, ਪਰ ਭਾਰਤੀ ਲੋਕ ਅਜੇ ਲੋਕਤੰਤਰ ਦੇ ਹਾਣੀ ਨਹੀਂ ਹੋ ਸਕੇ। ਕਈ ਖੇਤਰਾਂ ਵਿੱਚ ਬਿਜਲੀ ਨਾ ਪਹੁੰਚਣ ਵਾਂਗ ਸਿੱਖਿਆ ਦੇਣ ਦਾ ਪ੍ਰਬੰਧ ਵੀ ਨਹੀਂ ਕੀਤਾ ਜਾ ਸਕਿਆ। ਸਿਹਤ ਸਹੂਲਤਾਂ ਨੂੰ ਵਿਲਕਦੇ ਲੋਕ ਨਿੱਤ ਜਾਨ ਤੋਂ ਹੱਥ ਧੋਈ ਜਾ ਰਹੇ ਹਨ, ਪਰ ਦੇਸ਼ ਦੀਆਂ ਸਰਕਾਰਾਂ ਨੂੰ ਕੋਈ ਪਰਵਾਹ ਨਹੀਂ। ਇੱਥੇ ਜਿੰਨੇ ਉਪਰਾਲੇ ਜਾਨਾਂ ਨੂੰ ਖ਼ਤਮ ਕਰਨ ਦੇ ਕੀਤੇ ਜਾ ਰਹੇ ਹਨ, ਓਨੇ ਬਚਾਉਣ ਦੇ ਕਿਤੇ ਵੀ ਨਹੀਂ ਕੀਤੇ ਜਾ ਰਹੇ। ਮਨੁੱਖੀ ਜੀਵਨ ਅੰਤਾਂ ਦੇ ਸਸਤੇ ਹੋ ਕੇ ਰਹਿ ਗਏ।
ਜੇਕਰ ਲੋਕਾਂ ਨੂੰ ਲੋਕਤੰਤਰ ਬਾਰੇ ਸੂਝ-ਬੂਝ ਦਿੱਤੀ ਜਾਵੇ ਤਾਂ ਵੋਟਾਂ ਪੈਣ ਵੇਲੇ ਗਲੇ ਪਾੜ-ਪਾੜ ਕੇ ਲੰਮੇ-ਚੌੜੇ ਭਾਸ਼ਣ ਦੇਣ ਦੀ ਲੋੜ ਹੀ ਨਾ ਪਵੇ। ਭਾਸ਼ਣਾਂ ਵਿੱਚ ਇੱਕ-ਦੂਜੇ ‘ਤੇ ਦੂਸ਼ਣਬਾਜ਼ੀ ਦੀ ਏਨੀ ਭਰਮਾਰ ਹੁੰਦੀ ਹੈ ਕਿ ਉਸ ਵਿੱਚੋਂ ਰਾਜਨੀਤਕ ਵਿਚਾਰ ਲੱਭਦੇ ਹੀ ਨਹੀਂ। ਭਾਵੁਕ ਹੋਏ ਨੇਤਾਜਨ ਏਨੀਆਂ ਨੀਵਾਣਾਂ ਤੱਕ ਚਲੇ ਜਾਂਦੇ ਹਨ ਕਿ ਸੁਣਨ ਵਾਲੇ ਸ਼ਰਮਸਾਰ ਹੋਏ ਬਿਨਾਂ ਨਹੀਂ ਰਹਿੰਦੇ। ਲੋਕਤੰਤਰ ਵਿੱਚ ਹੋਰ ਵੀ ਏਨੀਆਂ ਘਾਟਾਂ ਹਨ, ਜਿਵੇਂ ਪਾਟੇ ਹੋਏ ਕੱਪੜੇ ਦੀਆਂ ਲੀਰਾਂ ਲਮਕਦੀਆਂ ਹੋਣ।
ਸਰਕਾਰ, ਵਿਰੋਧੀ ਧਿਰਾਂ ਅਤੇ ਦੇਸ਼ ਦਾ ਸੁਪਰੀਮ ਕੋਰਟ ਦੇਸ਼ ਦੇ ਲੋਕਤੰਤਰ ਨੂੰ ਚਲਾਉਣ ਵਾਲੇ ਸੰਵਿਧਾਨ ਨੂੰ ਬਚਾਉਣ ਦੇ ਭਰਵੇਂ ਜਤਨ ਕਰ ਰਹੇ ਹਨ ਪਰ ਪਵਿੱਤਰ ‘ਸੰਵਿਧਾਨ’ ਦੀ ਰੱਖਿਆ ਨਹੀਂ ਹੋ ਰਹੀ ਕਿਉਂਕਿ ਦੇਸ਼ ਕੋਲ ਕੋਈ ਸੰਵਿਧਾਨ ਸੈਨਾ ਨਹੀਂ, ਜਿਹੜੀ ਸਦਾ ਇਸ ਨੂੰ ਬਚਾਉਣ ਵਾਸਤੇ ਲੱਗੀ ਰਹੇ। ਸਰਕਾਰ ਮਨਮਰਜ਼ੀ ਕਰ ਰਹੀ ਹੈ, ਜਿਸ ਨੂੰ ਰੋਕਣ ਲਈ ਵਿਰੋਧੀ ਧਿਰਾਂ ਆਵਾਜ਼ ਬੁਲੰਦ ਕਰਦੀਆਂ ਹਨ ਅਤੇ ਕਦੇ-ਕਦੇ ਅਦਾਲਤਾਂ ਵੀ। ਜੇ ਸੁਪਰੀਮ ਕੋਰਟ ਦੀ ਵੀ ਨਾ ਮੰਨੀ ਜਾਵੇ ਤਾਂ ਉਸ ਤੋਂ ਉੱਚੀ ਕੋਈ ਥਾਂ ਨਹੀਂ।
ਅੱਜ ਹਰ ਸਿਆਸੀ ਪਾਰਟੀ ‘ਤੇ ਵਿਸ਼ਵਾਸ ਘਟਿਆ ਹੈ ਅਤੇ ਸ਼ੱਕ ਵਧੀ ਹੈ, ਕਿਉਂਕਿ ਦਿੱਤੇ ਭਰੋਸੇ ਤੋੜੇ ਜਾ ਰਹੇ ਹਨ ਅਤੇ ਕੀਤੇ ਵਾਅਦੇ ਪੂਰੇ ਹੀ ਨਹੀਂ ਕੀਤੇ ਜਾਂਦੇ। ਦੇਸ਼ ਦੇ ਭੋਲੇ-ਭਾਲੇ ਲੋਕ ਬੇਬਸੀ ਦੇ ਆਲਮ ਵਿੱਚ ਕੋਈ ਕਦਮ ਭਰਨ ਦੇ ਸਮਰੱਥ ਨਹੀਂ ਹੁੰਦੇ। ਵੋਟ ਪੁਆਈ ਘੜੀ ਬਿਤਾਈ ਮੁੜ ਸਰਕਾਰ ਕਦੇ ਵੀ ਨਾ ਆਈ। ਇਸ ਤਰ੍ਹਾਂ ਲੋਕਤੰਤਰ ਦਾ ਅਸਲ ਅਰਥ ਹੀ ਗੁਆਚ ਕੇ ਰਹਿ ਜਾਂਦਾ ਹੈ, ਕਿਉਂਕਿ ਲੋਕਾਂ ਅਤੇ ਸਰਕਾਰ ਵਿੱਚ ਨੇੜਤਾ ਹੀ ਨਹੀਂ ਰਹਿੰਦੀ। ਚਾਹੀਦਾ ਤਾਂ ਇਹ ਹੈ ਕਿ ਗੌਰਮਿੰਟ ਮਿੰਟ-ਮਿੰਟ ‘ਤੇ ਗੌਰ ਕਰਦੀ ਰਹੇ।
ਦੇਸ਼ ਦੇ ਪਹਿਲੇ ਸਿਆਸੀ ਨੇਤਾਵਾਂ ਨੇ ਇਹ ਇੱਛਾ ਪ੍ਰਗਟ ਕੀਤੀ ਸੀ ਕਿ ਭਾਰਤ ਵਿੱਚ ਰਾਜ ਕਰ ਰਿਹਾ ਬਰਤਾਨੀਆਂ ਇੱਥੇ ਵੀ ਆਪਣੇ ਵਰਗੀਆਂ ਲੋਕਤੰਤਰਿਕ ਸੰਸਥਾਵਾਂ ਕਾਇਮ ਕਰੇ, ਪਰ ਨਾਲ ਦੀ ਨਾਲ ਉਨ੍ਹਾਂ ਅੱਗੇ ਇਹ ਸਵਾਲ ਵੀ ਵਾਰ-ਵਾਰ ਆ ਖੜ੍ਹਦਾ ਰਿਹਾ ਕਿ ਕੀ ਭਾਰਤੀ ਅਜਿਹੀਆਂ ਸੰਸਥਾਵਾਂ ਦੇ ਹਾਣ ਦੇ ਵੀ ਹਨ ਜਾਂ ਨਹੀਂ? ਇੱਥੇ ਉਹ ਹਾਲਾਤ ਨਹੀਂ ਸਨ ਕਿ ਬਰਤਾਨੀਆ ਦੀ ਲੋਕਤੰਤਰਿਕ ਪ੍ਰਣਾਲੀ ਵਾਲੀਆਂ ਸੰਸਥਾਵਾਂ ‘ਤੇ ਚੱਲਿਆ ਜਾਂਦਾ। ਹਾਣ ਬਿਨਾਂ ਕੁਝ ਨਹੀਂ ਹੁੰਦਾ।
ਭਾਰਤ ਦੀ ਸਥਿਤੀ ਬਰਤਾਨੀਆ ਨਾਲੋਂ ਵੱਖਰੀ ਹੋਣ ਕਰਕੇ ਵਿਦਵਾਨ ਜਾਨ ਸਟੂਬਰਟ ਬਿਲ ਨੇ ਭਾਰਤ ਦੇ ਅਧਿਐਨ ਦੀ ਸਲਾਹ ਦਿੱਤੀ ਸੀ ਜਦਕਿ ਵਾਇਸਰਾਏ ਡਫਰਿਨ ਨੇ ਸਾਫ਼ ਸਪੱਸ਼ਟ ਕਿਹਾ ਸੀ ਕਿ ਭਾਰਤ ਵਿੱਚ ਲੋਕਤੰਤਰੀ ਪ੍ਰਣਾਲੀ ਸ਼ੁਰੂ ਕਰਨੀ ਹਨੇਰੇ ਵਿੱਚ ਕੁੱਦਣ ਵਰਗੀ ਗੱਲ ਹੋਵੇਗੀ। ਯਾਦ ਰਹੇ ਕਿ ਬਰਤਾਨੀਆ ਵਿੱਚ ਵੀ ਇਹ ਪ੍ਰਣਾਲੀ ਇਕਦਮ ਸ਼ੁਰੂ ਨਹੀਂ ਸੀ ਹੋ ਸਕੀ। ਉੱਚ ਅਹੁਦਿਆਂ ‘ਤੇ ਬੈਠੇ ਹੋਰਨਾਂ ਨੇ ਵੀ ਰਾਇ ਪ੍ਰਗਟ ਕਰਦਿਆਂ ਕਿਹਾ ਸੀ ਕਿ ਖੇਤਰੀ ਭਾਵਨਾਵਾਂ, ਜਾਤ-ਪਾਤ ਅਤੇ ਕਈ ਇੱਕ ਧਰਮਾਂ ਵਿੱਚ ਵੰਡੇ ਭਾਰਤ ਵਿੱਚ ਲੋਕਤੰਤਰੀ ਪ੍ਰਣਾਲੀ ਸਫਲ ਨਹੀਂ ਹੋ ਸਕਦੀ।
ਵਰ੍ਹਿਆਂ ਦੇ ਵਰ੍ਹੇ ਗੁਜ਼ਰ ਜਾਣ ਬਾਅਦ ਆਜ਼ਾਦੀ ਵਿੱਚ ਵਿਚਰਦਿਆਂ ਵੀ ਦੇਸ਼ ਦੇ ਲੋਕ ਉਸ ਸੂਝ-ਬੂਝ ਨੂੰ ਹਾਸਲ ਨਹੀਂ ਕਰ ਸਕੇ, ਜਿਸ ਬਿਨਾਂ ਲੋਕਤੰਤਰ ਬੁਲੰਦੀਆਂ ‘ਤੇ ਨਹੀਂ ਪਹੁੰਚ ਸਕਦਾ। ਲੋਕਤੰਤਰ ਵਿੱਚ ਬਹੁਮਤ ਦਾ ਰਾਜ ਹੁੰਦਾ ਹੈ, ਜਿਸ ਦੇ ਹੁਕਮਾਂ ਨੂੰ ਘੱਟ ਗਿਣਤੀਆਂ ਸਵੀਕਾਰ ਕਰਨ ਲਈ ਤਿਆਰ ਹੋਣ। ਉਹ ਰਾਜਸੀ ਪਾਰਟੀਆਂ ਹੋਣ, ਜਿਹੜੀਆਂ ਦੇਸ਼ ਦੇ ਸਮੁੱਚੇ ਲੋਕਾਂ ਦੀ ਬਿਹਤਰੀ ਬਾਰੇ ਕਦਮ ਉਠਾਉਣ ਲਈ ਤਿਆਰ ਹੋਣ, ਨਾ ਕਿ ਸਮਾਜ ਦੇ ਵੱਖ-ਵੱਖ ਵਰਗਾਂ ਅਤੇ ਧਰਮਾਂ ਦੀ ਪੁਸ਼ਤਪਨਾਹੀ ਕਰਨ।
ਭਾਰਤ ਦੀਆਂ ਬਹੁਤ ਸਾਰੀਆਂ ਸਿਆਸੀ ਪਾਰਟੀਆਂ ਅਜੇ ਵੀ ਸੱਭਿਅਕ ਹੋ ਕੇ ਦੇਸ਼ ਦੇ ਜ਼ਰੂਰੀ ਮੁੱਦਿਆਂ ‘ਤੇ ਚੱਲਣ ਦੀ ਬਜਾਏ ਵੋਟ ਬੈਂਕ ਲਈ ਸਹਾਈ ਹੁੰਦੀਆਂ ਸਸਤੀਆਂ ਨੀਤੀਆਂ ਅਪਣਾਉਂਦੀਆਂ ਹਨ, ਜਿਸ ਕਾਰਨ ਲੋਕਤੰਤਰੀ ਭਾਵਨਾ ਆਪਣੇ ਪੈਰ ਨਹੀਂ ਪਸਾਰ ਸਕਦੀ। ਦੇਸ਼ ਦੇ ਨੇਤਾ ਲੋਕਾਂ ਨੂੰ ਚੇਤੰਨ ਕਰਨ ਦੇ ਹੱਕ ਵਿੱਚ ਨਹੀਂ, ਕਿਉਂਕਿ ਜੇ ਲੋਕ ਜਾਗ੍ਰਿਤ ਹੋ ਗਏ ਤਾਂ ਉਹ ਨੇਤਾਵਾਂ ‘ਤੇ ਸਵਾਲ ਵੀ ਕਰਨਗੇ ਅਤੇ ਭਾਰੂ ਹੋਣ ਦਾ ਯਤਨ ਵੀ ਕਰਨਗੇ।
ਅੱਜ ਭਾਰਤ ਦੇ ਨੇਤਾ ਲੋਕਾਂ ਨੂੰ ਲਾਲਚ ਦਿੰਦੇ ਹਨ ਅਤੇ ਵਾਅਦਿਆਂ ਦੇ ਹੈਂਗਰ ‘ਤੇ ਟੰਗਦੇ ਹਨ, ਜਿਨ੍ਹਾਂ ਤੋਂ ਮੁੜ ਉਤਾਰਨ ਦਾ ਚੇਤਾ ਹੀ ਨਹੀਂ ਰੱਖਦੇ। ਕਰਜ਼ੇ ਮਾਫ਼ ਕਰਨੇ, ਨੌਕਰੀਆਂ ਦੇਣੀਆਂ, ਲੈਪਟਾਪ ਵੰਡਣ ਦੇ ਮਸਲੇ, ਸਮਾਰਟ ਫੋਨ ਦੇਣੇ ਅਤੇ ਇਸ ਤਰ੍ਹਾਂ ਦੇ ਹੋਰ ਲਾਰੇ ਭਾਰਤੀ ਵੋਟਰਾਂ ਨੂੰ ਭਰਮਾਉਂਦੇ ਹਨ, ਜਿਨ੍ਹਾਂ ਕਾਰਨ ਸਰਕਾਰ ਬਣਾਉਣ ਵਾਲੇ ਸਰਕਾਰ ਬਣਾ ਲੈਂਦੇ ਹਨ ਅਤੇ ਦੇਸ਼ ਦਾ ਲੋਕਤੰਤਰ ਸਿੱਧ ਹੁੰਦਾ ਹੈ ਕਿ ਲੋਕ ਅਜੇ ਇਸ ਦੇ ਹਾਣ ਦੇ ਨਹੀਂ ਹੋਏ।
ਚੰਗਾ ਹੋਵੇ ਜੇ ਦੇਸ਼ ਦੇ ਲੋਕਤੰਤਰ ਦੀਆਂ ਨੀਹਾਂ ਪੰਚਾਇਤਾਂ ਨੂੰ ਮਜ਼ਬੂਤ ਕੀਤਾ ਜਾਵੇ। ਹੋਰ ਲੋਕਤੰਤਰੀ ਸੰਸਥਾਵਾਂ ਨੂੰ ਤਰਜੀਹ ਵੀ ਦਿੱਤੀ ਜਾਵੇ, ਤਵੱਜੋ ਵੀ ਅਤੇ ਅਹਿਮੀਅਤ ਵੀ, ਤਾਂ ਕਿ ਲੋਕਤੰਤਰ ਨੂੰ ਮਜ਼ਬੂਤੀ ਮਿਲ ਸਕੇ। ਦੇਸ਼ ਦੇ ਨੇਤਾਵਾਂ ਦੀ ਕਾਰਗੁਜ਼ਾਰੀ ਤਾਂ ਹੀ ਚੰਗੀ ਸਮਝੀ ਜਾ ਸਕਦੀ ਹੈ, ਜੇਕਰ ਉਹ ਲੋਕਤੰਤਰ ਦੇ ਮਿਆਰ ਨੂੰ ਸਦਾ ਹੀ ਉੱਚਾ ਚੁੱਕਣ ਦਾ ਜਤਨ ਕਰਨ, ਨਾ ਕਿ ਨੀਵਾਂ ਕਰਨ ਦਾ। ਦੇਸ਼ ਦੇ ਲੋਕ ਖ਼ੁਦ ਵੀ ਹੰਭਲਾ ਮਾਰਨ ਅਤੇ ਆਪਣੇ ਆਪ ਤੋਂ ਉੱਚਾ ਉੱਠ ਕੇ ਲੋਕਤੰਤਰੀ ਪ੍ਰਣਾਲੀ ਦੇ ਹਾਣ ਦੇ ਹੋਣ।
ਲੋਕਤੰਤਰੀ ਪ੍ਰਣਾਲੀ ਦੇ ਹਾਣੀ ਨਾ ਹੋਣ ਕਾਰਨ ਦੇਸ਼ ਅੱਗੇ ਨਹੀਂ ਵਧ ਸਕਦਾ ਅਤੇ ਲੋੜੀਂਦਾ ਵਿਕਾਸ ਨਹੀਂ ਕਰ ਸਕਦਾ। ਜ਼ਰੂਰੀ ਹੈ ਕਿ ਨੇਤਾ-ਲੋਕ ਦੇਸ਼ ਦੀ ਜਨਤਾ ਨਾਲ ਮਿਲ ਕੇ ਲੋਕਤੰਤਰ ਦੇ ਮੁੱਲਾਂ ਅਤੇ ਮਿਆਰਾਂ ਨੂੰ ਬਣਾਈ ਰੱਖਣ ਲਈ ਕਾਰਜ ਕਰਨ। ਲੋਕਤੰਤਰ ਦੇ ਹਾਣੀ ਹੋਏ ਬਿਨਾਂ ਦੂਜੇ ਮੁਲਕਾਂ ਦੇ ਮੋਢੇ ਨਾਲ ਮੋਢਾ ਮਿਲਾ ਕੇ ਨਹੀਂ ਤੁਰਿਆ ਜਾ ਸਕਦਾ। ਅੱਜ ਦੇ ਯੁੱਗ ਵਿੱਚ ਪੱਛੜ ਕੇ ਰਹਿਣਾ ਠੀਕ ਨਹੀਂ, ਕਿਉਂਕਿ ਵਿਗਿਆਨਕ ਕਾਢਾਂ ਮਨੁੱਖ ਲਈ ਏਨੀਆਂ ਸਹੂਲਤਾਂ ਪੈਦਾ ਕਰ ਰਹੀਆਂ ਹਨ, ਜਿਹੜੀਆਂ ਇੱਕ-ਦੂਜੇ ਦੇਸ਼ ਤੋਂ ਲੈ ਦੇ ਕੇ ਹੀ ਸਰ ਸਕਦਾ ਹੈ, ਇਕੱਲਿਆਂ ਰਹਿ ਕੇ ਨਹੀਂ। ਕੇਵਲ ਲੋਕਤੰਤਰ ਦੇ ਹਾਣ ਦੇ ਹੀ ਨਹੀਂ, ਸਗੋਂ ਅੱਜ ਦੇ ਹਾਣੀ ਬਣੇ ਬਗੈਰ ਵੀ ਨਹੀਂ ਸਰਨਾ।
ਸਾਹਿਤ ਦਾ ਦੇਵ ਨਹੀਂ ਰਿਹਾ
ਦੇਵ ਭਾਰਦਵਾਜ ਕਹਾਣੀਕਾਰ, ਨਾਵਲਕਾਰ ਵੀ ਸੀ ਅਤੇ ਸੰਪਾਦਕ ਵੀ। ਉਸ ਨੇ ਦੇਸ਼-ਵਿਦੇਸ਼ ਵਿੱਚ ਸਾਹਿਤਕ ਰੌਣਕਾਂ ਲਾਈਆਂ ਹੋਈਆਂ ਸਨ। ਉਹ ਇਕੱਲਾ ਹੀ ਕਿਸੇ ਵੱਡੀ ਸੰਸਥਾ ਜਿੰਨਾ ਕੰਮ ਕਰੀ ਜਾਂਦਾ ਸੀ ਅਤੇ ਕਿਸੇ ਦੀ ਉਡੀਕ ਨਹੀਂ ਸੀ ਕਰਦਾ।
ਗੁਰਦਾਸਪੁਰ ਜ਼ਿਲ੍ਹੇ ਦੇ ਛੋਟੇ ਜਿਹੇ ਪਿੰਡ ਮਰ੍ਹੜ ਅੰਦਰ ਜਨਮ ਲੈ ਕੇ ਉਹ ਉਡਾਰੀ ਭਰਦਿਆਂ ਦੇਰ ਪਹਿਲਾਂ ਚੰਡੀਗੜ੍ਹ ਪਹੁੰਚ ਗਿਆ, ਜਿੱਥੇ ਸਿੱਖਿਆ ਨਾਲ ਸੰਬੰਧਤ ਡੀ ਪੀ ਆਈ ਕਾਲਜਜ਼ ਵਿੱਚ ਨੌਕਰੀ ਕਰਦਾ ਰਿਹਾ। ਸੁਪਰਡੈਂਟ ਦੀ ਪਦਵੀ ਤੋਂ ਰਿਟਾਇਰ ਹੋ ਕੇ ਉਸ ਨੇ ਸਾਹਿਤਕ ਸਮਾਗਮਾਂ ਦੀ ਲੜੀ ਸ਼ੁਰੂ ਕਰ ਲਈ। ਪੈਸਾ ਨਾ ਧੇਲਾ ਪਰ ਸਾਰੇ ਕੰਮ ਬੜੀ ਸੌਖੀ ਤਰ੍ਹਾਂ ਨੇਪਰੇ ਚਾੜ੍ਹਦਾ ਰਹਿੰਦਾ। ਚੰਡੀਗੜ੍ਹ, ਕੁਰੂਕਸ਼ੇਤਰ, ਆਗਰਾ, ਉਦੈਪੁਰ, ਥਿਰੂਵਨੰਤਾਪੁਰਮ, ਭੁਵਨੇਸ਼ਵਰ ਅਤੇ ਹੋਰ ਸ਼ਹਿਰਾਂ ਵਿੱਚ ਉਸ ਨੇ ਸਾਹਿਤਕ ਸਮਾਗਮ ਕਰ ਕੇ ਮੇਲਿਆਂ ਵਰਗਾ ਮਾਹੌਲ ਪੈਦਾ ਕੀਤਾ। ਉਸ ਦਾ ਆਖ਼ਰੀ ਸਮਾਗਮ ਇੰਦੌਰ ਵਿੱਚ ਸੀ, ਜੋ ਬੜਾ ਹੀ ਸਫ਼ਲ ਤੇ ਰੌਣਕੀਲਾ ਰਿਹਾ।
ਉਸ ਦੀਆਂ ਲਿਖਤਾਂ ‘ਨਾਗਮਣੀ’ ਵਿੱਚ ਛਪੀਆਂ। ਉਹ ਖ਼ੁਦ ‘ਕਾਫ਼ਲਾ ਇੰਟਰਨੈਸ਼ਨਲ’ ਅੰਗਰੇਜ਼ੀ ਮੈਗਜ਼ੀਨ ਕੱਢਦਾ ਰਿਹਾ, ਜਿਸ ਨੂੰ ਦੇਸ਼-ਵਿਦੇਸ਼ ਦੇ ਲੇਖਕਾਂ ਤੱਕ ਪਹੁੰਚਾਉਂਦਾ ਰਿਹਾ। ਉਹ ‘ਅੰਗ ਸੰਗ ਪੰਜਾਬ’ ਦਾ ਸੰਪਾਦਕ ਬਣ ਕੇ ਮੇਰੇ ਨਾਲ ਕੰਮ ਕਰਦਾ ਰਿਹਾ। ਉਸ ਨੇ ਨਾਟਕ ਵੀ ਲਿਖੇ। ਇੱਕ ਨਾਟਕ ‘ਕਿਸ਼ਨਾ’ ਤਾਂ ਉਹ ਚੈਕੋਸਲਵਾਕੀਆ ਵਿੱਚ ਖੇਡ ਕੇ ਆਇਆ। ਉਸ ਨੇ ਕਈ ਮੁਲਕਾਂ ਦੀ ਸੈਰ ਕੀਤੀ ਅਤੇ ਦੋਸਤ ਕਮਾਏ।
ਉਸ ਨੇ ਕੇਵਲ ਪੰਜਾਬੀ ਸਾਹਿਤ ਅਤੇ ਸੱਭਿਆਚਾਰ ਦੀ ਤਰੱਕੀ ਅਤੇ ਪਸਾਰ ਲਈ ਕੰਮ ਨਹੀਂ ਕੀਤਾ, ਸਗੋਂ ਦੂਜੀਆਂ ਭਾਸ਼ਾਵਾਂ ਅਤੇ ਦੂਜੀਆਂ ਕਲਾਵਾਂ ਲਈ ਵੀ ਬਾਹਾਂ ਅੱਡੀ ਰੱਖੀਆਂ। ਉਸ ਦੀ ਗਲਵੱਕੜੀ ਬੜੀ ਵਿਸ਼ਾਲ ਸੀ, ਜਿਸ ਵਿੱਚ ਕਈ ਮੁਲਕ ਨਿੱਘ ਨਾਲ ਵਸ ਰਹੇ ਸਨ। ਕੁਝ ਸਮਾਂ ਪਹਿਲਾਂ ਉਸ ਦਾ ਛੋਟਾ ਪੁੱਤਰ ਰਮਨ ਆਰਟਿਸਟ ਵੀ ਅਮਰੀਕਾ ਜਾ ਵਸਿਆ ਤਾਂ ਉਹ ਵੀ ਮਗਰ ਤੁਰ ਗਿਆ, ਕਿਉਂਕਿ ਦੇਵ ਆਪਣੀ ਪਤਨੀ ਦੇ ਤੁਰ ਜਾਣ ਬਾਅਦ ਇਕੱਲਾ ਰਹਿ ਗਿਆ ਸੀ, ਪਰ ਉਹ ਜੁਲਾਈ ਵਿੱਚ ਹੀ ਏਧਰ ਆਇਆ ਸੀ ਅਤੇ 2019 ਦੇ ਅਪ੍ਰੈਲ ਵਿੱਚ ਉਸ ਨੇ ਅਮਰੀਕਾ ਪਰਤ ਜਾਣਾ ਸੀ, ਪਰ ਉਸ ਨੂੰ ਹੁਣ ਤਾਂ ਉਹ ਯਾਤਰਾ ਕਰਨੀ ਪੈ ਗਈ ਜਿੱਥੋਂ ਅੱਜ ਤੱਕ ਕੋਈ ਵੀ ਸ਼ਖਸ ਕਦੇ ਵਾਪਸ ਨਹੀਂ ਪਰਤਿਆ।
ਦੇਵ ਦਾ ਸਾਹਿਤਕ ਕਾਫ਼ਲਾ ਤੁਰਦਾ ਰਹੇਗਾ ਉਸ ਦੇ ਸਾਥੀ ਇਸ ਮਿਸ਼ਾਲ ਨੂੰ ਜਗਦੀ ਰੱਖਣਗੇ। ਦੇਵ ਨੂੰ ਅਲਵਿਦਾ ਕਹਿੰਦਿਆਂ ਹਰ ਇੱਕ ਦੇ ਨੇਤਰਾਂ ਵਿੱਚ ਕਈ ਦਰਿਆ ਵਹਿੰਦੇ ਰਹਿਣਗੇ। ਉਹ ਇਸ ਲਈ ਵੀ ਹਰਮਨ-ਪਿਆਰਾ ਸੀ ਕਿ ਉਹ ਵੱਖ-ਵੱਖ ਕਵੀਆਂ ਦੀਆਂ ਰਚਨਾਵਾਂ ਨੂੰ ਪਸੰਦ ਵੀ ਕਰਦਾ ਸੀ ਅਤੇ ਸੁਰ ਗਾ ਵੀ ਲੈਂਦਾ ਸੀ।
ਲਤੀਫੇ ਦਾ ਚਿਹਰਾ-ਮੋਹਰਾ
ਰਾਮੂ ਨੇ ਬਹੁਤ ਹਿੰਮਤ ਕਰਕੇ ਆਪਣੀ ਪਸੰਦ ਦੀ ਲੜਕੀ ਨੂੰ ਵਿਆਹ ਕਰਾਉਣ ਦੀ ਪੇਸ਼ਕਸ਼ ਕਰ ਦਿੱਤੀ।
ਲੜਕੀ ਨੇ ਤੁਰਤ ਹੀ ਨਾਂਹ ਕਰਦਿਆਂ ਕਿਹਾ ਕਿ ਤੇਰੇ ਨਾਲ ਵਿਆਹ ਕਰਵਾਉਣ ਨਾਲੋਂ ਪਹਿਲਾਂ ਮਰਨਾ ਚੰਗਾ ਸਮਝਾਂਗੀ।
ਮਾਯੂਸੀ ਦੇ ਘੋਰ ਆਲਮ ਵਿਚ ਰਾਮੂ ਬੋਲਿਆ, ਇਹ ਕੀ ਹੋਇਆ ਮਰ ਜਾਣਾ ਚੰਗਾ ਸਮਝਾਂਗੀ – ਪਰ ਕੀ ਤੂੰ ਕਿਸੇ ਗਰੀਬ ਦਾ ਭਲਾ ਨਹੀਂ ਕਰ ਸਕਦੀ।